ਕੈਲੀਫੋਰਨੀਆ ਦੀ ਸ਼ਾਇਰਾ ਨੀਲਮ ਸੈਣੀ ਦੀ ਟੋਰਾਂਟੋ ਵਿਚ ਸਾਹਿਤ ਮਿਲਣੀ

ਕੈਲੀਫੋਰਨੀਆ ਦੀ ਸ਼ਾਇਰਾ ਨੀਲਮ ਸੈਣੀ ਦੀ ਟੋਰਾਂਟੋ ਵਿਚ ਸਾਹਿਤ ਮਿਲਣੀ

ਕੈਪਸ਼ਨ-ਨੀਲਮ ਸੈਣੀ ਦਾ ਸਨਮਾਨ ਕਰਦੇ ਹੋਏ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਮੈਂਬਰ।
ਟੋਰਾਂਟੋ/ਬਿਊਰੋ ਨਿਊਜ਼ :
ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਕੈਲੇਫੋਰਨੀਆ ਤੋਂ ਆਈ ਲੇਖਿਕਾ ਨੀਲਮ ਸੈਣੀ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਭਾਵਪੂਰਤ ਮਿਲਣੀ ਵਿੱਚ ਟੋਰਾਂਟੋ ਦੀਆਂ ਪ੍ਰਮੁੱਖ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਅਧਿਆਪਨ ਨਾਲ ਜੁੜੀ ਨੀਲਮ ਸੈਣੀ ਦੀਆਂ ਹੁਣ ਤਕ ਛੇ ਕਿਤਾਬਾਂ ਛਪੀਆਂ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਦੀ ਪੰਜਾਬੀ ਲੋਕ ਗੀਤਾਂ ਅਤੇ ਰਹੁ ਰੀਤਾਂ ਬਾਰੇ ਵਡਮੁੱਲੀ ਜਾਣਕਾਰੀ ਭਰਪੂਰ ਕਿਤਾਬ ‘ਸਾਡੀਆਂ ਰਸਮਾਂ ਸਾਡੇ ਗੀਤ’ ਨੂੰ ਕਾਫੀ ਸਲਾਹਿਆ ਗਿਆ ਹੈ। ਸਭਾ ਵਿੱਚ ਨੀਲਮ ਸੈਣੀ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਅਤੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਫਾਊਂਡੇਸ਼ਨ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਮੰਚ ‘ਤੇ ਕੁਲਦੀਪ ਗਿੱਲ, ਬਲਰਾਜ ਚੀਮਾ ਅਤੇ ਭੁਪਿੰਦਰ ਦੁਲੇ ਬਿਰਾਜਮਾਨ ਸਨ ਅਤੇ ਬੈਠਕ ਦਾ ਸੰਚਾਲਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਕੁਲਜੀਤ ਜੰਜੂਆ ਨੇ ਕੀਤਾ। ਮਿਲਣੀ ਦੌਰਾਨ ਪਰਮ ਸਰਾਂ, ਰਿੰਟੂ ਭਾਟੀਆ, ਇਕਬਾਲ ਬਰਾੜ, ਪ੍ਰੋ. ਜਗੀਰ ਕਾਹਲੋਂ, ਸੁਖਿੰਦਰ, ਮਲੂਕ ਕਾਹਲੋਂ, ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਕਮਲਜੀਤ ਨੱਤ, ਸੁਰਜੀਤ ਕੌਰ ਅਤੇ ਰਾਜ ਘੁੰਮਣ ਨੇ ਆਪਣੇ ਕਲਾਮ ਪੜ੍ਹੇ ਅਤੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿਚ ‘ਜੀਟੀਏ’ ਦੀਆਂ ਸਾਰੀਆਂ ਸਿਰਕੱਢ ਸੰਸਥਾਵਾਂ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ’, ‘ਕਲਮਾਂ ਦਾ ਕਾਫ਼ਲਾ’, ‘ਫ਼ੋਰਮ ਫ਼ਾਰ ਪੀਸ ਐਂਡ ਜਸਟਿਸ’, ‘ਦਿਸ਼ਾ’ ਅਤੇ ਕਈ ਸੀਨੀਅਰ ਕਲੱਬਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸਭਾ ਦੀ ਮੀਤ ਪ੍ਰਧਾਨ ਸੁਰਜੀਤ ਨੇ ਨੀਲਮ ਸੈਣੀ ਦੀ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਨੀਲਮ ਸੈਣੀ ਸੁਘੜ ਸਿਆਣੀ ਧੀ, ਜ਼ਿੰਮੇਵਾਰ ਭੈਣ, ਚੰਗੀ ਪਤਨੀ ਤੇ ਮਾਂ ਹੈ ਜਿਸ ਨੇ ਆਪਣੇ ਫਰਜ਼ਾਂ ਦੀ ਪੂਰਤੀ ਦੇ ਨਾਲ ਨਾਲ ਸਾਹਿਤਕ ਹਲਕਿਆਂ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਅੱਜ ਕੱਲ੍ਹ ਉਹ ਤੀਆਂ ਅਤੇ ਲੋਹੜੀ ਵਰਗੇ ਮੇਲਿਆਂ ਦੀਆਂ ਸਟੇਜਾਂ ਨੂੰ ਵੀ ਚਾਰ ਚੰਨ ਲਾ ਰਹੀ ਹੈ। ਹੁਣ ਤੱਕ ਉਹ ਤਿੰਨ ਕਾਵਿ ਸੰਗ੍ਰਹਿ, ਇਕ ਪੁਸਤਕ ਦੀ ਸੰਪਾਦਨਾ, ਇਕ ਅੰਗ੍ਰੇਜ਼ੀ ਵਿਚ ਬਾਲ ਕਾਵਿ ਪੁਸਤਕ ਲਿਖ ਚੁੱਕੀ ਹੈ।