‘ਅਮਰੀਕੀ ਵਿਦਿਆਰਥੀ ਸਲਾਹਕਾਰ ਬੋਰਡ’ ਲਈ ਭਾਰਤੀ ਮੂਲ ਦੀ ਕੁੜੀ ਦੀ ਚੋਣ

‘ਅਮਰੀਕੀ ਵਿਦਿਆਰਥੀ ਸਲਾਹਕਾਰ ਬੋਰਡ’ ਲਈ ਭਾਰਤੀ ਮੂਲ ਦੀ ਕੁੜੀ ਦੀ ਚੋਣ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੀ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਅਮਰੀਕਾ ਵਿੱਚ ਅੱਲ੍ਹੜਾਂ ਨੂੰ ਸਿੱਖਿਆ ਦੇ ਮੌਕੇ ਮੁਹੱਈਆ ਕਰਾਉਣ ਸਬੰਧੀ ਇਕ ਸਿੱਖਿਆ ਮੁਹਿੰਮ ਦੇ ਵਿਦਿਆਰਥੀ ਸਲਾਹਕਾਰ ਬੋਰਡ ਲਈ ਭਾਰਤੀ ਮੂਲ ਦੀ 16 ਸਾਲਾ ਅਮਰੀਕੀ ਕੁੜੀ ਸ਼ਵੇਤਾ ਪ੍ਰਭਾਕਰਨ ਦੀ ਚੋਣ ਕੀਤੀ ਹੈ। ਕੰਪਿਊਟਰ ਵਿਗਿਆਨ ਦੇ ਖੇਤਰ ਵਿੱਚ ਸਿੱਖਿਅਤ ਕਰਨ ਲਈ ਸ਼ਵੇਤਾ ਦੇ ਯਤਨਾਂ ਨੂੰ ਦੇਖਦਿਆਂ ਉਸ ਨੂੰ ‘ਬੈਟਰ ਮੇਕ ਰੂਮ’ ਮੁਹਿੰਮ ਵਿੱਚ ਵਿਦਿਆਰਥੀ ਸਲਾਹਕਾਰ ਬੋਰਡ ਲਈ ਚੁਣਿਆ ਗਿਆ ਹੈ। ਸ਼ਵੇਤਾ ਦੇ ਮਾਪੇ ਸਾਲ 1988 ਵਿਚ ਤਾਮਿਲ ਨਾਡੂ ਦੇ ਤਿਰੂਨੇਲਵੇਲੀ ਤੋਂ ਇਥੇ ਆ ਕੇ ਵਸ ਗਏ ਸਨ।
ਬੋਰਡ ਦੇ ਮੈਂਬਰ ਮਿਸ਼ੇਲ ਦੇ ਸਕੂਲ ਕਾਊਂਸਲਰ ਆਫ ਦਿ ਯੀਅਰ ਸਮਾਗਮ ਵਿੱਚ ਹਿੱਸਾ ਲੈਣ ਲਈ ਵ੍ਹਾਈਟ ਹਾਊਸ ਜਾਣਗੇ। ਇੰਡੀਆਨਾਪੋਲਿਸ ਵਿੱਚ ਜਨਮੀ ਸ਼ਵੇਤਾ ਉਨ੍ਹਾਂ 17 ਵਿਦਿਆਰਥੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ‘ਬੈਟਰ ਮੇਕ ਰੂਮ’ ਮੁਹਿੰਮ ਦੇ ਵਿਦਿਆਰਥੀ ਸਲਾਹਕਾਰ ਬੋਰਡ ਲਈ ਚੁਣਿਆ ਗਿਆ ਹੈ। ਬੋਰਡ ਵਿੱਚ ਹਾਈ ਸਕੂਲ ਦੇ 12 ਵਿਦਿਆਰਥੀ ਅਤੇ ਕਾਲਜ ਦੇ ਪੰਜ ਵਿਦਿਆਰਥੀ ਸ਼ਾਮਲ ਹਨ। ਸ਼ਵੇਤਾ ਨੌਜਵਾਨਾਂ ਦੀ ਅਗਲੀ ਪੀੜ੍ਹੀ ਨੂੰ ਇੰਜਨੀਅਰ, ਸਾਇੰਸਦਾਨ ਅਤੇ ਉੱਦਮੀ ਬਣਾਉਣ ਲਈ ਸ਼ਕਤੀਕਰਨ ਕਰਨ ਵਾਲੀ ਇਕ ਗ਼ੈਰਸਰਕਾਰੀ ਸੰਸਥਾ ‘ਐਵਰੀਬਾਡੀ ਕੋਡ ਨਾਓ’ ਦੀ ਸੀਈਓ ਤੇ ਬਾਨੀ ਹੈ। ਉਹ ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲੀ ਭਾਰਤੀ ਮੂਲ ਦੀ ਇਕਲੌਤੀ ਕੁੜੀ ਹੈ। ਸ਼ਵੇਤਾ ਨੇ ਕਿਹਾ, ‘ਮੈਂ ਇਸ ਬੋਰਡ ਲਈ ਚੁਣੇ ਜਾਣ ਨਾਲ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਸ਼ਵੇਤਾ ਸਿੱਖਿਅਤ ਭਰਤਨਾਟਿਅਮ ਨ੍ਰਤਕੀ ਹੈ, ਜਿਸ ਨੂੰ 2015 ਵ੍ਹਾਈਟ ਹਾਊਸ ਚੈਂਪੀਅਨ ਆਫ ਚੇਂਜ ਐਵਾਰਡ ਨਾਲ ਸਨਮਾਨ ਮਿਲਿਆ ਸੀ।