ਸਿੱਖ ਰੋਜ਼ ਪਰੇਡ ਫਲੋਟ ਨੇ ਬੇਚੈਨੀ ਦੇ ਮਾਹੌਲ ਵਿਚ ਪਿਆਰ, ਆਜ਼ਾਦੀ, ਵਿਸ਼ਵਾਸ ਤੇ ਸੇਵਾ ਦਾ ਦਿੱਤਾ ਸੁਨੇਹਾ

ਸਿੱਖ ਰੋਜ਼ ਪਰੇਡ ਫਲੋਟ ਨੇ ਬੇਚੈਨੀ ਦੇ ਮਾਹੌਲ ਵਿਚ ਪਿਆਰ, ਆਜ਼ਾਦੀ, ਵਿਸ਼ਵਾਸ ਤੇ ਸੇਵਾ ਦਾ ਦਿੱਤਾ ਸੁਨੇਹਾ

ਇਸ ਵਾਰ ਗੋਲਡਨ ਟੈਂਪਲ ਦੀ ਝਾਕੀ ਰਹੀ ਖਿੱਚ ਦਾ ਕੇਂਦਰ
ਲਾਸ ਏਂਜਲਸ/ਬਿਊਰੋ ਨਿਊਜ਼ :
ਕੈਲੀਫੋਰਨੀਆ ਦੇ ਅਮਰੀਕਨ ਸਿੱਖ ਭਾਈਚਾਰੇ ਵਲੋਂ ਇਸ ਵਾਰ ‘ਰੋਜ਼ ਪਰੇਡ ਪੈਸਾਡੋਨਾ ਲਈ ਸਿੱਖੀ ਅਤੇ ਸਿੱਖਾਂ ਦੀ ਪਛਾਣ ਬਾਰੇ ਅਮਰੀਕੀਆਂ ਨੂੰ ਜਾਗਰੂਕ ਕਰਨ ਲਈ ਹਜ਼ਾਰਾਂ ਫੁੱਲਾਂ ਨਾਲ ਫਲੋਟ ਸਜਾਈ ਗਈ। ਤੀਜੀ ਵਾਰ ਇਸ ਪਰੇਡ ਵਿਚ ਹਿੱਸਾ ਲੈ ਰਹੇ ਸਿੱਖ ਭਾਈਚਾਰੇ ਵਿਚ ਉਤਸ਼ਾਹ ਦਾ ਨਜ਼ਾਰਾ ਦੇਖਿਆਂ ਹੀ ਬਣ ਰਿਹਾ ਸੀ। ਇਸ ਵਰ੍ਹੇ ਦਾ ਥੀਮ ਸੀ, ‘ਟੂਗੈਦਰ ਵੂਈ ਰਾਈਜ਼’ (ਮਿਲ ਕੇ ਅਸੀਂ ਅੱਗੇ ਵੱਧ ਸਕਦੇ ਹਾਂ)। ਫਲੋਟ ਉਪਰ ਸ਼ਸ਼ੋਬਿਤ ਦਰਬਾਰ ਸਾਹਿਬ ਦਾ ਮਾਡਲ ਬਰਾਬਰਤਾ ਤੇ ਸਹਿਣਸ਼ੀਲਤਾ ਦਾ ਸੁਨੇਹਾ ਦੇ ਰਿਹਾ ਸੀ। ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਬਣਾਏ ਗਏ ਜੋ ਚਾਰ ਦਿਸ਼ਾਵਾਂ ਵੱਲ ਸੰਕੇਤ ਕਰ ਰਹੇ ਸਨ, ਭਾਵ ਇਸ ਦੇ ਦਰਵਾਜ਼ੇ ਪੂਰੀ ਦੁਨੀਆ ਅਤੇ ਸਾਰੇ ਧਰਮਾਂ ਲਈ ਖੁੱਲ੍ਹੇ ਹਨ। ਹਰੇਕ ਦਰਵਾਜ਼ੇ ‘ਤੇ ਸਿੱਖੀ ਦੇ ਸਿਧਾਂਤਾ ਨੂੰ ਦਰਸਾਉਂਦੇ ਨਾਂ ਉਕਰੇ ਸਨ-ਲਵ (ਪਿਆਰ), ਫਰੀਡਮ (ਆਜ਼ਾਦੀ), ਸਰਵਿਸ (ਸੇਵਾ) ਅਤੇ ਜਸਟਿਸ (ਨਿਆਂ)।
ਇਹ ਫਲੋਟ ਗੈਰ ਲਾਭਕਾਰੀ ਸੰਸਥਾ ਯੂਨਾਇਟਡ ਸਿੱਖ ਮਿਸ਼ਨ ਵਲੋਂ ਤਿਆਰ ਕਰਵਾਈ ਗਈ ਸੀ। ਸੰਸਥਾ ਦੇ ਪ੍ਰਬੰਧਕ ਭਾਨਜੀਤ ਸਿੰਘ ਨੇ ਦੱਸਿਆ, ‘ਸਿੱਖ ਅਤੇ ਹੋਰਨਾਂ ਧਰਮਾਂ ਦੇ ਘੱਟ-ਗਿਣਤੀ ਲੋਕ ਦੇਸ਼ ਭਰ ਵਿਚ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਅਸੀਂ ਸਮਝਦੇ ਹਾਂ ਕਿ ਸਿੱਖੀ ਸਿਧਾਂਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਇਹ ਸਹੀ ਮੌਕਾ ਹੈ।’ ਬਰਾਬਰਤਾ, ਨਿਆਂ ਤੇ ਸਹਿਣਸ਼ੀਲਤਾ ਦਾ ਸੁਨੇਹਾ ਦੇਣ ਵਾਲੇ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਕਾਰਨ ਨਸਲੀ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹਾਲ ਹੀ ਵਿਚ ਕੈਲੀਫੋਰਨੀਆ ਵਿਚ ਵਾਪਰੀਆਂ ਨਫ਼ਰਤੀ ਘਟਨਾਵਾਂ ਨੇ ਸਾਰਿਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ।
ਪ੍ਰਬੰਧਕ ਮੀਨੂ ਕੌਰ ਸਿੰਘ ਨੇ ਕਿਹਾ ਕਿ ਆਪਣੀਆਂ ਪ੍ਰਾਪਤੀਆਂ ਅਤੇ ਕਾਬਲੀਅਤ ਕਾਰਨ ਸਿੱਖਾਂ ਦੀਆਂ ਜੜ੍ਹਾਂ ਡੂੰਘੀਆਂ ਹਨ। ਸਿੱਖ ਵਿਦਿਆਰਥੀ, ਵਿਗਿਆਨੀ, ਕਿਸਾਨ ਤੇ ਡਾਕਟਰ ਹਨ, ਉਹ 125 ਵਰ੍ਹਿਆਂ ਤੋਂ ਕੈਲੀਫੋਰਨੀਆ ਦੀ ਧਰਤੀ ਦਾ ਹਿੱਸਾ ਹਨ ਸਾਡਾ ਵਿਸ਼ਵਾਸ ਪਿਆਰ, ਬਰਾਬਰਤਾ ਅਤੇ ਸੇਵਾ ਵਿਚ ਹੈ, ਜੋ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਅਮਰੀਕੀਆਂ ਦੀਆਂ ਵੀ ਨੈਤਿਕ ਕਦਰਾਂ-ਕੀਮਤਾਂ ਹਨ। ਅਤੇ ਇਸ ਵਰ੍ਹੇ ਦੀ ਫਲੋਟ ਨਾਲ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ।’
ਵਰਨਣਯੋਗ ਹੈ ਕਿ ਹਰੇਕ ਸਾਲ ਕੱਢੀ ਜਾਂਦੀ ਰੋਜ਼ ਪ੍ਰੇਡ ਅਸਲ ਵਿੱਚ ਨਵੇਂ ਵਰ੍ਹੇ ਦੇ ਆਮਦ ਦੀ ਖੁਸ਼ੀ ਸਬੰਧੀ ਮਨਾਏ ਜਾਂਦੇ ਜਸ਼ਨਾਂ ਦਾ ਮੁੱਖ ਆਕਰਸ਼ਨ ਹੁੰਦੀ ਹੈ। ਇਨ੍ਹਾਂ ਜਸ਼ਨਾਂ ਵਿੱਚ ਟੂਰਨਾਮੈਂਟ, ਨਾਚ ਗਾਣੇ ਅਤੇ ਖਾਣ ਪੀਣ ਦੇ ਪ੍ਰੋਗਰਾਮ ਸ਼ਾਮਲ ਹੁੰਦੇ ਹਨ। ਪ੍ਰੇਡ ਵਿੱਚ ਵੱਖ ਥੀਮਾਂ ਵਾਲੇ ਫਲੋਟ ਇਸ ਪ੍ਰੇਡ ਦਾ ਹਿੱਸਾ ਬਣਦੇ ਹਨ। ਨਾਲ ਨਾਲ ਹੀ ਵੱਖ ਵੱਖ ਭਾਈਚਾਰਿਆਂ ਦੇ ਸਭਿਆਚਾਰਾਂ ਦੀਆਂ ਝਲਕਾਂ ਵੀ ਵੇਖਣ ਨੂੰ ਮਿਲਦੀਆਂ ਹਨ।
ਲੋਕੀਂ ਰਾਤ ਨੂੰ ਹੀ ਪ੍ਰੇਡ ਦੇ ਰਸਤੇ ਦੇ ਦੋਵੀਂ ਆ ਕੇ ਡੇਰੇ ਲਾ ਲੈਂਦੇ ਹਨ। ਮਨਮੋਹਕ ਦ੍ਰਿਸ਼ਾਂ ਤੋਂ ਇਲਾਵਾ ਰੀਝਾਂ ਨਾਲ ਸਜਾਏ ਫਲੋਟਾਂ ਉੱਤਲੇ ਗੁਲਾਬ ਦੇ ਫੁੱਲਾਂ ਦੀ ਮਹਿਕ ਪ੍ਰੇਡ ਦੇ ਰਾਹ ਵਿੱਚ ਖ਼ੁਸ਼ਬੋਆਂ ਖਿਲਾਰਦੀ ਜਾਂਦੀ ਹੈ।
ਸਿੱਖ ਭਾਈਚਾਰੇ ਦੇ ਲੋਕ ਹਮੇਸ਼ਾਂ ਹੀ ਬਹੁਤ ਉਤਸ਼ਾਹ ਨਾਲ ਇਸ ਪ੍ਰੇਡ ਵਿੱਚ ਸ਼ਮੂਲੀਅਤ ਕਰਦੇ ਹਨ ਅਤੇ ਇਨ੍ਹਾਂ ਦਾ ਫਲੋਟ ਲੰਮੇ ਰਾਹ ਉੱਤੇ ਪ੍ਰੇਡ ਦਾ ਨਜ਼ਾਰਾ ਤੱਕ ਰਹੇ ਲੋਕਾਂ ਲਈ ਖਿੱਚ ਦਾ ਕੇਂਦਰ ਹੁੰਦਾ ਹੈ। ਇਸ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ ਗੋਲਡਨ ਟੈਂਪਲ’ ਵਾਲੇ ਫਲੋਟ ਨੂੰ ਸਜਾਉਣ ਵਿੱਚ ਜਿਨ੍ਹਾਂ ਵਾਲੰਟੀਅਰਾਂ ਨੇ ਕਈ ਵਾਰ ਸਖ਼ਤ ਮੇਹਨਤ ਕੀਤੀ ਉਨ੍ਹਾਂ ਵਿੱਚ ਜਸਦੀਪ ਸਿੰਘ ਮਾਨ ਦਾ ਪਰਿਵਾਰ ਸ਼ਾਮਲ ਸਨ।