ਸਿੱਖ ਕੌਮ ਨੂੰ ਆਪਣੀ ਵੱਖਰੀ ਪਛਾਣ ਬਣਾਈ ਰੱਖਣ ਲਈ ਉਚੇਚੇ ਯਤਨਾਂ ਦੀ ਲੋੜ : ਅਮੋਲਕ ਸਿੰਘ ਗਾਖਲ

ਸਿੱਖ ਕੌਮ ਨੂੰ ਆਪਣੀ ਵੱਖਰੀ ਪਛਾਣ ਬਣਾਈ ਰੱਖਣ ਲਈ ਉਚੇਚੇ ਯਤਨਾਂ ਦੀ ਲੋੜ : ਅਮੋਲਕ ਸਿੰਘ ਗਾਖਲ

ਸਾਨਫਰਾਂਸਿਸਕੋ/ਬਿਊਰੋ ਨਿਊਜ਼ :
ਜੀ.ਬੀ.ਐਂਟਰਟੇਨਮੈਂਟ ਦੇ ਗਾਖਲ ਬ੍ਰਦਰਜ਼ ਗਰੁੱਪ ਆਫ ਕੰਪਨੀਜ਼, ਏ.ਆਈ. ਟਰੱਕਿੰਗ ਦੇ ਮੁੱਖ ਸੰਚਾਲਕ ਸ. ਅਮੋਲਕ ਸਿੰਘ ਗਾਖਲ ਨੇ ਸਮੂਹ ਪੰਜਾਬੀਆਂ ਨੂੰ ਨਵੇਂ ਵਰ੍ਹੇ ਦੀ ਆਮਦ ‘ਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਜਿੱਥੇ ਦੁਨੀਆ ਛੋਟੀਆਂ-ਛੋਟੀਆਂ ਉਲਝਣਾਂ ‘ਚ ਫਸ ਕੇ ਸਮਾਂ ਅਤੇ ਧਨ ਦੀ ਬਰਬਾਦੀ ਕਰ ਰਹੀ ਹੈ,ਉਥੇ ਕੌਮਾਂ ਨੂੰ ਸਰਬੱਤ ਦੇ ਭਲੇ ਲਈ ਦਿਲੀ ਮੁਹੱਬਤ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਯੁੱਗ ਵਿਚ ਲੋਭ ਲਾਲਚ ਆਏ ਦਿਨ ਭਾਰੂ ਹੁੰਦਾ ਜਾ ਰਿਹਾ ਹੈ। ਉਨ੍ਹਾਂ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖ ਕੌਮ ਨੂੰ ਬੇਨਤੀ ਕਰਦਿਆਂ ਕਿਹਾ ਕਿ ਹਰ ਖੇਤਰ ਵਿਚ, ਦੁਨੀਆ ਦੇ ਹਰਕ ੋਨੇ ਵਿਚ ਅਸੀਂ ਤਰੱਕੀ ਕਰ ਲਈ ਹੈ ਅਤੇ ਇਸ ਵੇਲੇ ਲੋੜ ਹੈ ਕਿ ਅਸੀਂ ਆਪਸੀ ਇਤਫਾਕ ਵਧਾਈਏ ਅਤੇ ਸਿੱਖਾਂ ਦੀ ਪਛਾਣ ਬਣਾਈ ਰੱਖਣ ਲਈ ਹਰ ਯਤਨ ਕਰੀਏ।
ਸ. ਗਾਖਲ ਨੇ ਕਿਹਾ ਕਿ ਉਹ ਆਪਣੀਆਂ ਆਉਣ ਵਾਲੀਆਂ ਫਿਲਮਾਂ ਵਿਚ ਜਿੱਥੇ ਸਿੱਖ ਇਤਿਹਾਸ ਨੂੰ ਵਰਤਮਾਨ ਯੁੱਗ ਲਈ ਮਹੱਤਵਪੂਰਨ ਪ੍ਰਸੰਗ ਵਜੋਂ ਪੇਸ਼ ਕਰਨ ਦਾ ਯਤਨ ਕਰ ਰਹੇ ਹਨ,ਉਥੇ ਦੇਸ਼ਾਂ-ਵਿਦੇਸ਼ਾਂ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਨਿਮਰਤਾ ਨਾਲ ਅਪੀਲ ਕਰਦੇ ਹਨ ਕਿ ਉਹ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸਿੱਖ ਕੌਮ ਦੇ ਭਲੇ ਲਈ ਕੰਮ ਕਰਨ, ਤਾਂ ਜੋ ਸਰਬੱਤ ਦਾਭਲਾ ਮੰਗਣ ਵਾਲੀ ਸਿੱਖ ਕੌਮ ਨਸਲੀ ਵਿਤਕਰਿਆਂ ਦਾ ਸ਼ਿਕਾਰ ਨਾ ਹੋ ਸਕੇ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਗੁਰੂ ਘਰਾਂ ਵਿਚ 31 ਦਸੰਬਰ ਦੀਰਾਤ ਨੂੰ ਨਵਾਂ ਸਾਲ ਚੜ੍ਹਨ ਵੇਲੇ ਅਤੇ ਪਹਿਲੀ ਜਨਵਰੀ ਨੂੰ ਘੱਟੋ-ਘੱਟ ਵੀਹ ਡਾਲਰ ਅਤੇ ਵੱਧ ਤੋਂ ਵੱਧ ਆਪਣੀ ਸਮਰੱਥਾ ਮੁਤਾਬਕ ਗੁਰੂ ਦੀ ਗੋਲਕ ‘ਚ ਸੇਵਾ ਵਜੋਂ ਪਾਇਆ ਜਾਵੇ ਤਾਂ ਜੋ ਇਸ ਪੈਸੇ ਨਾਲ ਨਵੀਂ ਪੀੜ੍ਹੀ ਵਿਚ ਵਿੱਦਿਆ ਦੇ ਪਸਾਰ, ਪੰਜਾਬ ਦੀ ਵਿਰਾਸਤ ਅਤੇ ਅਮੀਰ ਵਿਰਸੇ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਸਕਣ। ਇਨ੍ਹਾਂ ਦਿਨਾਂ ਵਿਚ ਇਕੱਤਰ ਹੋਣ ਵਾਲੀ ਮਾਇਆ ਨੂੰ ਗੁਰੂ ਘਰਾਂ ਦੀਆਂ ਇਮਾਰਤਾਂ ਜਾਂ ਗੁਰੂਘਰਾਂ ਵਿਚ ਝਗੜਿਆਂ ਲਈ ਨਹੀਂ ਸਗੋਂ ਸਿੱਖ ਕੌਮ ਅਤੇ ਸਰਬੱਤ ਦੇ ਭਲੇ ਲਈ ਵਰਤਿਆ ਜਾਵੇ।