ਐਲਕ ਗਰੋਵ ਦੇ ਮੇਅਰ ਸਟੀਵ ਲੀ ਨੇ ਸਹੁੰ ਚੁੱਕੀ

ਐਲਕ ਗਰੋਵ ਦੇ ਮੇਅਰ ਸਟੀਵ ਲੀ ਨੇ ਸਹੁੰ ਚੁੱਕੀ

ਐਲਕ ਗਰੋਵ/ਬਿਊਰੋ ਨਿਊਜ਼ :
ਐਲਕ ਗਰੋਵ ਤੋਂ ਨਵੇਂ ਚੁਣੇ ਗਏ ਮੇਅਰ ਸਟੀਵ ਲੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਪਿਛਲੇ ਦਿਨੀਂ ਇਥੇ ਹੋਏ ਸਮਾਗਮ ਦੌਰਾਨ ਸਟੀਵ ਲੀ ਨੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਟੀਵ ਲੀ ਅਮਰੀਕਾ ਵਿਚ ਖੁਦ ਵੀ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਤ ਹਨ। ਛੋਟੀ ਉਮਰ ਵਿਚ ਉਹ ਭਾਰਤ ਦੇ ਗੁਆਂਢੀ ਮੁਲਕ ਲਾਊਸ ਤੋਂ ਅਮਰੀਕਾ ਆਪਣੇ ਪਿਤਾ ਨਾਲ ਆਏ ਸਨ। ਇਥੇ ਆ ਕੇ ਉਨ੍ਹਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਜਿਸ ਕਾਰਨ ਉਹ ਘੱਟ ਗਿਣਤੀ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸੇ ਕਰਕੇ ਉਹ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਦੇ ਖਾਸ ਦੋਸਤ ਵਜੋਂ ਜਾਣੇ ਜਾਂਦੇ ਹਨ। ਸਟੀਵ ਲੀ ਹੁਣ ਮੇਅਰ ਦੀ ਚੋਣ ਜਿੱਤਣ ਤੋਂ ਬਾਅਦ 7 ਜਨਵਰੀ ਨੂੰ ਡੈਮੋਕਰੇਟ ਡੈਲੀਗੇਟ ਦੇ ਉਮੀਦਵਾਰ ਵਜੋਂ ਅਤੇ ਆਪਣੇ ਸਾਥੀ ਉਮੀਦਵਾਰ ਗੁਰਜਤਿੰਦਰ ਸਿੰਘ ਰੰਧਾਵਾ ਨਾਲ ਰਲ ਕੇ ਇਹ ਚੋਣ ਲੜ ਰਹੇ ਹਨ। ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।