ਸ੍ਰੋਮਣੀ ਅਕਾਲੀ ਦਲ ਅਮਰੀਕਾ ਯੂਥ ਵਿੰਗ ਵੈਸਟ ਕੋਸਟ ਵੱਲੋਂ ਰੈਲੀ

ਸ੍ਰੋਮਣੀ ਅਕਾਲੀ ਦਲ ਅਮਰੀਕਾ ਯੂਥ ਵਿੰਗ ਵੈਸਟ ਕੋਸਟ ਵੱਲੋਂ ਰੈਲੀ

ਸ਼ਿਕਾਗੋ ਵਾਲੇ ਬਦਨਾਮ ਸਾਧ ਦਲਜੀਤ ਸਿੰਘ ਨੂੰ ਮੁੱਖ ਮਹਿਮਾਨ ਬਣਾਇਆ
ਮੁਡਿਸਟੋ/ਹੁਸਨ ਲੜੋਆ ਬੰਗਾ:
ਯੂਥ ਅਕਾਲੀ ਦਲ ਅਮਰੀਕਾ ਅਤੇ ਸੀਨੀਅਰ ਅਕਾਲੀ ਦਲ ਵੈਸਟ ਕੋਸਟ ਵੱਲੋਂ ਮੁਡਿਸਟੋ ਸ਼ਹਿਰ ਵਿਚ ਰੈਲੀ ਕਰਵਾਈ ਗਈ ਜਿਸ ਨੂੰ ਪ੍ਰਬੰਧਕਾਂ ਵਲੋਂ ਜਾਰੀ ਕੀਤੇ ਲਿਖਤੀ ਪ੍ਰੈਸ ਨੋਟ ਅਨੁਸਾਰ ਭਰਵਾਂ ਹੁੰਗਾਰਾ ਮਿਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸ. ਕੁਲਵੰਤ ਸਿੰਘ ਖਹਿਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੈਸਟ ਕੋਸਟ, ਨਰਿੰਦਰਪਾਲ ਸਿੰਘ ਹੁੰਦਲ ਸੀਨੀਅਰ ਵਾਈਸ ਪ੍ਰਧਾਨ ਵੈਸਟ ਕੋਸਟ ਅਤੇ ਅਰਵਿੰਦਰ ਸਿੰਘ ਲਾਖਨ ਚੀਫ਼ ਕੋਆਰਡੀਨੇਟਰ ਯੂਥ ਵਿੰਗ ਨੇ ਕਿਹਾ ਕਿ ਉਹ ”ਮਿਸ਼ਨ 2017” ਨੂੰ ਫਤਹਿ ਕਰਨ ਲਈ ਦਿਨ ਰਾਤ ਇਕ ਕਰ ਦੇਣਗੇ। ਇਸ ਮੌਕੇ ਰਵਿੰਦਰ ਸਿੰਘ ਬੋਇਲ ਪ੍ਰਧਾਨ ਯੂਥ ਵਿੰਗ ਵੈਸਟ ਕੋਸਟ ਅਤੇ ਸ੍ਰੀ ਵਿਨੇ ਵੋਹਰਾ ਸੀਨੀਅਰ ਵਾਈਸ ਪ੍ਰਧਾਨ ਵੈਸਟ ਕੋਸਟ ਨੇ ਕਿਹਾ ਕਿ ਪਾਰਟੀ ਖਿਲਾਫ਼ ਵਿਦੇਸ਼ਾਂ ਵਿਚ ਹੁੰਦੇ ਕੂੜ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਥ ਵਿੰਗ ਅਮਰੀਕਾ ਦਾ ਜਥਾ ਪੰਜਾਬ ਵਿਚ ਚੋਣ ਪ੍ਰਚਾਰ ਲਈ ਵੱਡੇ ਪੱਧਰ ਤੇ ਜਾਵੇਗਾ।
ਇਸ ਤੋਂ ਇਲਾਵਾ ਪੰਜਾਬ ਤੋਂ ਚਰਨਜੀਤ ਸਿੰਘ ਬਰਾੜ ਓ ਐਸ ਡੀ ਡਿਪਟੀ ਸੀ ਐਮ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਐਮ.ਪੀ. ਅਤੇ ਪਰਵਿੰਦਰਪਾਲ ਸਿੰਘ ਰਾਠੌੜ ਨੇ ਰੈਲੀ ਵਿੱਚ ਸ਼ਾਮਲ ਅਕਾਲੀਆਂ ਨੂੰ ਇੰਟਰਨੈੱਟ ਰਾਹੀਂ ਲਾਈਵ ਸੰਬੋਧਨ ਕੀਤਾ. ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਐਨ.ਆਰ.ਆਈਜ਼ ਵੀਰਾਂ ਨੂੰ ਜੋ ਅੱਜ ਪੰਜਾਬ ਵਿਚ ਸਹੂਲਤਾਂ ਮਿਲ ਰਹੀਆਂ ਹਨ, ਉਹ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਹੀ ਮਿਲੀਆਂ ਹਨ।
ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਪੰਮਾ ਚੇਅਰਮੈਨ, ਹਰਬੰਸ ਸਿੰਘ ਚਾਹਲ, ਦਿਲਵੀਰ ਸਿੰਘ ਸਿੰਘ ਸੰਘੇੜਾ ਜਨਰਲ ਸਕੱਤਰ, ਸਤਵੀਰ ਸਿੰਘ ਹੀਰਾ ਮੀਡੀਆ ਸਕੱਤਰ, ਸੇਰ ਸਿੰਘ ਚੌਹਾਨ ਜਨਰਲ ਸਕਤਰ ਯੂਥ, ਭੁਪਿੰਦਰ ਸਿੰਘ ਜਾਡਲਾ ਸੀਨੀਅਰ ਐਡਵਾਇਜਰ, ਸਰਬੀਤ ਸਿੰਘ ਸਰਾਓ ਅਤੇ ਸੁੱਚਾ ਰਾਮ ਭਾਰਟਾ ਸੈਨਹੋਜ਼ੇ ਸ਼ਾਮਲ ਸਨ।
ਸ਼੍ਰੋਮਣੀ ਅਕਾਲੀ ਦਲ ਅਮਰੀਕਾ ਯੂਥ ਵਿੰਗ ਵੈਸਟ ਕੋਸਟ ਵੱਲੋਂ ਕਰਵਾਈ ਇਸ ਰੈਲੀ ਵਿਚ ਰਵਿੰਦਰ ਸਿੰਘ ਬੋਇਲ ਪ੍ਰਧਾਨ ਯੂਥ ਅਕਾਲੀ ਦਲ ਨੂੰ ਉਨ੍ਹਾਂ ਦੀ ਕੀਤੀ ਮਿਹਨਤ ਬਦਲੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਸਮੁੱਚੀ ਕਾਰਵਾਈ ਰਵਿੰਦਰ ਸਿੰਘ ਬੋਇਲ ਮਕਸੂਦਪੁਰ ਵਲੋਂ ਨਿਭਾਈ ਗਈ।

ਮੁੱਖ ਮਹਿਮਾਨ ਬਦਨਾਮ ਸਾਧ
ਬਿਊਰੋ ਨਿਊਜ਼ ਅਨੁਸਾਰ : ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੈਸਟ ਕੋਸਟ ਅਮਰੀਕਾ ਅਤੇ ਸੀਨੀਅਰ ਅਕਾਲੀ ਦਲ ਵੈਸਟ ਕੋਸਟ ਅਮਰੀਕਾ ਵਲੋਂ ਮਿਸ਼ਨ 2017 ਨੂੰ ਸਫ਼ਲ ਕਰਨ ਅਤੇ ਐਨ.ਆਰ.ਆਈਜ਼ ਵੀਰਾਂ ਤੱਕ ਪਾਰਟੀ ਦੀਆਂ ਪ੍ਰਾਪਤੀਆਂ ਨੂੰ ਪੁੱਜਦਾ ਕਰਨ ਲਈ ਕੀਤੀ ਇਸ ਰਾਜਸੀ ਰੈਲੀ ਵਿੱਚ ਸ਼ਿਕਾਗੋ ਵਾਲੇ ਬਦਨਾਮ ਸਾਧ ਅਖੌਤੀ ਬਾਬਾ ਦਲਜੀਤ ਸਿੰਘ ਸ਼ਿਕਾਗੋ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ।