ਫਰਿਜ਼ਨੋ ਕਾਉਂਟੀ ਸੁਪਰਵਾਈਜ਼ਰ ਘੱਟ ਗਿਣਤੀਆਂ ਦੇ ਹੱਕਾਂ ਲਈ ਡਟੇ

ਫਰਿਜ਼ਨੋ ਕਾਉਂਟੀ ਸੁਪਰਵਾਈਜ਼ਰ ਘੱਟ ਗਿਣਤੀਆਂ ਦੇ ਹੱਕਾਂ ਲਈ ਡਟੇ

ਫਰਿਜ਼ਨੋ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਪਿਛਲੇ ਸਮੇਂ ਦੌਰਾਨ ਫਰਿਜ਼ਨੋ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਘੱਟ ਗਿਣਤੀਆਂ ਖਾਸ ਕਰਕੇ ਸਿੱਖ ਅਤੇ ਮੁਸਲਮ ਭਾਈਚਾਰੇ ਨਾਲ ਸਬੰਧਤ ਲੋਕਾਂ ‘ਤੇ ਗੋਰਿਆਂ ਅਤੇ ਮੈਕਸੀਕੋ ਮੂਲ ਦੇ ਲੋਕਾਂ ਵੱਲੋਂ ਅਪਮਾਨਜਨਕ ਟਿਪਣੀਆਂ ਅਤੇ ਨਸਲੀ ਹਮਲਿਆਂ ਦੇ ਕਈ ਕੇਸ ਸਾਹਮਣੇ ਆਏ ਸਨ। ਇਸ ਦੇ ਮੱਦੇਨਜ਼ਰ ਸਿੱਖ ਭਾਈਚਾਰੇ ਦੇ ਹਮਦਰਦ ਵਜੋਂ ਜਾਣੇ ਜਾਂਦੇ ਸੁਪਰਵਾਈਜ਼ਰ ਹੈਨਰੀ ਪਰੇਆ ਦੇ ਅਹਿਦ ਸਦਕਾ ਫਰਿਜ਼ਨੋ ਕਾਉਂਟੀ ਸੁਪਰਵਾਈਜ਼ਰਾਂ ਦੀ ਅਹਿਮ ਮੀਟਿੰਗ ਫਰਿਜ਼ਨੋ ਕਾਉਂਟੀ ਰਿਕਾਰਡ ਹਾਊਸ ਵਿੱਚ ਹੋਈ। ਇਥੇ ਮਤਾ ਪਾਸ ਕਰਕੇ ਨਸਲੀ ਵਿਤਕਰੇ ਨਾਲ ਭਰੇ ਲੋਕਾਂ ਪ੍ਰਤੀ ਸਖਤ ਕਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਪੁਲੀਸ ਪ੍ਰਸ਼ਾਸਨ ਨੂੰ ਵੀ ਇਨ੍ਹਾਂ ਨਫ਼ਰਤੀ ਅਪਰਾਧ ਨਾਲ ਸਬੰਧਤ ਮੁਲਜ਼ਮਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਕਿਹਾ ਗਿਆ। ਇਸ ਮੌਕੇ ਸੁਪਰਵਾਈਜ਼ਰਾਂ ਤੋਂ ਸਿਵਾਏ ਸਿੱਖ ਅਤੇ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਬੁਲਾਰਿਆਂ ਨੇ ਵੀ ਇਸ ਮੀਟਿੰਗ ਨੂੰ ਸੰਬੋਧਨ ਕੀਤਾ ਤੇ ਇਹ ਮਤਾ ਲਿਆਉਣ ਲਈ ਕਾਉਂਟੀ ਸੁਪਰਵਾਈਜ਼ਰ ਹੈਨਰੀ ਪਰੇਆ ਦਾ ਧੰਨਵਾਦ ਕੀਤਾ।