ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਗੁਰੂ ਘਰ ਵਿਚ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ

ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਗੁਰੂ ਘਰ ਵਿਚ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ

ਬਿੰਦਰਾ ਤੇ ਗਿੱਲ ਪਰਿਵਾਰ ਨੇ ਸ਼ਹੀਦੀ ਦਿਨ ‘ਤੇ ਮਨਾਇਆ ਬੱਚਿਆਂ ਦਾ ਜਨਮ ਦਿਨ
ਸੈਕਰਾਮੈਂਟੋ/ਬਿਊਰੋ ਨਿਊਜ਼ :
ਇੰਡੋ ਅਮਰੀਕਨ ਕਲਚਰਲ ਔਰਗੇਨਾਈਜੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਅਤੇ ਜੁਝਾਰ ਸਿੰਘ ਗਿੱਲ ਤੇ ਸਮੁੱਚੇ ਪਰਿਵਾਰ ਨੇ ਗ਼ਦਰ ਪਾਰਟੀ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਆਪਣੇ ਪੁੱਤਰਾਂ ਪਰਮਪ੍ਰੀਤ ਬਿੰਦਰਾ ਅਟਾਰਨੀ ਤੇ ਗਗਨਦੀਪ ਬਿੰਦਰਾ ਅਤੇ ਡਾ. ਗੁਰਪ੍ਰੀਤ ਗਿੱਲ, ਹਰਪ੍ਰੀਤ ਗਿੱਲ ਦੇ ਜਨਮ ਦਿਨ ਵਜੋਂ ਮਨਾਇਆ। ਜਥੇਬੰਦੀ ਵੱਲੋਂ ਹਰ ਸਾਲ ਸ਼ਹੀਦਾਂ ਦੀ ਯਾਦ ਵਿਚ ਮਨਾਏ ਜਾਂਦੇ ਮੇਲੇ ਵਿਚ ਸਮੁੱਚਾ ਪਰਿਵਾਰ ਆਗੂ ਰੋਲ ਅਦਾ ਕਰਦੇ ਹਨ।
ਗੁਰਦੁਆਰੇ ਦੇ ਕੀਰਤਨੀ ਜਥੇ ਨੇ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪ੍ਰਿੰਸੀਪਲ ਗੁਰਬਚਨ ਸਿੰਘ ਨੇ ਗੁਰੂ ਇਤਿਹਾਸ ਦੀ ਕਥਾ ਕੀਤੀ ਤੇ ਸਮੁੱਚੇ ਪਰਿਵਾਰ ਨੂੰ ਇਸ ਤਰ੍ਹਾਂ ਗੁਰੂ ਘਰ ਵਿਚ ਜਨਮ ਦਿਨ ਮਨਾਉਣ ਦੀ ਵਧਾਈ ਦਿੱਤੀ। ਪੂਨਮ ਮਲਹੋਤਰਾ ਨੇ ਸ਼ਬਦ ਗਾਇਨ ਕੀਤਾ।
ਸੁਰਿੰਦਰ ਬਿੰਦਰਾ ਨੇ ਆਏ ਸੱਜਣਾਂ ਮਿੱਤਰਾਂ ਦਾ ਸੁਆਗਤ ਕਰਦਿਆਂ ਗ਼ਦਰ ਪਾਰਟੀ ਦੇ ਸੂਰਮਿਆਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਅਸੀਂ ਆਜ਼ਾਦ ਦੇਸ਼ ਤੋਂ ਆ ਕੇ ਇੱਥੇ ਵਸੇ ਹਾਂ ਤੇ ਇਥੋਂ ਦੀਆਂ ਸੁੱਖ ਸੁਵਿਧਾਵਾਂ ਦਾ ਆਨੰਦ ਮਾਣ ਰਹੇ ਹਾਂ, ਇਹ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਹੀ ਨਤੀਜਾ ਹੈ।
ਗਿਆਨ ਸਿੰਘ ਬਿਲਗਾ ਨੇ ਜਿੱਥੇ ਕਰਤਾਰ ਸਿੰਘ ਸਰਾਭਾ ਦੇ ਜੀਵਨ ‘ਤੇ ਚਾਨਣਾ ਪਾਇਆ, ਉਥੇ ਭਾਈ ਉਪ ਮਹਾਂਦੀਪ ਦੀ ਅੰਗਰੇਜ਼ ਸਾਮਰਾਜ ਤੋਂ ਆਜ਼ਾਦੀ ਲਈ ਉਨ੍ਹਾਂ ਦੀਆਂ ਸ਼ਹਾਦਤਾਂ ਕਰਕੇ ਉਠੀਆਂ ਹੋਰ ਲਹਿਰਾਂ ਦਾ ਜ਼ਿਕਰ ਕੀਤਾ ਤੇ ਪਰਿਵਾਰ ਨੂੰ ਜਨਮ ਦਿਨ ਦੇਸ਼ ਦੀ ਆਜ਼ਾਦੀ ਨਾਲ ਜੋੜ ਕੇ ਮਨਾਉਣ ‘ਤੇ ਵਧਾਈ ਦਿੱਤੀ।
ਨਰਿੰਦਰਪਾਲ ਸਿੰਘ ਹੁੰਦਲ ਮੁੱਖ ਸੰਪਾਦਕ ‘ਇੰਡੋ ਅਮੈਰੀਕਨ ਟਾਈਜ਼’ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਇਸ ਪਰਿਵਾਰ ਦੇ ਦੇਸ਼ ਭਗਤ ਲਹਿਰਾਂ ਨਾਲ ਜੁੜੇ ਰਹਿਣ ਦਾ ਜ਼ਿਕਰ ਕੀਤਾ। ਸੈਕਰਾਮੈਂਟੋ ਐਲਕ ਗਰੋਵ ਦੇ ਮੇਅਰ ਸਟੀਵਲੀ ਨੇ ਆਜ਼ਾਦੀ ਲਈ ਲੜੇ ਗ਼ਦਰ ਪਾਰਟੀ ਦੇ ਸੂਰਮਿਆਂ ਨੂੰ ਸ਼ਰਧਾਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਪਰਿਵਾਰਕ ਪ੍ਰੋਗਰਾਮਾਂ ਨਾਲ ਜੋੜਨਾਂ ਸੁਸਾਇਟੀ ਲਈ ਸ਼ੁਭ ਸ਼ਗਨ ਹੈ। ਇਥੇ ਵਸਦੀਆਂ ਹੋਰ ਕੌਮਾਂ ਤੁਹਾਡੇ ਨਾਲ ਹਨ, ਉਨ੍ਹਾਂ ਦਾ ਤੁਆਰਫ ਗਗਨਦੀਪ ਬਿੰਦਰਾ ਨੇ ਕਰਵਾਇਆ। ਪਰਮਪ੍ਰੀਤ ਐਡਵੋਕੇਟ ਨੇ ਮੇਅਰ ਦਾ ਧੰਨਵਾਦ ਕੀਤਾ। ਜਥੇਬੰਦੀ ਦੇ ਡਾਇਰੈਕਟਰ ਸਮਿੱਤਰ ਸਿੰਘ ਉਪਲ ਬਿਮਾਰ ਹੋਣ ਕਾਰਨ ਹਾਜ਼ਰ ਨਾ ਹੋ ਸਕੇ। ਉਨ੍ਹਾਂ ਪਰਿਵਾਰ ਨੂੰ ਸ਼ੁਭ ਇਛਾਵਾਂ ਵਾਲਾ ਸੁਨੇਹਾ ਭੇਜਿਆ।
ਇੰਡੋ ਅਮਰੀਕਨ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਕਸ਼ਮੀਰ ਸਿੰਘ ਕਾਗਣਾ ਨੇ ਜਿੱਥੇ ਗ਼ਦਰ ਅਖ਼ਬਾਰ ਦੇ ਛਪਣ ਤੇ ਉਸ ਦੀ ਮੱਹਤਤਾ ਦਾ ਜ਼ਿਕਰ ਕੀਤਾ, ਉਥੇ ਹਾਜ਼ਰ ਜਥੇਬੰਦੀ ਦੇ ਵਰਕਰਾਂ ਦਾ ਧੰਨਵਾਦ ਕੀਤਾ। ਗੁਰਨਾਮ ਸਿੰਘ ਭੰਡਾਲ ਦੇ ਢਾਡੀ ਜੱਥੇ ਨੇ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।