ਸਬਵੇਅ ਰੇਲ ਗੱਡੀ ਵਿੱਚ ਗੋਰਿਆਂ ਨੇ ਮੁਸਲਿਮ ਵਿਦਿਆਰਥਣ ‘ਤੇ ਕੀਤਾ ਹਮਲਾ

ਸਬਵੇਅ ਰੇਲ ਗੱਡੀ ਵਿੱਚ ਗੋਰਿਆਂ ਨੇ ਮੁਸਲਿਮ ਵਿਦਿਆਰਥਣ ‘ਤੇ ਕੀਤਾ ਹਮਲਾ

ਟਰੰਪ ਦੇ ਨਾਅਰੇ ਲਾ ਰਹੇ ਹਮਲਾਵਰਾਂ ਨੇ ਬੁਰਕਾ ਉਤਾਰਨ ਦੀ ਕੀਤੀ ਕੋਸ਼ਿਸ਼
ਨਿਊਯਾਰਕ/ਬਿਊਰੋ ਨਿਊਜ਼ :
ਅਮਰੀਕੀ ਸਬਵੇਅ ਰੇਲ ਗੱਡੀ ਵਿੱਚ ਸਵਾਰ ਇਕ ਮੁਸਲਿਮ ਵਿਦਿਆਰਥਣ ‘ਤੇ ਤਿੰਨ ਸ਼ਰਾਬੀ ਗੋਰਿਆਂ ਨੇ ਕਥਿਤ ਤੌਰ ‘ਤੇ ਹਮਲਾ ਕੀਤਾ। ‘ਡੋਨਲਡ ਟਰੰਪ’ ਦਾ ਨਾਂ ਲੈ ਕੇ ਚੀਕਾਂ ਮਾਰ ਰਹੇ ਇਨ੍ਹਾਂ ਵਿਅਕਤੀਆਂ ਨੇ ਵਿਦਿਆਰਥਣ ਦਾ ਬੁਰਕਾ ਉਤਾਰਨ ਤੋਂ ਪਹਿਲਾਂ ਇਸਲਾਮ ਵਿਰੁੱਧ ਅਪਸ਼ਬਦ ਆਖੇ।
ਯਾਸਮਿਨ ਸੇਵੀਦ (18) ਜਦੋਂ ਸਬਵੇਅ ਰਾਹੀਂ ਮੈਨਹੱਟਨ ਵਿੱਚੋਂ ਲੰਘ ਰਹੀ ਸੀ ਤਾਂ ਹਿਜਾਬ ਉਤਾਰਨ ਵਾਲਿਆਂ ਨੇ ਉਸ ਨੂੰ ‘ਅਤਿਵਾਦੀ’ ਆਖਿਆ ਅਤੇ ਰਾਸ਼ਟਰਪਤੀ ਦੀ ਚੋਣ ਜਿੱਤੇ ਟਰੰਪ ਦੇ ਨਾਂ ਉਤੇ ਨਾਅਰੇ ਲਾਏ। ਜਦੋਂ ਇਹ ਸ਼ਰਾਬੀ ਵਿਅਕਤੀ ਵਿਦਿਆਰਥਣ ਦਾ ਬੁਰਕਾ ਉਤਾਰਨ ਦੀ ਕੋਸ਼ਿਸ਼ ਦੌਰਾਨ ਇਸਲਾਮ ਵਿਰੋਧੀ ਸ਼ਬਦ ਬੋਲ ਰਹੇ ਸਨ ਤਾਂ ਬਾਕੀ ਯਾਤਰੀ ਚੁੱਪ-ਚਾਪ ਖੜ੍ਹੇ ਇਹ ਸਭ ਦੇਖ ਰਹੇ ਸਨ। ਇਸ ਘਟਨਾ ਦੀ ਨਿਊਯਾਰਕ ਪੁਲੀਸ ਵਿਭਾਗ ਦੀ ‘ਨਸਲੀ ਅਪਰਾਧ ਟਾਸਕ ਫੋਰਸ’ ਜਾਂਚ ਕਰ ਰਹੀ ਹੈ। ਹਮਲਾਵਰਾਂ ਦੀ ਪਛਾਣ ਲਈ ਪੁਲੀਸ ਨਿਗਰਾਨੀ ਕੈਮਰਿਆਂ ਦੀ ਵੀਡੀਓ ਪੜਤਾਲ ਰਹੀ ਹੈ। ਸੇਵੀਦ ਨੇ ਕਿਹਾ ਕਿ ਇਸ ਹਮਲੇ ਕਾਰਨ ਉਹ ਹੱਕੀ-ਬੱਕੀ ਰਹਿ ਗਈ ਅਤੇ ਸਬਵੇਅ ਦਾ ਕੋਈ ਵੀ ਯਾਤਰੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਉਸ ਨੇ ਕਿਹਾ, ”ਮੈਂ ਉਨ੍ਹਾਂ ਨੂੰ ਉੱਚੀ ਉੱਚੀ ਡੋਨਲਡ ਟਰੰਪ ਦਾ ਨਾਂ ਲੈਂਦੇ ਸੁਣਿਆ। ਜਦੋਂ ਉਨ੍ਹਾਂ ਅਤਿਵਾਦੀ ਸ਼ਬਦ ਬੋਲਿਆਂ ਤਾਂ ਮੈਂ ਬਹੁਤ ਡਰ ਗਈ। ਹਮਲਾਵਰ ਚੀਕ ਚੀਕ ਕੇ ਕਹਿ ਰਹੇ ਸਨ ਕਿ ਦੇਸ਼ ਤੋਂ ਬਾਹਰ ਚਲੇ ਜਾਓ। ਇਹ ਮੁਲਕ ਤੁਹਾਡਾ ਨਹੀਂ।” ਜਦੋਂ ਸੇਵੀਦ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਹਮਲਾਵਰਾਂ ਨੇ ਉਸ ਦਾ ਬਸਤਾ ਖਿੱਚ ਲਿਆ ਅਤੇ ਉਸ ਦੀ ਵੱਧਰੀ ਤੋੜ ਦਿੱਤੀ।
ਮਿਸਰੀ ਮਾਪਿਆਂ ਦੇ ਘਰ ਅਮਰੀਕਾ ਵਿੱਚ ਜੰਮੀ ਸੇਵੀਦ ਸਦਮੇ ਵਿੱਚ ਹੈ। ਉਸ ਨੇ ਕਿਹਾ, ”ਮੇਰਾ ਜਨਮ ਇੱਥੋਂ ਦਾ ਹੈ ਅਤੇ ਮੈਂ ਅਮਰੀਕਨ ਹਾਂ। ਤੁਸੀਂ ਜਾਣਦੇ ਹੋ?” ਵਾਰਦਾਤ ਦੌਰਾਨ ਬਚਾਅ ਲਈ ਇਹ ਵਿਦਿਆਰਥਣ ਰੇਲ ਗੱਡੀ ਦੇ ਦੂਜੇ ਸਿਰੇ ਉਤੇ ਚਲੀ ਗਈ ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਬੁਰਕਾ ਉਤਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਬੁਰਕਾ ਬਚਾਉਣ ਲਈ ਆਪਣਾ ਹੱਥ ਸਿਰ ਉਤੇ ਰੱਖ ਲਿਆ ਅਤੇ ਰੌਲਾ ਪਾ ਦਿੱਤਾ। ਸੇਵੀਦ ਨੇ ਰੇਲ ਗੱਡੀ ਵਿੱਚੋਂ ਉਤਰ ਕੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਟਰੰਪ ਦੀ ਜਿੱਤ ਤੋਂ ਬਾਅਦ ਦੇਸ਼ ਭਰ ਵਿੱਚ ਬੁਰਕਾਧਾਰੀ ਔਰਤਾਂ ਉਤੇ ਹਮਲਿਆਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।