ਹਿਜ਼ਾਬ ਪਹਿਣਨ ਵਾਲੀ ਇਕ ਹੋਰ ਔਰਤ ‘ਤੇ ਨਸਲੀ ਹਮਲਾ

ਹਿਜ਼ਾਬ ਪਹਿਣਨ ਵਾਲੀ ਇਕ ਹੋਰ ਔਰਤ ‘ਤੇ ਨਸਲੀ ਹਮਲਾ

ਲਾਸ ਏਂਜਲਸ/ਬਿਊਰੋ ਨਿਊਜ਼ :
ਅਮਰੀਕਾ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਬਾਅਦ ਮੁਸਲਿਮ ਖਾਸ ਤੌਰ ‘ਤੇ ਬੁਰਕੇ ਵਾਲੀਆਂ ਔਰਤਾਂ ਉਪਰ ਹਮਲੇ ਲਗਾਤਾਰ ਹੋ ਰਹੇ ਹਨ। ਤਾਜ਼ਾ ਮਾਮਲੇ ਵਿੱਚ ਇਕ ਸਟੋਰ ਵਿੱਚ ਬੁਰਕੇ ਵਾਲੀ ਇਕ ਔਰਤ ਨੂੰ ਅਤਿਵਾਦੀ ਕਿਹਾ ਗਿਆ ਤੇ ਉਸ ਨੂੰ ਦੇਸ਼ ਛੱਡ ਕੇ ਜਾਣ ਲਈ ਧਮਕਾਇਆ ਵੀ ਗਿਆ। ਇਕ ਟੀਵੀ ਚੈਨਲ ਦੀ ਰਿਪੋਰਟ ਮੁਤਾਬਕ  ਨਿਊ ਮੈਕਸੀਕੋ ਵਿਚਲੇ ਸਮਿੱਥਜ਼ ਸਟੋਰ ਦੀ ਇਹ ਘਟਨਾ ਹੈ। ਮੌਕੇ ਦੇ ਇਕ ਗਵਾਹ ਨੇ ਕਿਹਾ ਉਹ ਸਟੋਰ ਵਿੱਚ ਸਾਮਾਨ ਖਰੀਦ ਰਿਹਾ ਸੀ ਤੇ ਇੰਨੇ ਵਿੱਚ ਇਕ ਹੋਰ ਔਰਤ ਬੁਰਕੇ ਵਾਲੀ ਨੂੰ ਗਲਤ ਬੋਲ ਰਹੀ ਸੀ। ਔਰਤ ਨੂੰ ਦੇਸ਼ ਛੱਡ ਲਈ ਕਹੇ ਜਾਣ ਦੇ ਨਾਲ ਨਾਲ ਅਤਿਵਾਦੀ ਕਰਾਰ ਦਿੱਤਾ ਜਾ ਰਿਹਾ ਸੀ।
ਮੌਕੇ ਦੇ ਗਵਾਹ ਬਰਨੀ ਲੋਪੇਜ਼ ਨੇ ਕਿਹਾ ਕਿ ਉਸ ਨੇ ਅਜਿਹੀਆਂ ਹੋਛੀਆਂ ਗੱਲਾਂ ਕਰਨ ਵਾਲੀ ਦੀ ਫੋਟੋ ਖਿੱਚ ਲਈ ਹੈ। ਜਦੋਂ ਔਰਤ ਉਪਰ ਉਹ ਚੀਕ ਰਹੀ ਸੀ ਤਾਂ ਸਟੋਰ ਦੇ ਮੁਲਾਜ਼ਮਾਂ ਨੇ ਬੁਰਕੇ ਵਾਲੀ ਦਾ ਸਾਥ ਦਿੱਤਾ। ਚੀਕਣ ਵਾਲੀ ਔਰਤ ਦੇ ਸਿਰ ‘ਤੇ ਟੋਪੀ ਸੀ ਤੇ ਉਸ ਨੇ ਧੁੱਪ ਦੀ ਐਨਕ ਲਗਾਈ ਹੋਈ ਸੀ। ਸਟੋਰ ਦੇ ਮੁਲਜ਼ਮਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ ਪਰ ਉਹ ਪਾਰਕਿੰਗ ਵਾਲੀ ਥਾਂ ‘ਤੇ ਬੁਰਕੇ ਵਾਲੀ ਦੀ ਉਡੀਕ ਵਿੱਚ ਖੜ੍ਹੀ ਰਹੀ। ਅਖੀਰ ਸਟੋਰ ਦੇ ਮੁਲਾਜ਼ਮਾਂ ਨੇ ਪੀੜਤ ਨੂੰ ਘੇਰਾ ਪਾ ਕੇ ਉਸ ਨੂੰ ਕਾਰ ਤੱਕ ਛੱਡਿਆ। ਸਟੋਰ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਮੈਨੇਜਰ ਨੇ ਕਿਹਾ ਹੈ ਕਿ ਬੁਰਕੇ ਵਾਲੀ ਕਾਫ਼ੀ ਹਿੰਮਤ ਵਾਲੀ ਸੀ ਤੇ ਅਗਲੇ ਦਿਨ ਉਹ ਮੁੜ ਸਟੋਰ ‘ਤੇ ਆਈ ਤੇ ਮੁਲਾਜ਼ਮਾਂ ਦਾ ਸ਼ੁਕਰੀਆ ਅਦਾ ਕਰਕੇ ਗਈ। ਮਿਨੀਸੋਟਾ ਵਿੱਚ ਬੀਤੇ ਦਿਨੀਂ ਸਕੂਲ ਵਿੱਚ ਵੀ ਇਕ ਮੁਸਲਿਮ ਵਿਦਿਆਰਥੀ ਦੀ ਉਸ ਦੇ ਸਾਥੀਆਂ ਨੇ ਖਿੱਚ ਧੂਹ ਕੀਤੀ ਸੀ। ਇਸ ਤੋਂ ਇਲਾਵਾ ਮਿਸ਼ੀਗਨ ਯੂਨੀਵਰਸਿਟੀ ਵਿੱਚ ਇਕ ਅਣਪਛਾਤੇ ਨੇ ਬੁਰਕੇ ਵਾਲੀ ਵਿਦਿਆਰਥਣ ਨੂੰ ਕਿਹਾ ਕਿ ਜੇ ਉਸ ਨੇ ਬੁਰਕਾ ਨਾ ਲਾਹਿਆ ਤਾਂ ਉਹ ਉਸ ਨੂੰ ਅੱਗ ਲਗਾ ਦੇਵੇਗਾ। ਜਾਰਜੀਆ ਵਿੱਚ ਵੀ ਸਕੂਲ ਦੀ ਮੁਸਲਮਾਨ ਅਧਿਆਪਕਾ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।