ਅਮਰੀਕੀ ਕਾਂਗਰੇਸ਼ਨਲ ਬਰੀਫਿੰਗ ਮੌਕੇ ਘੱਟ ਗਿਣਤੀਆਂ ‘ਤੇ ਜ਼ੁਲਮਾਂ ਪ੍ਰਤੀ ਚਿੰਤਾ ਪ੍ਰਗਟਾਈ

ਅਮਰੀਕੀ ਕਾਂਗਰੇਸ਼ਨਲ ਬਰੀਫਿੰਗ ਮੌਕੇ ਘੱਟ ਗਿਣਤੀਆਂ ‘ਤੇ ਜ਼ੁਲਮਾਂ ਪ੍ਰਤੀ ਚਿੰਤਾ ਪ੍ਰਗਟਾਈ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ :
ਇਥੇ ਹੋਈ ਅਮਰੀਕੀ ਕਾਂਗਰੇਸ਼ਨਲ ਬਰੀਫਿੰਗ ਦੌਰਾਨ ਪੂਰੀ ਦੁਨੀਆ ਵਿਚ ਘੱਟ ਗਿਣਤੀਆਂ ‘ਤੇ ਹੋ ਰਹੇ ਜ਼ੁਲਮਾਂ ਵਿਚ ਵਾਧੇ ‘ਤੇ ਗਹਿਰੀ ਚਿੰਤਾ ਦਾ ਇਜ਼ਹਾਰ ਕੀਤਾ ਗਿਆ। ਇਹ ਬਰੀਫਿੰਗ ਅਗਲੇ ਦਿਨਾਂ ਵਿਚ ਯੂ.ਐਨ. ਕਨਵੈਨਸ਼ਨ ਆਫ਼ ਹਿਊਮਨ ਰਾਈਟਸ ਐਂਡ ਜੀਨੋਸਾਈਡ ਵਿਸ਼ੇ ‘ਤੇ ਹੋਣ ਜਾ ਰਹੀ ਕਾਨਫ਼ਰੰਸ ਤੋਂ ਪਹਿਲਾਂ ਬਹੁਤ ਅਹਿਮ ਸਮਝੀ ਜਾ ਰਹੀ ਹੈ। ਬਰੀਫਿੰਗ ਦੌਰਾਨ ਯੂ.ਐਨ. ਸੈਕਟਰੀ ਜਨਰਲ ਦੇ ਸਪੈਸ਼ਲ ਸਲਾਹਕਾਰ ਡਾਮਾ ਡੀਐਂਗ ਵੱਲੋਂ ਪੂਰੇ ਵਿਸ਼ਵ ਭਰ ਵਿਚ ਵੱਧ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਆਪਣੇ ਭਾਸ਼ਣ ਵਿਚ ਈਰਾਕ, ਸੀਨੀਆਰ ਅਤੇ ਅਫ਼ਰੀਕਾ ਦੇ ਬਹੁਤ ਸਾਰੇ ਦੇਸ਼ਾਂ ਤੋਂ ਇਲਾਵਾ ਭਾਰਤ ਵਿਚ ਵੀ ਵਧ ਰਹੀਆਂ ਹਿੰਸਕ ਘਟਨਾਵਾਂ ‘ਤੇ ਦੁੱਖ ਜ਼ਾਹਰ ਕਰਦਿਆਂ ਅਲੱਗ-ਅਲੱਗ ਦੇਸ਼ਾਂ ਦੇ ਆਗੂਆਂ ਨੂੰ ਇਕਜੁੱਟ ਹੋ ਕੇ ਇਸ ਖਿਲਾਫ਼ ਆਵਾਜ਼ ਉਠਾਉਣ ਅਤੇ ਠੋਸ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਦੇ ਦੇਸ਼ਾਂ ਨੂੰ ਇਕੱਠੇ ਹੋ ਕੇ ਮਨੁੱਖ ਅਧਿਕਾਰਾਂ ਦਾ ਘਾਣ ਕਰ ਰਹੀਆਂ ਤਾਕਤਾਂ ਨੂੰ ਆੜੇ ਹੱਥੀਂ ਲੈਣਾ ਚਾਹੀਦਾ ਹੈ, ਕਿਉਂਕਿ ਇਹ ਲੋਕ ਮਨੁੱਖਤਾ ਦੇ ਦੁਸ਼ਮਣ ਹਨ। ਇਹ ਬਰੀਫਿੰਗ ਕਾਂਗਰਸਮੈਨ ਜੌਨ ਗਾਰਾਮੈਂਡੀ, ਪੈਟਰਿਕ ਮੀਹਾਨ ਅਤੇ ਜਿਮ ਕੋਸਟਾ ਦੇ ਸੱਦੇ ‘ਤੇ ਕਾਰਵਾਈ ਗਈ, ਜਿਸ ਵਿਚ ਡਾਮਾ ਡੀਐਂਗ ਨੇ ਅਹਿਮ ਵਿਚਾਰ ਪੇਸ਼ ਕੀਤੇ। ਇਸੇ ਦੌਰਾਨ ਡਾ. ਇਕਤਿਦਾਰ ਕਰਾਮਤ ਚੀਮਾ, ਜੋ ਕਿ ਇੰਗਲੈਂਡ ਦੀ ਇੰਸਟੀਚਿਊਟ ਆਫ਼ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈੱਲਪਮੈਂਟ ਦੇ ਡਾਇਰੈਕਟਰ ਹਨ, ਨੇ ਜੀਨੋਸਾਈਡ (ਇਕਤਰਫ਼ਾ ਅੰਨ੍ਹੇਵਾਹ ਕਤਲੇਆਮ) ਦੀ ਪ੍ਰਭਾਸ਼ਾ ਨੂੰ ਬਦਲਣ ‘ਤੇ ਜ਼ੋਰ ਦਿੱਤਾ। ਉਨ੍ਹਾਂ 1984 ਵਿਚ ਹੋਏ ਸਿੱਖ ਕਤਲੇਆਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਨੂੰ ਕਤਲੇਆਮ ਦਾ ਨਿਸ਼ਾਨਾ ਬਣਾਇਆ ਗਿਆ, ਜਿਸ ਵਿਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੇ ਆਪਣੀ ਜਾਨ ਗਵਾਈ। ਇਸ ਮੌਕੇ ਜਿਮ ਕੋਟਸਾ ਤੇ ਕਾਂਗਰਸਮੈਨ ਜੌਨ ਗੈਰਾਮੈਂਡੀ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀ ਅੱਜ ਵੀ ਬੇਖੌਫ਼ ਸ਼ਰੇਆਮ ਘੁੰਮ ਰਹੇ ਹਨ ਅਤੇ ਸਿੱਖਾਂ ਨੂੰ ਇੰਨਾ ਲੰਮਾ ਸਮਾਂ ਬੀਤ ਜਾਣ ਦਾ ਬਾਵਜੂਦ ਇਨਸਾਫ਼ ਨਹੀਂ ਮਿਲ ਰਿਹਾ।