ਹਾਰ ਸਵੀਕਾਰ ਕਰਨੀ ਸੌਖੀ ਨਹੀਂ ਸੀ : ਹਿਲੇਰੀ

ਹਾਰ ਸਵੀਕਾਰ ਕਰਨੀ ਸੌਖੀ ਨਹੀਂ ਸੀ : ਹਿਲੇਰੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿੱਚ ਡੋਨਲਡ ਟਰੰਪ ਤੋਂ ਹਾਰਨ ਮਗਰੋਂ ਪਹਿਲੀ ਵਾਰ ਜਨਤਕ ਤੌਰ ‘ਤੇ ਹਾਜ਼ਰੀ ਦਰਜ ਕਰਵਾਉਣ ਮੌਕੇ ਹਿਲੇਰੀ ਕਲਿੰਟਨ ਪੂਰੀ ਤਰ੍ਹਾਂ ਨਿਰਾਸ਼ ਦਿਸੀ। ਇੱਥੇ ਬੀਤੀ ਰਾਤ ‘ਚਿਲਡਰਨਜ਼ ਡਿਫੈਂਸ ਫੰਡ’ ਦੇ ‘ਬੀਟ ਦਿ ਔਡਜ਼’ ਸਮਾਰੋਹ ਦੌਰਾਨ ਹਿਲੇਰੀ ਆਪਣੀ ਹਾਰ ਉਤੇ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੀ ਹੈ ਕਿ ਆਪਣੀ ਮਾਂ, ਜੋ ਛੋਟੀ ਉਮਰੇ ਅਨਾਥ ਹੋ ਗਈ ਸੀ, ਉਸ ਨੂੰ ਇਹ ਗੱਲ ਦੱਸ ਸਕੇ ਕਿ ਉਸ ਦਾ ਸੰਘਰਸ਼ ਪੂਰਾ ਹੋ ਗਿਆ ਹੈ। ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਇੱਥੇ ਇਹ ਗੱਲ ਮੰਨੇਗੀ ਕਿ ਹਾਰ ਸਵੀਕਾਰ ਕਰਨੀ ਸੌਖੀ ਨਹੀਂ ਸੀ।
69 ਸਾਲਾ ਡੈਮੋਕਰੇਟ ਨੇ ਕਿਹਾ ਕਿ ਬੀਤੇ ਹਫ਼ਤੇ ਵਿੱਚ ਕਈ ਵਾਰ ਅਜਿਹੇ ਮੌਕੇ ਆਏ, ਜਦੋਂ ਉਸ ਨੇ ਸਿਰਫ਼ ਘਰ ਵਿੱਚ ਚੰਗੀ ਕਿਤਾਬ ਜਾਂ ਕੁੱਤਿਆਂ ਨਾਲ ਰਹਿਣ ਅਤੇ ਮੁੜ ਕਦੇ ਵੀ ਘਰੋਂ ਨਾ ਨਿਕਲਣ ਦਾ ਫੈਸਲਾ ਕੀਤਾ। ਉਨ੍ਹਾਂ ਅੱਠ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਪੈਦੀਆਂ ਹੋਈਆਂ ਡੂੰਘੀਆਂ ਵੰਡੀਆਂ ਦੇ ਬਾਵਜੂਦ ਆਪਣੇ ਹਮਾਇਤੀਆਂ ਨੂੰ ਹਾਰ ਨਾ ਮੰਨਣ ਲਈ ਕਿਹਾ। ਉਨ੍ਹਾਂ ਹਮਾਇਤੀਆਂ ਨੂੰ ਕਿਹਾ, ”ਮੈਂ ਜਾਣਦੀ ਹੈ ਕਿ ਤੁਹਾਡੇ ਵਿੱਚੋਂ ਕਈਆਂ ਨੂੰ ਡੂੰਘੀ ਨਿਰਾਸ਼ਾ ਹੋਈ ਹੈ। ਮੈਨੂੰ ਵੀ ਹੋਈ, ਮੈਂ ਇਹ ਜ਼ਾਹਰ ਵੀ ਨਹੀਂ ਕਰ ਸਕਦੀ।” ਉਨ੍ਹਾਂ ਕਿਹਾ ਕਿ ਆਪਣੇ ਦੇਸ਼ ਵਿੱਚ ਵਿਸ਼ਵਾਸ ਰੱਖੋ, ਨੈਤਿਕ ਕਦਰਾਂ-ਕੀਮਤਾਂ ਲਈ ਲੜੋ, ਅਤੇ ਕਦੇ ਵੀ ਹਾਰ ਨਾ ਮੰਨੋ।
ਹਿਲੇਰੀ ਨੇ ਕਿਹਾ ਕਿ ਉਹ ਬੀਤੇ ਸਮੇਂ ਵਿੱਚ ਜਾ ਕੇ ਆਪਣੀ ਮਾਂ ਡੋਰਥੀ ਨੂੰ ਆਪਣੀਆਂ ਉਪਲੱਬਧੀਆਂ ਬਾਰੇ ਦੱਸਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਂ ਨੇ ਉਸ ਨੂੰ ਬੇਹੱਦ ਪਿਆਰ ਤੇ ਸਮਰਥਨ ਦਿੱਤਾ, ਜੋ ਉਸ ਨੂੰ ਕਦੇ ਨਹੀਂ ਮਿਲਿਆ ਸੀ। ਡੋਰਥੀ ਰੋਧਮ ਆਪਣੇ ਦਾਦਾ-ਦਾਦੀ ਨਾਲ ਰਹਿਣ ਲਈ ਆਪਣੀ ਛੋਟੀ ਭੈਣ ਨਾਲ ਰੇਲ ਗੱਡੀ ਰਾਹੀਂ ਕੈਲੀਫੋਰਨੀਆ ਆਈ ਸੀ। ਉਸ ਦੇ ਦਾਦਾ-ਦਾਦੀ ਬੱਚਿਆਂ ਦਾ ਸ਼ੋਸ਼ਣ ਕਰਦੇ ਸਨ, ਇਸ ਲਈ ਡੋਰਥੀ ਵਾਪਸ ਆਪਣੇ ਜੱਦੀ ਸ਼ਹਿਰ ਸ਼ਿਕਾਗੋ ਚਲੀ ਗਈ। ਹਿਲੇਰੀ ਨੇ ਕਿਹਾ ਕਿ ਉਸ ਦੀ ਇੱਛਾ ਹੈ ਕਿ ਉਹ ਆਪਣੀ ਮਾਂ ਨਾਲ ਕੈਲੀਫੋਰਨੀਆ ਜਾਵੇ ਤੇ ਉਸੇ ਰੇਲ ਗੱਡੀ ਵਿੱਚ ਬਹਿ ਕੇ ਗੱਲਬਾਤ ਕਰ ਸਕੇ।