ਸਿੱਖ ਕੌਂਸਲ ਸੈਂਟਰਲ ਕੈਲੀਫੋਰਨੀਆ ਨੇ ਗੁਰਪੁਰਬ ਨੂੰ ਸਮਰਪਿਤ ਦੋ ਦਿਨਾਂ ਵਿਸ਼ੇਸ਼ ਸਮਾਗਮ ਰਚਾਇਆ

ਸਿੱਖ ਕੌਂਸਲ ਸੈਂਟਰਲ ਕੈਲੀਫੋਰਨੀਆ ਨੇ ਗੁਰਪੁਰਬ ਨੂੰ ਸਮਰਪਿਤ ਦੋ ਦਿਨਾਂ ਵਿਸ਼ੇਸ਼ ਸਮਾਗਮ ਰਚਾਇਆ

ਡਾ. ਬਲਜਿੰਦਰ ਸਿੰਘ ਨੇ ਸਿੱਖ ਫ਼ਲਸਫ਼ਾ ਸਾਂਝਾ ਕੀਤਾ
ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ :
ਸਿੱਖ ਕੌਮ ਦੇ ਬਾਨੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਦੋ ਦਿਨਾਂ ਵਿਸ਼ੇਸ਼ ਸਮਾਗਮ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਦਰਜ਼ ਦੇ ਗੁਰੂਘਰ ਵਿੱਚ ਕਰਵਾਏ ਗਏ। ਇਸ ਵਿੱਚ ਸ੍ਰੀ ਅਖੰਡ ਸਾਹਿਬ ਦੇ ਭੋਗ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਤੇ ਸਿੱਖ ਸੰਗਤ ਬਾਰੇ ਦੋ ਦਿਨਾਂ ਸੈਮੀਨਾਰ ਕੀਤਾ ਗਿਆ। ਇਸ ਦੌਰਾਨ ਪਹਿਲੇ ਦਿਨ ਬੱਚਿਆਂ ਲਈ ਸੈਮੀਨਾਰ ਅਤੇ ਦੂਸਰੇ ਦਿਨ ਸਮੂਹ ਸਿੱਖ ਸੰਗਤ ਨਾਲ ਵਿਚਾਰਾਂ ਹੋਈਆਂ। ਇਸ ਵਿੱਚ ਵਿਸ਼ੇਸ਼ ਤੌਰ ‘ਤੇ ਕੈਨੇਡਾ ਤੋਂ ਉੱਘੇ ਰੇਡੀਓ ਹੋਸਟ ਡਾ. ਬਲਜਿੰਦਰ ਸਿੰਘ ਚੀਮਾ ਨੇ ਹਾਜ਼ਰੀ ਭਰੀ ਅਤੇ ਸਿੱਖ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਸਿੱਖਾਂ ਅੰਦਰ ਵੱਧ ਰਹੀਆਂ ਕੁਰੀਤੀਆਂ, ਕਰਮਕਾਂਡ ਅਤੇ ਪਾਖੰਡਵਾਦ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਵਹਿਮਾਂ-ਭਰਮਾਂ ਵਿਚੋਂ ਨਿਕਲ ਕੇ ਗੁਰਮਤਿ ਅਪਣਾਉਣ ਦੀ ਅਪੀਲ ਕੀਤੀ। ਇਸ ਸਮੇਂ ਉਨ੍ਹਾਂ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਵੀ ਕੀਤਾ। ਇਸੇ ਸਮੇਂ ਇਲਾਕੇ ਦੀ ਸਿੱਖ ਸੰਗਤ ਅਤੇ ਸਿੱਖ ਕੌਂਸਲ ਕੈਲੀਫੋਰਨੀਆ ਨੇ ਫਰਿਜ਼ਨੋ ਸਿਟੀ ਕੌਂਸਲ ਦੇ ਨਵੇਂ ਬਣੇ ਮੇਅਰ ਅਤੇ ਸਮੁੱਚੇ ਪ੍ਰਬੰਧਕਾਂ ਦਾ ‘1984 ਦੀ ਸਿੱਖ ਨਸਲਕੁਸ਼ੀ’ ਦਾ ਮਤਾ ਪਾਸ ਕਰਨ ‘ਤੇ ਧੰਨਵਾਦ ਕਰਦੇ ਹੋਏ ਸਨਮਾਨਤ ਕੀਤਾ ਗਿਆ। ਇਸ ਸਮੇਂ ਗੁਰੂਘਰ ਦੇ ਹਜ਼ੂਰੀ ਕੀਰਤਨੀ ਜੱਥੇ ਵੱਲੋਂ ਕੀਰਤਨ ਦੀ ਹਾਜ਼ਰੀ ਵੀ ਭਰੀ ਗਈ। ਇਸ ਮੌਕੇ ਸ. ਸੁਖਦੇਵ ਸਿੰਘ ਚੀਮਾ, ਬਿੱਲ ਨਿੱਝਰ, ਮੇਅਰ ਲੀ ਬਰਾਂਡ, ਡਾ. ਸ਼ਰਨਜੀਤ ਸਿੰਘ ਪੁਰੇਵਾਲ, ਇਕਬਾਲ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ। ਗੁਰੂ ਦੇ ਲੰਗਰ ਅਤੁੱਟ ਵਰਤੇ।