ਟਰੰਪ ਦੀਆਂ ਇਮੀਗਰੇਸ਼ਨ ਨੀਤੀਆਂ ਦਾ ਵਿਰੋਧ ਕਰਾਂਗੀ : ਕਮਲਾ ਹੈਰਿਸ

ਟਰੰਪ ਦੀਆਂ ਇਮੀਗਰੇਸ਼ਨ ਨੀਤੀਆਂ ਦਾ ਵਿਰੋਧ ਕਰਾਂਗੀ : ਕਮਲਾ ਹੈਰਿਸ

ਵਾਸ਼ਿੰਗਟਨ/ਬਿਊਰੋ ਨਿਊਜ਼ :
ਸੈਨੇਟ ਸੀਟ ਜਿੱਤ ਕੇ ਇਤਿਹਾਸ ਸਿਰਜਣ ਵਾਲੀ ਭਾਰਤ-ਅਮਰੀਕੀ ਕਮਲਾ ਹੈਰਿਸ (52) ਨੇ ਕਿਹਾ ਹੈ ਕਿ ਉਹ ਚੁਣੇ ਗਏ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਇਮੀਗਰੇਸ਼ਨ ਨੀਤੀਆਂ ਖ਼ਿਲਾਫ਼ ਮੁਹਾਜ਼ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਨਸਲੀ ਅਤੇ ਵਿਦੇਸ਼ੀਆਂ ਨੂੰ ਨਾਪਸੰਦ ਕਰਨ ਵਾਲੀ ਸਿਆਸਤ ਨੂੰ ਨਕਾਰਨਾ ਪਏਗਾ। ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਦਸਤਖ਼ਤੀ ਮੁਹਿੰਮ ਸ਼ੁਰੂ ਕਰਦਿਆਂ ਆਪਣੇ ਹਮਾਇਤੀਆਂ ਨੂੰ ਭੇਜੇ ਈਮੇਲ ਵਿਚ ਉਨ੍ਹਾਂ ਕਿਹਾ ਕਿ ਚੋਣ ਨੇ ਦੇਸ਼ ਦੇ ਲੱਖਾਂ ਲੋਕਾਂ ਨੂੰ ਸ਼ਕਤੀਹੀਣ ਕਰ ਦਿੱਤਾ ਅਤੇ ਉਹ ਖੌਫ਼ਜ਼ਦਾ ਹਨ ਕਿ ਪਤਾ ਨਹੀਂ ਭਵਿੱਖ ਕਿਵੇਂ ਦਾ ਹੋਵੇਗਾ।  ਕੈਲੀਫੋਰਨੀਆ ਤੋਂ ਸੈਨੇਟ ਦੀ ਚੋਣ ਜਿੱਤਣ ਵਾਲੀ ਕਮਲਾ ਹੈਰਿਸ ਨੇ ਟਰੰਪ ਦੀ ਵੱਡੇ ਪੱਧਰ ‘ਤੇ ਪਰਵਾਸੀਆਂ ਨੂੰ ਉਨ੍ਹਾਂ ਦੇ ਮੁਲਕ ਭੇਜਣ ਅਤੇ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਦੀਵਾਰ ਬਣਾਉਣ ਦੀਆਂ ਨੀਤੀਆਂ ਨੂੰ ਗ਼ੈਰ ਯਥਾਰਥਵਾਦੀ ਕਰਾਰ ਦਿੱਤਾ। ਕੈਲੀਫੋਰਨੀਆ ਦੀ ਦੋ ਵਾਰ ਅਟਾਰਨੀ ਜਨਰਲ ਰਹੀ ਕਮਲਾ ਹੈਰਿਸ 3 ਜਨਵਰੀ ਨੂੰ ਅਮਰੀਕੀ ਸੈਨੇਟਰ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਆਪਣੇ ਡੈਮੋਕਰੈਟਿਕ ਸਾਥੀਆਂ ਨਾਲ ਗੱਲਬਾਤ ਕਰ ਕੇ ਪਰਵਾਸੀਆਂ ਦੀ ਰਾਖੀ ਕਰਨ ਦੀ ਰਣਨੀਤੀ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ‘ਤੇ ਪਰਵਾਸੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨੀ ਪਏਗੀ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣਾ ਪਏਗਾ।