ਪ੍ਰਮਿਲਾ ਜੈਪਾਲ ਨੇ ਸਿਆਟਲ ਸੀਟ ਤੇ ਰੋਅ ਖੰਨਾ ਨੇ ਕੈਲੀਫੋਰਨੀਆ ਤੋਂ ਜਿੱਤ ਹਾਸਲ ਕੀਤੀ

ਪ੍ਰਮਿਲਾ ਜੈਪਾਲ ਨੇ ਸਿਆਟਲ ਸੀਟ ਤੇ ਰੋਅ ਖੰਨਾ ਨੇ ਕੈਲੀਫੋਰਨੀਆ ਤੋਂ ਜਿੱਤ ਹਾਸਲ ਕੀਤੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੀਆਂ ਆਮ ਚੋਣਾਂ ਵਿੱਚ ਇਸ ਵਾਰ ‘ਦੇਸੀ’ ਲਹਿਰ ਨੇ ਵੀ ਵਧੀਆ ਰੰਗ ਦਿਖਾਇਆ ਹੈ ਤੇ ਭਾਰਤੀ ਮੂਲ ਦੇ ਚਾਰ ਆਗੂਆਂ ਨੇ ਅਮਰੀਕੀ ਕਾਂਗਰਸ (ਸੰਸਦ) ਵਿੱਚ ਦਾਖ਼ਲਾ ਪਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਪੰਜਵੇਂ ਉਮੀਦਵਾਰ ਦੇ ਹਲਕੇ ਦੀਆਂ ਵੋਟਾਂ ਦੀ ਮੁੜ-ਗਿਣਤੀ ਦਾ ਫ਼ੈਸਲਾ ਹੋਇਆ ਹੈ। ਭਾਰਤੀ ਔਰਤਾਂ ਦੀ ਕਾਰਗੁਜ਼ਾਰੀ ਵੀ ਸ਼ਾਨਦਾਰ ਰਹੀ। ਕਮਲਾ ਹੈਰਿਸ ਤੇ ਰਾਜਾ ਕ੍ਰਿਸ਼ਨਾਮੂਰਤੀ ਤੋਂ ਇਲਾਵਾ ਪ੍ਰਮਿਲਾ ਜੈਪਾਲ ਤੇ ਰੋਅ ਖੰਨਾ ਵੀ ਜੇਤੂ ਰਹੇ।
ਭਾਰਤੀ ਮੂਲ ਦੀ ਕਮਲਾ ਹੈਰਿਸ (51) ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਸੈਨੇਟ ਦੀ ਸੀਟ ਜਿੱਤ ਕੇ ਇਤਿਹਾਸ ਕਾਇਮ ਕੀਤਾ। ਗ਼ੌਰਤਲਬ ਹੈ ਕਿ ਬਾਕੀ ਮੁਲਕਾਂ ਦੇ ਉਲਟ ਅਮਰੀਕਾ ਵਿੱਚ ਸੰਸਦ ਦੇ ਉਪਰਲੇ ਸਦਨ ਨੂੰ ਵੱਧ ਸ਼ਕਤੀਆਂ ਹਾਸਲ ਹਨ। ਬੀਬੀ ਹੈਰਿਸ ਇਸ ਤੋਂ ਪਹਿਲਾਂ ਦੋ ਵਾਰ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਰਹਿ ਚੁੱਕੀ ਹੈ।
ਪ੍ਰਮਿਲਾ ਜੈਪਾਲ (51) ਨੇ ਸਿਆਟਲ  ਸੀਟ ਜਿੱਤ ਕੇ ਹੇਠਲੇ ਸਦਨ ਪ੍ਰਤੀਨਿਧ ਸਭਾ ਵਿੱਚ ਦਾਖ਼ਲਾ ਪਾਇਆ। ਉਹ ਇਹ ਮਾਣ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਹੈ। ਉਨ੍ਹਾਂ ਦੇ ਨਾਲ ਹੀ ਰਾਜਾ ਕ੍ਰਿਸ਼ਨਾਮੂਰਤੀ ਵੀ ਹੇਠਲੇ ਸਦਨ ਵਿੱਚ ਪੁੱਜਣ ਵਿਚ ਸਫਲ ਰਹੇ ਹਨ। ਇਸੇ ਤਰ੍ਹਾਂ ਡੈਮੋਕਰੈਟਿਕ ਉਮੀਦਵਾਰ ਰੋਅ ਖੰਨਾ ਵੀ ਕੈਲੀਫੋਰਨੀਆ ਦੇ 17ਵੇਂ ਜ਼ਿਲ੍ਹੇ ਤੋਂ ਮਾਈਕ ਹੌਂਡਾ ਨੂੰ ਹਰਾ ਕੇ ਪ੍ਰਤੀਨਿਧ ਸਭਾ ਦੇ ਮੈਂਬਰ ਬਣੇ ਹਨ। ਇਸ ਦੌਰਾਨ ਪ੍ਰਤੀਨਿਧ ਸਭਾ ਦੇ ਮੌਜੂਦਾ ਡੈਮੋਕਰੈਟਿਕ ਮੈਂਬਰ ਐਮੀ ਬੇਰਾ ਦੇ ਹਲਕੇ ਦੀਆਂ ਵੋਟਾਂ ਦੀ ਮੁੜ-ਗਿਣਤੀ ਕਰਾਉਣ ਦਾ ਫ਼ੈਸਲਾ ਹੋਇਆ ਹੈ। ਉਹ ਪ੍ਰਤੀਨਿਧ ਸਭਾ ਵਿੱਚ ਲਗਾਤਾਰ ਤੀਜੀ ਵਾਰ ਦਾਖ਼ਲੇ ਲਈ ਰਿਪਬਲਿਕਨ ਸਕੌਟ ਜੋਨਜ਼ ਦਾ ਮੁਕਾਬਲਾ ਕਰ ਰਹੇ ਹਨ।