ਆਮ ਆਦਮੀ ਪਾਰਟੀ ਨੂੰ ਯੂਬਾ ਸਿਟੀ ਨਗਰ ਕੀਰਤਨ ਮੌਕੇ ਮਿਲਿਆ ਭਰਵਾਂ ਹੁੰਗਾਰਾ

ਆਮ ਆਦਮੀ ਪਾਰਟੀ ਨੂੰ ਯੂਬਾ ਸਿਟੀ ਨਗਰ ਕੀਰਤਨ ਮੌਕੇ ਮਿਲਿਆ ਭਰਵਾਂ ਹੁੰਗਾਰਾ

ਯੂਬਾ ਸਿਟੀ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਸਥਾਨਕ 37ਵੇਂ ਮਹਾਨ ਨਗਰ ਕੀਰਤਨ ਤੇ ਆਮ ਆਦਮੀ ਪਾਰਟੀ ਓਵਰਸੀਜ ਵਲੰਟੀਅਰਜ਼ ਵਲੋਂ ਪਾਰਟੀ ਨੀਤੀਆਂ ਤੋਂ ਪਰਵਾਸੀ ਪੰਜਾਬੀਆਂ ਨੂੰ ਜਾਣੂ ਕਰਵਾਉਣ ਲਈ ਮੁਹਿੰਮ ਵਿੱਢੀ ਗਈ। ਇਸ ਵਿਚ ਪੂਰੇ ਅਮਰੀਕਾ ਤੋਂ ਵਲੰਟੀਅਰਾਂ ਨੇ ਸ਼ਿਰਕਤ ਕੀਤੀ। ‘ਆਪ’ ਵਲੰਟੀਅਰ ਡਾਕਟਰ ਇਕਵਿੰਦਰ ਸਿੰਘ ਗਿੱਲ (ਬੇ ਏਰੀਆ ) ਅਤੇ ਗੁਰਪਾਲ ਸਿੰਘ ਯੂਬਾ ਸਿਟੀ ਦੀ ਅਗਵਾਈ ਵਿਚ ਇਸ ਇਕੱਤਰਤਾ ਦੀ ਸ਼ੁਰੂਆਤ 3 ਨੰਬਵਰ ਨੂੰ ਹੋਈ ਅਤੇ 6 ਨੰਬਵਰ ਨੂੰ ਨਗਰ ਕੀਰਤਨ ਦੀ ਵਾਪਸੀ ਮਗਰੋਂ ਗੁਰਦੁਆਰਾ ਸਹਿਬ ਦੇ ਬਾਹਰ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸਮਾਪਤੀ ਹੋਈ।
ਪੂਰੇ ਚਾਰ ਦਿਨ ਚੱਲੇ ਆਮ ਆਦਮੀ ਪਾਰਟੀ ਦੇ ਬੂਥ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਸੈਕਰਾਮੈਂਟੋ, ਯੂਬਾ ਸਿਟੀ, ਸਟਾਕਟਨ ਅਤੇ ਮੋਡਿਸਟੋ ਦੇ ਸਮੂਹ ਵਲੰਟੀਅਰਾਂ ਸਿਰ ਜਾਂਦਾ ਹੈ, ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਪੂਰੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਫਰਿਜ਼ਨੋ ਟੀਮ ਦੇ ਮੋਢੀ ਮੈਂਬਰ ਗੁਰਨੇਕ ਸਿੰਘ ਬਾਗੜੀ ਸਟਾਕਟਨ ਟੀਮ ਦੇ ਬਲ ਬਹਾਦਰ ਅਤੇ ਬੇਕਰਸਫੀਲਡ ਚੈਪਟਰ ਦੇ ਅਜੀਤ ਸਿੰਘ ਭੱਠਲ ਦਾ ਵਿਸ਼ੇਸ਼ ਸਹਿਯੋਗ ਰਿਹਾ।
ਨਗਰ ਕੀਰਤਨ ਵਿੱਚ ਉਚੇਚੇ ਤੌਰ ‘ਤੇ ਲਾਸ ਏਂਜਲਸ ਤੋਂ ਸ਼੍ਰੀਕਾਂਤ ਅਤੇ ਸਿਆਟਲ ਤੋਂ ਰਾਜ ਤੂਰ ਨੇ ਪਹੁੰਚ ਕੇ ਨਵੀਂ ਰੂਹ ਫੂਕੀ। ਇਸ ਤੋਂ ਇਲਾਵਾ ਨਿਊ ਜਰਸੀ ਤੋਂ ਸਤਵੀਰ ਬਰਾੜ ਅਤੇ ਬਲਜਿੰਦਰ ਸਿੰਘ ਨੇ ਆਪਣੀ ਹਾਜ਼ਰੀ ਲਗਵਾਈ।
ਔਰਤਾਂ ਵਾਸਤੇ ਵੱਖਰਾ ਬੂਥ ਲਗਾਇਆ ਗਿਆ ਸੀ, ਜਿਸ ਦੀ ਅਗਵਾਈ ਜਸਲੀਨ ਮਾਨ ਅਤੇ ਪੈਮ ਕੌਰ ਨੇ ਬਹੁਤ ਸੁਚੱਜੇ ਢੰਗ ਨਾਲ਼ ਕੀਤੀ।
ਪਾਰਟੀ ਦੇ ਤੇਜ ਤਰਾਰ ਆਗੂ ਪ੍ਰਭਾਤ ਸ਼ਰਮਾ ਦੀ ਅਗਵਾਈ ਵਿਚ ਆਮ ਲੋਕਾਂ ਨੂੰ ਟੀ ਸ਼ਰਟਾਂ ਵੰਡੀਆਂ ਗਈਆਂ, ਜਿਸ ਨਾਲ ਆਮ ਆਦਮੀ ਪਾਰਟੀ ਦਾ ਰੰਗ ਪੂਰੇ ਨਗਰ ਕੀਰਤਨ ਵਿਚ ਦੇਖਣ ਨੂੰ ਮਿਲਿਆ।
‘ਆਪ’ ਟੀਮ ਨੇ ਆਮ ਲੋਕਾਂ ਸਾਹਮਣੇ ਤਿੰਨ ਪ੍ਰੋਗਰਾਮ ਰੱਖੇ, ਜਿਸ ਨੂੰ ਤਿੰਨ ਹਜ਼ਾਰ ਲੋਕਾਂ ਵਲੋਂ ਸਵੀਕਾਰ ਕੀਤਾ ਗਿਆ। ਪਹਿਲਾ ਕਾਲਿੰਗ-ਕੈਂਪੇਨ ਲਈ ਵਲੰਟੀਅਰ ਬਣਨ ਵਾਸਤੇ ਦਸਤਖ਼ਤੀ ਮੁਹਿੰਮ, ਜਿਸ ਦੀ ਅਗਵਾਈ ਅਮਰਜੀਤ ਸਿੰਘ ਨੇ ਕੀਤੀ। ਦੂਸਰਾ ਡੋਨੇਸ਼ਨ, ਤੀਸਰਾ ਪੰਜਾਬ ਮਿਸ਼ਨ ਰਾਹੀਂ ਆਪਣੇ ਹਲਕੇ ਨਾਲ ਜੁੜਨਾ, ਜਿਸ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ ਢਿੱਲੋਂ ਵੱਲੋਂ ਬਾਖੂਬੀ ਨਿਭਾਈ ਗਈ।
ਡਾਕਟਰ ਗਿੱਲ ਨੇ ਪੰਜਾਬ ਦੇ ਮਾੜੇ ਹਾਲਾਤ ਅਤੇ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਤਿੰਨ ਹਜ਼ਾਰ ਲੋਕਾਂ ਨੇ ‘ਆਪ’ ਵਿੱਚ ਸ਼ਾਮਲ ਹੋਣ ਲਈ ਆਪਣੇ ਨਾਮ ਲਿਖਵਾਏ। ਕਰੀਬ ਇਕ ਹਜ਼ਾਰ ਤੋਂ ਵੱਧ ਟੀ ਸ਼ਰਟਾਂ ਪਾ ਕੇ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਦੀ ਹੋਂਦ ਦਾ ਮੁਜ਼ਾਹਰਾ ਕੀਤਾ। ਨਗਰ ਕੀਰਤਨ ਦੌਰਾਨ ਆਮ ਆਦਮੀ ਪਾਰਟੀ ਦੇ ਇਸ ਪੂਰੇ ਪ੍ਰੋਗਰਾਮ ਨੂੰ ਕੈਮਰਾਬੰਧ ਰਾਜ ਬਡਵਾਲ ਨੇ ਕੀਤਾ।