ਕਤਲ ਦੇ ਮਾਮਲੇ ‘ਚ ਹਿੰਦੂ ਪੁਜਾਰੀ ਗ੍ਰਿਫ਼ਤਾਰ

ਕਤਲ ਦੇ ਮਾਮਲੇ ‘ਚ ਹਿੰਦੂ ਪੁਜਾਰੀ ਗ੍ਰਿਫ਼ਤਾਰ

ਮ੍ਰਿਤਕ ਦੀ ਪਤਨੀ ਨਾਲ ਪ੍ਰੇਮ ਸਬੰਧਾਂ ਦਾ ਸ਼ੱਕ
ਸੈਕਰਾਮੈਂਟੋ/ਬਿਊਰੋ ਨਿਊਜ਼ :
ਅਸ਼ੋਕ ਕੁਮਾਰ ਦੇ ਕਤਲ ਦੇ ਮਾਮਲੇ ਵਿਚ ਕਈ ਹੈਰਾਨੀਜਨਕ ਤੱਥ ਸਾਹਮਣੇ ਆ ਰਹੇ ਹਨ। ਹੁਣ ਇਸ ਮਾਮਲੇ ਵਿਚ ਇਕ ਹਿੰਦੂ ਪੁਜਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਥੋਂ ਦੇ ਗਰੈਂਡਸਟਾਫ ਡਰਾਈਵ ਸਥਿਤ ਅਸ਼ੋਕ ਕੁਮਾਰ (60) ਅਗਸਤ ਵਿਚ ਆਪਣੇ ਘਰ ਵਿਚ ਮ੍ਰਿਤਕ ਮਿਲਿਆ ਸੀ। ਇਕ ਮਹੀਨੇ ਬਾਅਦ ਸੈਕਰਾਮੈਂਟੋ ਪੁਲੀਸ ਨੇ ਟੀਵਾਨ ਗਰੀਨਵੇਡ, ਵਿੱਕੀ ਰਾਨੋਨ ਅਤੇ ਅਸ਼ੋਕ ਕੁਮਾਰ ਦੀ ਪਤਨੀ ਰੋਹਿਨੀ ਕੁਮਾਰ ਨੂੰ ਕਤਲ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਸੀ। ਪਿਛਲੇ ਹਫ਼ਤੇ ਇਨ੍ਹਾਂ ਦੋਸ਼ਾਂ ਤਹਿਤ ਹੀ ਰਘੂ ਸ਼ਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਕਿ ਸਾਰੇ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਸ ਘਟਨਾ ਨੇ ਹਿੰਦੂ ਭਾਈਚਾਰੇ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ ਜਿਸ ਦਾ ਅਸਰ ਪਿਛਲੇ ਦਿਨੀਂ ਦੀਵਾਲੀ ਦੇ ਜਸ਼ਨਾਂ ਦੌਰਾਨ ਵੀ ਦੇਖਿਆ ਗਿਆ। ਪੰਡਿਤ ਗਿਰਵਰ ਮਹਾਰਾਜ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਕਾਰਵਾਈ ਹੈ। ਇਸ ਨਾਲ ਹਿੰਦੂ ਭਾਈਚਾਰੇ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਇਕ ਪੁਜਾਰੀ ਕੀੜੀ ਤਕ ਨਹੀਂ ਮਾਰ ਸਕਦਾ ਪਰ ਇਕ ਆਦਮੀ ਦੇ ਕਤਲ ਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਜਾਰੀ ਹੀ ਅਜਿਹੇ ਕੰਮ ਕਰੇਗਾ ਤਾਂ ਉਹ ਲੋਕਾਂ ਨੂੰ ਕੀ ਸਿੱਖਿਆ ਦਏਗਾ।
ਪੁਲੀਸ ਨੇ ਪਹਿਲਾਂ ਇਸ ਨੂੰ ਲੁੱਟ-ਖੋਹ ਦੀ ਘਟਨਾ ਸਮਝਿਆ ਸੀ ਪਰ ਜਾਂਚ ਮਗਰੋਂ ਇਸ ਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ। ਸ਼ਰਮਾ ਨੇ ਆਪਣੇ ਬੱਚਿਆਂ ਅਤੇ ਪਤਨੀ ਦੀ ਮਦਦ ਲਈ ਇਕ ਦੋਸਤ, ਜੋ ਕਿ ਇਸ ਕਤਲ ਵਿਚ ਸ਼ਾਮਲ ਹੈ, ਵਲੋਂ ਸਥਾਪਤ 7o6undMe ਗੋਫੰਡਮੀ ਨੂੰ ਪੰਜ ਡੋਲਰ ਦਾਨ ਕੀਤੇ ਸਨ। ਪੁਲੀਸ ਚਾਰੇ ਮੁਲਜ਼ਮਾਂ ਵਿਚਾਲੇ ਸਬੰਧਾਂ ਨੂੰ ਖੰਘਾਲ ਰਹੀ ਹੈ। ਪਰ ਸੈਕਰਾਮੈਂਟੋ ਦਾ ਹਿੰਦੂ ਭਾਈਚਾਰਾ ਕੁਮਾਰ ਦੀ ਪਤਨੀ ਰੋਹਿਨੀ ਅਤੇ ਪੁਰੋਹਿਤ ਰਘੂ ਸ਼ਰਮਾ ਵਿਚਾਲੇ ਪ੍ਰੇਮ ਸਬੰਧਾਂ ਨੂੰ ਇਸ ਕਤਲ ਲਈ ਜ਼ਿੰਮੇਵਾਰ ਮੰਨ ਰਿਹਾ ਹੈ। ਅਸ਼ੋਕ ਸ਼ਰਮਾ ਨੇ ਆਪਣਾ ਜੀਵਨ ਬੀਮਾ ਵੀ ਕਰਵਾਇਆ ਹੋਇਆ ਸੀ ਤੇ ਪਤਨੀ ਦੇ ਰਘੂ ਸ਼ਰਮਾ ਨਾਲ ਸਬੰਧ ਸੀ ਤੇ ਉਹ ਉਸ ਕੋਲੋਂ ਪੈਸੇ ਹੜੱਪਣਾ ਚਾਹੁੰਦੇ ਸਨ।