ਟੈਕਸਸ ਦੇ ਗੁਰੂ ਘਰਾਂ ਦੇ ਨੁਮਾਇੰਦਿਆਂ ਨੇ ਸਿੱਖਾਂ ‘ਤੇ ਨਸਲੀ ਹਮਲਿਆਂ ਉਪਰ ਚਿੰਤਾ ਪ੍ਰਗਟਾਈ

ਟੈਕਸਸ ਦੇ ਗੁਰੂ ਘਰਾਂ ਦੇ ਨੁਮਾਇੰਦਿਆਂ ਨੇ ਸਿੱਖਾਂ ‘ਤੇ ਨਸਲੀ ਹਮਲਿਆਂ ਉਪਰ ਚਿੰਤਾ ਪ੍ਰਗਟਾਈ

ਡੈਲਸ/ਬਿਊਰੋ ਨਿਊਜ਼ :
ਲੰਘੇ ਸ਼ਨਿਚਰਵਾਰ ਟੈਕਸਸ ਸਟੇਟ ਦੇ ਗੁਰਦੁਆਰਿਆਂ ਦੇ ਪ੍ਰਮੁੱਖ ਨੁਮਾਇੰਦਿਆਂ ਦੀ ਮੀਟਿੰਗ ਸਿੱਖ ਟੈਂਪਲ ਗਰਲੈਂਡ ਵਿਖੇ ਹੋਈ ਜਿਸ ਵਿਚ ਸਾਂਝੇ ਕਾਰਜਾਂ ਲਈ ਸਟੇਟ ਪੱਧਰ ਦੀ ਕਾਰਜਕਰਨੀ ਕਮੇਟੀ ਬਣਾਉਣ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਭ ਦੇ ਸੁਝਾਅ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਢੇਸੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਸ ਗੱਲ ‘ਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਕਿ ਕਿਵੇਂ 11 ਸਤੰਬਰ 2001 ਨੂੰ ਨਿਊਯਾਰਕ ਵਿਖੇ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ‘ਤੇ ਨਸਲੀ ਹਮਲੇ ਕੀਤੇ ਗਏ, ਜਿਸ ਵਿਚ ਬਹੁਤ ਸਾਰੇ ਬੇਕਸੂਰ ਸਿੱਖਾਂ ਨੂੰ ਆਪਣੀ ਜਾਨ ਗਵਾਉਣੀ ਪਈ। ਜਨੂੰਨੀਆਂ ਵੱਲੋਂ ਸਿੱਖਾਂ ਨੂੰ ਬਿਨ ਲਾਦਨ ਵਰਗੇ ਨਫ਼ਰਤੀ ਨਾਂਵਾਂ ਨਾਲ ਸੰਬੋਧਤ ਕੀਤਾ ਜਾਂਦਾ ਹੈ। ਡਾਕਟਰ ਹਰਦਮ ਆਜ਼ਾਦ ਨੇ ਕਿਹਾ ਕਿ ਸਿੱਖਾਂ ਨੂੰ 9/11 ਤੋਂ ਬਾਅਦ ਅਜਿਹੇ ਅਣ-ਮਨੁੱਖੀ ਵਤੀਰੇ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਕਿ ਅਮਰੀਕਨ ਸਮਾਜ ਅੰਦਰ ਸਭਿਅਕ ਨਹੀਂ ਹੈ। ਸਾਰਿਆਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਸਿੱਖ ਪਹਿਚਾਣ ਨੂੰ ਉਜਗਾਰ ਕਰਨ ਲਈ ਸਾਰਿਆਂ ਨੂੰ ਲਾਮਬੰਦ ਹੋ ਕੇ ਜ਼ੋਰਦਾਰ ਉਪਰਾਲੇ ਕਰਨੇ ਚਾਹੀਦੇ ਹਨ। ਇਸ ਲਈ ਸਾਂਝੀ ਕਾਰਜਕਰਨੀ ਦੀ ਜ਼ਰੂਰਤ ਹੈ।