ਲੋੜ ਪਈ ਤਾਂ ਪਾਕਿਸਤਾਨ ਅੰਦਰ ਦਾਖ਼ਲ ਹੋ ਕੇ ਮਾਰਾਂਗੇ ਅੱਤਵਾਦੀ : ਅਮਰੀਕਾ

ਲੋੜ ਪਈ ਤਾਂ ਪਾਕਿਸਤਾਨ ਅੰਦਰ ਦਾਖ਼ਲ ਹੋ ਕੇ ਮਾਰਾਂਗੇ ਅੱਤਵਾਦੀ : ਅਮਰੀਕਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਲੋੜ ਪੈਣ ਉਤੇ ਉਹ ਪਾਕਿਸਤਾਨ ਅੰਦਰ ਦਾਖ਼ਲ ਹੋ ਕੇ ਇਕੱਲਾ ਅਤਿਵਾਦ ਨੈੱਟਵਰਕਾਂ ਨੂੰ ਤਬਾਹ ਕਰਨ ਤੋਂ ਝਿਜਕੇਗਾ ਨਹੀਂ ਕਿਉਂਕਿ ਪਾਕਿਸਤਾਨ ਦੀ ਤਾਕਤਵਰ ਖੁਫ਼ੀਆ ਏਜੰਸੀ ਆਈਐਸਆਈ ਆਪਣੀ ਧਰਤੀ ਉਤੇ ਸਰਗਰਮ ਸਾਰੀਆਂ ਅਤਿਵਾਦੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ ਹੈ।
ਅਤਿਵਾਦ ਲਈ ਵਿੱਤੀ ਮਦਦ ਰੋਕਣ ਵਾਲੇ ਵਿਭਾਗ ਦੇ ਕਾਰਜਕਾਰੀ ਅੰਡਰ ਸੈਕਟਰੀ ਐਡਮ ਜ਼ੂਬਿਨ ਨੇ ਕਿਹਾ, ‘ਸਮੱਸਿਆ ਇਹ ਹੈ ਕਿ ਪਾਕਿਸਤਾਨੀ ਸਰਕਾਰ ਅੰਦਰ ਹੀ ਖਾਸ ਤੌਰ ਉਤੇ ਖੁਫੀਆ ਏਜੰਸੀ ਆਈਐਸਆਈ ਵਿੱਚ ਕੁੱਝ ਤਾਕਤਾਂ ਹਨ, ਜੋ ਪਾਕਿਸਤਾਨ ਵਿੱਚ ਸਰਗਰਮ ਸਾਰੇ ਅਤਿਵਾਦੀ ਗੁੱਟਾਂ ਖ਼ਿਲਾਫ਼ ਇਕਸਾਰ ਕਦਮ ਚੁੱਕਣ ਤੋਂ ਇਨਕਾਰ ਕਰਦੀਆਂ ਹਨ। ਇਹ ਕੁੱਝ ਜਥੇਬੰਦੀਆਂ ਨੂੰ ਤਾਂ ਬਰਦਾਸ਼ਤ ਵੀ ਕਰਦਾ ਹੈ। ਇਹ ਹੋਰ ਵੀ ਮਾੜਾ ਹੈ।’ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, ‘ਅਸੀਂ ਪਾਕਿਸਤਾਨ ਵਿੱਚ ਆਪਣੇ ਭਾਈਵਾਲਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਦੇਸ਼ ਵਿੱਚ ਸਰਗਰਮ ਅਤਿਵਾਦੀ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਨ। ਅਸੀਂ ਉਨ੍ਹਾਂ ਦੀ ਮਦਦ ਲਈ ਤਿਆਰ ਖੜ੍ਹੇ ਹਾਂ। ਪਰ ਇਸ  ਗੱਲ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਅਸੀਂ ਅਤਿਵਾਦ ਲਈ ਜੰਗ ਵਿੱਚ ਪਾਕਿਸਤਾਨ ਨਾਲ ਖੜ੍ਹਨ ਲਈ ਵਚਨਬੱਧ ਹਾਂ ਪਰ ਜੇਕਰ ਲੋੜ ਪੈਂਦੀ ਹੈ ਤਾਂ ਇਨ੍ਹਾਂ ਨੈੱਟਵਰਕਾਂ ਨੂੰ ਤਬਾਹ ਕਰਨ ਲਈ ਇਕੱਲੇ ਕਾਰਵਾਈ ਕਰਨ ਤੋਂ ਵੀ ਨਹੀਂ ਝਿਜਕਾਂਗੇ।’ ਸ੍ਰੀ ਐਡਮ ਨੇ ‘ਪਾਲ ਐਚ ਨਿਤਜ਼ੇ ਸਕੂਲ ਆਫ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼’ ਵਿੱਚ ਕਿਹਾ, ‘ਪਾਕਿਸਤਾਨ ਨੂੰ ਉੱਤਰ-ਪੱਛਮੀ ਪਾਕਿ ਵਿੱਚ ਅਤਿਵਾਦ ਖ਼ਿਲਾਫ਼ ਚੱਲ ਰਹੀਆਂ ਮੁਹਿੰਮਾਂ ਵਿੱਚ ਸਫ਼ਲਤਾ ਵੀ ਮਿਲੀ ਹੈ। ਉਸ ਨੇ ਆਈਐਸਆਈਐਲ ਨੂੰ ਅਤਿਵਾਦੀ ਜਥੇਬੰਦੀ ਐਲਾਨ ਦਿੱਤਾ ਹੈ। ਪਰ ਅਤਿਵਾਦੀ ਗੁੱਟਾਂ ਨੂੰ ਆਈਐਸਆਈ ਵੱਲੋਂ ਸਮਰਥਨ ਦਿੱਤੇ ਜਾਣ ਦੀ ਸਮੱਸਿਆ ਬਰਕਰਾਰ ਹੈ। ਇਸ ਦਾ ਅਸੀਂ ਸਮਰਥਨ ਨਹੀਂ ਕਰ ਸਕਦੇ।’ ਅਮਰੀਕਾ ਇਹ ਵੀ ਕਹਿ ਰਿਹਾ ਹੈ ਕਿ ਪਾਕਿਸਤਾਨ ਨੇ ਹੱਕਾਨੀ ਨੈੱਟਵਰਕ ਨੂੰ ਯੁੱਧ ਪ੍ਰਭਾਵਿਤ ਅਫ਼ਗ਼ਾਨਿਸਤਾਨ ਵਿੱਚ ਮਾਰੂ ਹਮਲਿਆਂ ਦੀ ਸਾਜ਼ਿਸ਼ ਰਚਣ ਤੋਂ ਰੋਕਣ ਲਈ ਉਸ ‘ਤੇ ਦਬਾਅ ਨਹੀਂ ਪਾਇਆ।