ਤੀਜੀ ਤੇ ਆਖ਼ਰੀ ਬਹਿਸ ਵਿਚ ਵੀ ਹਿਲੇਰੀ ਨੇ ਟਰੰਪ ਨੂੰ ਪਛਾੜਿਆ

ਤੀਜੀ ਤੇ ਆਖ਼ਰੀ ਬਹਿਸ ਵਿਚ ਵੀ ਹਿਲੇਰੀ ਨੇ ਟਰੰਪ ਨੂੰ ਪਛਾੜਿਆ

ਟਰੰਪ ਨੇ ਲਾਏ ਹੇਰਾਫੇਰੀ ਦੇ ਦੋਸ਼, ਹਿਲੇਰੀ ਵੱਲੋਂ ਦੋਸ਼ਾਂ ਦਾ ਖੰਡਨ
ਲਾਸ ਵੇਗਾਸ/ਬਿਊਰੋ ਨਿਊਜ਼ :
ਰਾਸ਼ਟਪਤੀ ਚੋਣ ਲਈ ਹੋਈ ਤੀਜੀ ਤੇ ਅੰਤਿਮ ਬਹਿਸ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੇ ਜਿੱਤ ਲਈ ਹੈ, ਜਿਨ੍ਹਾਂ ਨੇ ਇਸ ਭਖ਼ਵੀਂ ਬਹਿਸ ਤੋਂ ਬਾਅਦ ਹੋਏ ਸਰਵੇਖਣ ਵਿੱਚ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਡੌਨਾਲਡ ਟਰੰਪ ਨੂੰ 13 ਫ਼ੀਸਦੀ ਦੇ ਵੱਡੇ ਫ਼ਰਕ ਨਾਲ ਪਛਾੜ ਦਿੱਤਾ। ਸੀਐਨਐਨ ਨੇ ਆਪਣੇ ਸਰਵੇਖਣ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਬਹਿਸ ਦੇਖਣ ਵਾਲੇ ਵੋਟਰਾਂ ਵਿੱਚੋਂ ਕੁੱਲ ਮਿਲਾ ਕੇ 52 ਫ਼ੀਸਦੀ ਨੇ ਕਿਹਾ ਕਿ ਬੀਬੀ ਹਿਲੇਰੀ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਦੂਜੇ ਪਾਸੇ 39 ਫ਼ੀਸਦੀ ਵੋਟਰਾਂ ਨੇ ਸ੍ਰੀ ਟਰੰਪ ਦੀ ਹਮਾਇਤ ਕੀਤੀ। ਇਸ ਤਰ੍ਹਾਂ ਤਿੰਨੇ ਬਹਿਸਾਂ ਬੀਬੀ ਹਿਲੇਰੀ ਨੇ ਜਿੱਤੀਆਂ ਹਨ ਪਰ ਇਸ ਵਾਰ ਦਾ ਫ਼ਰਕ ਸਭ ਤੋਂ ਘੱਟ ਰਿਹਾ। ਉਨ੍ਹਾਂ ਨਿਊਯਾਰਕ ਦੀ ਪਹਿਲੀ ਬਹਿਸ 35 ਫ਼ੀਸਦੀ ਤੇ ਸੇਂਟ ਲੂਈਸ ਦੀ ਦੂਜੀ ਬਹਿਸ 23 ਫ਼ੀਸਦੀ ਨਾਲ ਜਿੱਤੀ ਸੀ।
ਇਸੇ ਦੌਰਾਨ ਅਮਰੀਕੀ ਰਾਸ਼ਟਪਤੀ ਦੀ ਚੋਣ ਲਈ ਹੋਈ ਤੀਜੀ ਤੇ ਅੰਤਿਮ ਬਹਿਸ ਵਿੱਚ ਰਿਪਬਲਿਕਨ ਉਮੀਦਵਾਰ ਡੌਨਾਲਡ ਟਰੰਪ ਨੇ ਚੋਣਾਂ ਵਿੱਚ ‘ਹੇਰਾਫੇਰੀ’ ਦੇ ਦੋਸ਼ ਲਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਾਰਨ ਉਹ ਚੋਣਾਂ ਵਿੱਚ ਆਪਣੀ ਹਾਰ ਕਬੂਲ ਨਹੀਂ ਕਰਨਗੇ। ਉਨ੍ਹਾਂ ਦੇ ਇਨ੍ਹਾਂ ਦੋਸ਼ਾਂ ਦਾ ਉਨ੍ਹਾਂ ਦੀ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਨੇ ਤਿੱਖਾ ਵਿਰੋਧ ਕੀਤਾ ਹੈ।
ਸੀਐਨਐਨ ਮੁਤਾਬਕ ਬਹਿਸ ਤੋਂ ਬਾਅਦ ਬੀਬੀ ਹਿਲੇਰੀ 13 ਫ਼ੀਸਦੀ ਅੰਕਾਂ ਨਾਲ ਸਪਸ਼ਟ ਜੇਤੂ ਵਜੋਂ ਉਭਰੀ ਹੈ। ਬਹਿਸ ਦੌਰਾਨ 70 ਸਾਲਾ ਵਿਵਾਦਗ੍ਰਸਤ  ਰਿਪਬਲਿਕਨ ਉਮੀਦਵਾਰ ਸ੍ਰੀ ਟਰੰਪ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਚੋਣ ਨਤੀਜਿਆਂ ਨੂੰ ਮਨਜ਼ੂਰ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਉਹ 8 ਨਵੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਕਬੂਲ ਕਰਨ ਸਬੰਧੀ ਆਖ਼ਰੀ ਸਮੇਂ ‘ਤੇ ਹੀ ਫ਼ੈਸਲਾ ਲੈਣਗੇ।
ਕਰੀਬ ਡੇਢ ਘੰਟਾ ਚੱਲੀ ਬਹਿਸ ਦੌਰਾਨ ਸ੍ਰੀ ਟਰੰਪ ਨੇ ਮੌਜੂਦਾ ਚੋਣਾਂ ਵਿੱਚ ਹੇਰਾਫੇਰੀ ਦੇ ਦੋਸ਼ ਦੁਹਰਾਉਂਦਿਆਂ ਕਿਹਾ, ”ਮੈਂ ਤੁਹਾਨੂੰ ਉਸੇ ਵਕਤ ਦੱਸਾਂਗਾ। ਮੈਂ ਉਦੋਂ ਤੱਕ ਭੇਤ ਬਣਾਈ ਰੱਖਾਂਗਾ।” ਉਨ੍ਹਾਂ ਨਾਲ ਹੀ ਕਿਹਾ, ”ਮੀਡੀਆ ਬਹੁਤ ਬੇਈਮਾਨ ਤੇ ਭ੍ਰਿਸ਼ਟ ਹੈ, ਜੋ ਚੀਜ਼ਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦਾ ਹੈ।” ਸੀਐਨਐਨ ਮੁਤਾਬਕ ਸ੍ਰੀ ਟਰੰਪ ਦੀਆਂ ਇਨ੍ਹਾਂ ਟਿੱਪਣੀਆਂ ਨੇ ਦੇਸ਼ ਦੇ ਸਿਆਸੀ ਹਲਕਿਆਂ ਵਿੱਚ ਭਾਰੀ ਹਲਚਲ ਮਚਾ ਦਿੱਤੀ ਹੈ, ਕਿਉਂਕਿ ਮੁਲਕ ਦੇ ਹਾਲੀਆ ਇਤਿਹਾਸ ਵਿੱਚ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਅਜਿਹੇ ਇਲਜ਼ਾਮ ਕਦੇ ਵੀ ਨਹੀਂ ਲਾਏ ਗਏ। ਇਸ ਤਰ੍ਹਾਂ ਉਨ੍ਹਾਂ ਸੱਤਾ ਦੇ ਨਿਰਵਿਘਨ ਤਬਾਦਲੇ ਦੀ ਅਮਰੀਕੀ ਰਵਾਇਤ ਲਈ ਵੀ ਖ਼ਤਰਾ ਖੜ੍ਹਾ ਕਰ ਦਿੱਤਾ ਹੈ।
ਬੀਬੀ ਕਲਿੰਟਨ ਨੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਭਿਆਨਕ ਤੇ ‘ਡਰਾਉਣੀਆਂ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਟਰੰਪ ਅਜਿਹਾ ਕਰ ਕੇ ‘ਅਮਰੀਕੀ ਜਮਹੂਰੀਅਤ’ ਨੂੰ ਨੀਵਾਂ ਦਿਖਾ ਰਹੇ ਹਨ। ਉਨ੍ਹਾਂ ਕਿਹਾ, ”ਸਾਡਾ ਲੋਕਤੰਤਰ ਇੰਜ ਨਹੀਂ ਚੱਲਦਾ। ਸਾਨੂੰ ਕਰੀਬ 240 ਸਾਲ ਹੋ ਚੁੱਕੇ ਹਨ। ਸਾਡੀਆਂ ਚੋਣਾਂ ਹਮੇਸ਼ ਆਜ਼ਾਦ ਤੇ ਨਿਰਪੱਖ ਰਹੀਆਂ ਹਨ। ਜਦੋਂ ਸਾਨੂੰ ਚੋਣਾਂ ਦੇ ਨਤੀਜੇ ਪਸੰਦ ਵੀ ਨਾ ਹੋਣ, ਅਸੀਂ ਉਦੋਂ ਵੀ ਇਨ੍ਹਾਂ ਨੂੰ ਕਬੂਲ ਕਰਦੇ ਰਹੇ ਹਾਂ।”