ਅਮਰੀਕੀ ਸੁਰੱਖਿਆ ਬਲਾਂ ਵਿਚ ਸਿੱਖਾਂ ਨੂੰ ਦਸਤਾਰ ਸਜਾਉਣ ਤੇ ਦਾੜ੍ਹੀ ਰੱਖਣ ਦੀ ਮਿਲੀ ਆਗਿਆ

ਅਮਰੀਕੀ ਸੁਰੱਖਿਆ ਬਲਾਂ ਵਿਚ ਸਿੱਖਾਂ ਨੂੰ ਦਸਤਾਰ ਸਜਾਉਣ ਤੇ ਦਾੜ੍ਹੀ ਰੱਖਣ ਦੀ ਮਿਲੀ ਆਗਿਆ

ਵਾਸ਼ਿੰਗਟਨ/ਬਿਊਰੋ ਨਿਊਜ਼ :
ਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਮੰਨਦਿਆਂ ਅਮਰੀਕਾ ਨੇ ਹਥਿਆਰਬੰਦ ਬਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਸਿੱਖਾਂ ਨੂੰ ਦਸਤਾਰ ਸਜਾਉਣ ਤੇ ਦਾੜ੍ਹੀ ਰੱਖਣ ਸਮੇਤ ਹੋਰ ਧਾਰਮਿਕ ਅਕੀਦੇ ਧਾਰਨ ਕਰਨ ਦੀ ਆਗਿਆ ਦੇ ਦਿੱਤੀ ਹੈ। ਰੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਅਮਰੀਕੀ ਸਿੱਖਾਂ ਤੇ ਹੋਰਾਂ ਨੂੰ ਸੇਵਾਵਾਂ ਦੌਰਾਨ ਆਪਣੇ ਧਾਰਮਿਕ ਅਕੀਦਿਆਂ ਨੂੰ ਬਰਕਰਾਰ ਰੱਖਣ ਦੀ ਆਗਿਆ ਦਿੱਤੀ ਗਈ ਹੈ।  ਅਮਰੀਕੀ ਸਿੱਖਾਂ ਵੱਲੋਂ ਇਸ ਸਬੰਧੀ ਮੁਹਿੰਮ ਦੀ ਅਗਵਾਈ ਕਰ ਚੁੱਕੇ ਸੰਸਦ ਮੈਂਬਰ ਜੋਅ ਕ੍ਰੋਅਲੇ ਨੇ ਕਿਹਾ, ‘ਅਸੀਂ ਇਕ ਮਜ਼ਬੂਤ ਰਾਸ਼ਟਰ ਅਤੇ ਮਜ਼ਬੂਤ ਸੈਨਾ ਹਾਂ ਕਿਉਂਕਿ ਅਸੀਂ ਧਾਰਮਿਕ ਤੇ ਵਿਅਕਤੀਗਤ ਆਜ਼ਾਦੀ ਦਾ ਸਨਮਾਨ ਕਰਦੇ ਹਾਂ। ਮੈਂ ਇਸ ਗੱਲੋਂ ਖੁਸ਼ ਹਾਂ ਕਿ ਅਮਰੀਕੀ ਫ਼ੌਜ ਨੇ ਆਪਣੇ ਇਕ ਨਿਰਦੇਸ਼ ਰਾਹੀਂ ਇਸ ਨੂੰ ਮੁੜ ਸਵੀਕਾਰ ਕਰ ਲਿਆ ਹੈ।’ ਉਨ੍ਹਾਂ ਕਿਹਾ, ‘ਅਮਰੀਕੀ ਸਿੱਖ ਇਸ ਮੁਲਕ ਨੂੰ ਪਿਆਰ ਕਰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਸਾਡੇ ਮੁਲਕ ਦੀ ਫ਼ੌਜ ਵਿੱਚ ਸੇਵਾਵਾਂ ਨਿਭਾਉਣ ਲਈ ਬਰਾਬਰੀ ਦਾ ਮੌਕਾ ਮਿਲ ਸਕੇ। ਮੇਰਾ ਮੰਨਣਾ ਹੈ ਕਿ ਸਾਨੂੰ ਧਾਰਮਿਕ ਆਜ਼ਾਦੀ ਦੀ ਇਸ ਇੱਛਾ ਨੂੰ ਅੰਗੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਉਤੇ ਪਾਬੰਦੀ ਨਹੀਂ ਲਾਈ ਜਾਣੀ ਚਾਹੀਦੀ।’ ਸ੍ਰੀ ਕ੍ਰੋਅਲੇ ਨੇ ਕਿਹਾ ਕਿ ਉਹ ਇਸ ਨਿਰਦੇਸ਼ ਦੀ ਸਾਵਧਾਨੀ ਨਾਲ ਸਮੀਖਿਆ ਕਰਨਾ ਚਾਹੁਣਗੇ। ਹਾਲਾਂਕਿ ਸ਼ੁਰੂ ਵਿੱਚ ਇਹ ਸਹੀ ਦਿਸ਼ਾ ਵਿੱਚ ਉਠਾਇਆ ਗਿਆ ਕਦਮ ਲੱਗ ਰਿਹਾ ਹੈ। ਹੁਣ ਸਿੱਖਾਂ ਤੇ ਹੋਰਾਂ ਨੂੰ ਅਮਰੀਕੀ ਫ਼ੌਜ ਵਿੱਚ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਬਰਕਰਾਰ ਰੱਖਦੇ ਹੋਏ ਸੇਵਾਵਾਂ ਨਿਭਾਉਣ ਦੀ ਆਗਿਆ ਦਿੱਤੀ ਗਈ ਹੈ। ਇਸ ਤਰ੍ਹਾਂ ਦੀ ਆਗਿਆ ਨਾ ਤਾਂ ਸਥਾਈ ਹੁੰਦੀ ਹੈ ਅਤੇ ਨਾ ਹੀ ਇਨ੍ਹਾਂ ਦੀ ਗਾਰੰਟੀ ਹੁੰਦੀ ਹੈ।
ਸ਼੍ਰੋਮਣੀ ਕਮੇਟੀ ਵਲੋਂ ਸਵਾਗਤ :
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਅਮਰੀਕਾ ਸਰਕਾਰ ਵੱਲੋਂ ਸਿੱਖਾਂ ਦੀ ਚਿਰੋਕਣੀ ਮੰਗ ਨੂੰ ਮੰਨਦਿਆਂ ਆਪਣੀਆਂ ਹਥਿਆਰਬੰਦ ਫੌਜਾਂ ਵਿੱਚ ਸਿੱਖ ਨੌਜਵਾਨਾਂ ਨੂੰ ਸਿੱਖੀ ਸਰੂਪ ਵਿੱਚ ਰਹਿੰਦਿਆਂ ਕੰਮ ਕਰਨ ਦਾ ਅਧਿਕਾਰ ਦੇਣਾ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਨੇ ਇੱਕ ਵਾਰ ਫਿਰ ਧਾਰਮਿਕ ਸਹਿਣਸ਼ੀਲਤਾ ਦਿਖਾਉਂਦਿਆਂ ਸਿੱਖਾਂ ਨੂੰ ਸਨਮਾਨ ਦਿੱਤਾ ਹੈ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਾਂਗਰਸ ਮੈਂਬਰ ਜੋਏ ਕਰਾਉਲੀ ਦਾ  ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਸਿੱਖਾਂ ਨੂੰ ਹੋਰ ਅਦਾਰਿਆਂ ਵਿੱਚ ਵੀ ਸਿੱਖੀ ਸਰੂਪ ਵਿਚ ਕੰਮ ਕਰਨ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ।