ਪਹਿਲੇ ਮੁਕਾਬਲੇ ਵਿੱਚ ਹਿਲੇਰੀ ਨੇ ਟਰੰਪ ਨੂੰ ਪਛਾੜਿਆ

ਪਹਿਲੇ ਮੁਕਾਬਲੇ ਵਿੱਚ ਹਿਲੇਰੀ ਨੇ ਟਰੰਪ ਨੂੰ ਪਛਾੜਿਆ

ਟਰੰਪ ਤੇ ਹਿਲੇਰੀ ਵਿਚਾਲੇ ਅਰਥ ਵਿਵਸਥਾ ਤੇ ਨੌਕਰੀਆਂ ਨੂੰ ਲੈ ਕੇ ਟੈਲੀਵਿਜ਼ਨ ‘ਤੇ ਹੋਈ ਤਿੱਖੀ ਬਹਿਸ
ਨਿਊ ਯਾਰਕ/ਬਿਊਰੋ ਨਿਊਜ਼ :
ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਤੇ ਉਨ੍ਹਾਂ ਦੇ ਵਿਰੋਧੀ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਿਚਾਲੇ ਚੋਣਾਂ ਤੋਂ ਪਹਿਲਾਂ ਲਾਂਗ ਆਈਲੈਂਡ ਦੀ ਹਾਫਸਟਰਾ ਯੂਨੀਵਰਸਿਟੀ ਵਿਚ ਟੈਲੀਵਿਜ਼ਨ ‘ਤੇ ਪਹਿਲੀ ਬਹਿਸ ਹੋਈ ਜਿਸ ਵਿਚ ਹਿਲੇਰੀ ਕਲਿੰਟਨ ਨੇ ਜਿੱਤ ਹਾਸਲ ਕੀਤੀ। ਸੀ.ਐਨ.ਐਨ./ਓ.ਆਰ.ਸੀ. ਮੁਤਾਬਕ ਦਰਸ਼ਕਾਂ ਨੇ ਹਿਲੇਰੀ ਨੂੰ 62 ਫ਼ੀਸਦੀ ਜਦਕਿ ਟਰੰਪ ਨੂੰ 27 ਫ਼ੀਸਦੀ ਮਤ ਦਿੱਤਾ। 90 ਮਿੰਟ ਚੱਲੀ ਇਸ ਬਹਿਸ ਦੀ ਸ਼ੁਰੂਆਤ ਹਿਲੇਰੀ ਨੇ ਟਰੰਪ ਨੂੰ ਇਹ ਕਹਿ ਕੇ ਕੀਤੀ, ‘ਡੋਨਾਲਡ ਤੁਹਾਡਾ ਕੀ ਹਾਲ ਹੈ?’ ਪਹਿਲੀ ਬਹਿਸ ਵਿਚ ਘਰਾਂ ਦੇ ਸੰਕਟ, ਅਰਥ ਵਿਵਸਥਾ ਤੇ ਨਵੀਂਆਂ ਨੌਕਰੀਆਂ ਪੈਦਾ ਕਰਨ ਨੂੰ ਲੈ ਕੇ ਇਕ-ਦੂਸਰੇ ਨਾਲ ਤਿੱਖੀ ਤਕਰਾਰ ਹੋਈ। ਇਹ 1980 ਵਿਚ ਜਿਮੀ ਕਾਰਟਰ ਅਤੇ ਰੋਨਾਲਡ ਰੀਗਨ ਵਿਚਾਲੇ ਹੋਈ ਬਹਿਸ ਮਗਰੋਂ ਸਭ ਤੋਂ ਜ਼ਿਆਦਾ ਚਰਚਾ ਵਿਚ ਹੈ। ਇਸ ਦੌਰਾਨ ਟਰੰਪ ਨੇ ਘੱਟੋ-ਘੱਟ 11 ਵਾਰ ਹਿਲੇਰੀ ਨੂੰ ਟੋਕਿਆ, ਈਮੇਲ ਮੁੱਦਾ ਚੁੱਕ ਕੇ ਘੇਰਨ ਦੀ ਕੋਸ਼ਿਸ਼ ਕੀਤੀ ਪਰ ਤੱਥਾਂ ਨਾਲ ਗੱਲ ਕਰ ਰਹੀ ਹਿਲੇਰੀ ਸਾਹਮਣੇ ਬਹਿਸ ਖ਼ਤਮ ਖ਼ਤਮ ਹੁੰਦੇ ਉਹ ਬਚਾਅ ਦੀ ਮੁਦਰਾ ਵਿਚ ਨਜ਼ਰ ਆਏ। ਬਹਿਸ ਮਗਰੋਂ ਕਈ ਅਮਰੀਕੀ ਮੀਡੀਆ ਦੇ ਸਰਵੇਖਣ ਵਿਚ ਵੀ ਟਰੰਪ ਪਛੜੇ ਰਹੇ ਹਨ। ਹਾਲਾਂਕਿ ਟਰੰਪ ਦੇ ਸਮਰਥਕ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਪਹਿਲੀ ਬਹਿਸ ਜਿੱਤੀ ਹੈ। ਟਰੰਪ ਨੇ ਅਜਿਹੇ ਕਈ ਟਵੀਟਸ ਨੂੰ ਰੀਟਵੀਟ ਕੀਤਾ। ਜ਼ਿਕਰਯੋਗ ਹੈ ਕਿ ਦੋਹਾਂ ਵਿਚਾਲੇ ਅਗਲੀ ਸਿੱਧੀ ਬਹਿਸ 9 ਅਕਤੂਬਰ, ਦਿਨ ਐਤਵਾਰ ਨੂੰ ਹੋਵੇਗੀ।
ਅਰਥ ਵਿਵਸਥਾ : ਲਾਲ ਡਰੈੱਸ ਵਿਚ ਆਈ ਹਿਲੇਰੀ ਨੇ ਟਰੰਪ ਦੀ ਖਿਚਾਈ ਕਰਦੇ ਹੋਏ ਕਿਹਾ ਕਿ ਟਰੰਪ ਆਰਥਿਕਤਾ ਬਾਰੇ ਜਾਣਦੇ ਹੀ ਨਹੀਂ। ਅਸੀਂ ਅਜਿਹੀ ਅਰਥ ਵਿਵਸਥਾ ਬਣਾਉਣਾ ਚਾਹੁੰਦੇ ਹਾਂ ਜੋ ਸਾਰਿਆਂ ਲਈ ਕੰਮ ਕਰੇ, ਸਿਰਫ਼ ਸ਼ਿਖ਼ਰ ‘ਤੇ ਬੈਠੇ ਲੋਕਾਂ ਲਈ ਨਹੀਂ। ਉਨ੍ਹਾਂ ਨੇ ਆਪਣੇ ਪਿਤਾ ਤੋਂ 40 ਮਿਲੀਅਨ ਡਾਲਰ ਦਾ ਕਰਜ਼ਾ ਲਿਆ ਤੇ ਵਪਾਰ ਸ਼ੁਰੂ ਕੀਤਾ। ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਪਿਤਾ ਤੋਂ ਛੋਟਾ ਕਰਜ਼ਾ ਲਿਆ ਸੀ, ਅੱਜ ਮੇਰੀ ਕੰਪਨੀ ਅਰਬਾਂ ਡਾਲਰਾਂ ਦੀ ਬਣ ਗਈ ਹੈ।
ਘਰਾਂ ਦਾ ਸੰਕਟ : ਟਰੰਪ ਨੂੰ ਕਲਿੰਟਨ ਨੇ ਘਰਾਂ ਦੇ ਸੰਕਟ ਦੀ ਜੜ੍ਹ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸੰਕਟ ਕਾਰਨ 90 ਲੱਖ ਲੋਕ ਨੌਕਰੀਆਂ ਛੱਡ ਚੁੱਕੇ ਹਨ। 50 ਲੱਖ ਲੋਕ ਬੇਘਰ ਹੋਏ ਹਨ। ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਟਰੰਪ ਨੇ ਕਿਹਾ, ‘ਇਸ ਨੂੰ ਹੀ ਵਪਾਰ ਕਹਿੰਦੇ ਹਨ।’ ਉਨ੍ਹਾਂ ਨੇ ਹਿਲੇਰੀ ਦੇ ਪਤੀ ਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਨਾਫ਼ਟਾ (ਨਾਰਥ ਅਮਰੀਕਨ ਫਰੀ ਟਰੇਡ ਐਗਰੀਮੈਂਟ) ਨੂੰ ਸਭ ਤੋਂ ਘਟੀਆ ਕਰਾਰ ਦਿੱਤਾ। ਟਰੰਪ ਨੇ ਅੱਗੇ ਕਿਹਾ, ‘ਹਿਲੇਰੀ ਟਰਾਂਸ ਪੈਸੇਫਿਕ ਪਾਰਟਨਰਸ਼ਿਪ ਕਰਨਾ ਚਾਹੁੰਦੀ ਹੈ ਜੋ ਓਨੀ ਹੀ ਖ਼ਰਾਬ ਹੈ। ਇਸ ਦਾ ਜਵਾਬ ਦਿੰਦਿਆਂ ਹਿਲੇਰੀ ਨੇ ਕਿਹਾ, ‘ਮੈਨੂੰ ਪਤਾ ਹੈ ਕਿ ਤੁਸੀਂ ਆਪਣੀ ਦੁਨੀਆ ਵਿਚ ਹੀ ਜਿਉਂਦੇ ਹੋ।’
ਨੌਕਰੀਆਂ : ਮਾਡਰੇਟਰ ਲੈਸਟਰ ਹਾਲਟ ਨੇ ਹਿਲੇਰੀ ਤੋਂ ਨਵੀਆਂ ਨੌਕਰੀਆਂ ਨੂੰ ਲੈ ਕੇ ਸਵਾਲ ਪੁਛਿਆ। ਹਿਲੇਰੀ ਨੇ ਕਿਹਾ ਕਿ ਉਹ ਔਰਤਾਂ ਨੂੰ ਕੰਮ ਦਾ ਸਹੀ ਪੈਸਾ ਦਿਵਾਉਣ ਲਈ ਲੜੇਗੀ। ਅਸੀਂ ਇਕ ਕਰੋੜ ਨਵੀਂਆਂ ਨੌਕਰੀਆਂ ਲੈ ਕੇ ਆਵਾਂਗੇ। ਇਸ ਗੱਲ ਦੀ ਵੀ ਕੋਸ਼ਿਸ਼ ਕਰਾਂਗੀ ਕਿ ਅਮੀਰਾਂ ਤੋਂ ਜ਼ਿਆਦਾ ਟੈਕਸ ਲਿਆ ਜਾਵੇ। ਟਰੰਪ ਨੇ ਹਿਲੇਰੀ ਦੀ ਨਵੀਂਆਂ ਨੌਕਰੀਆਂ ਲਿਆਉਣ ਦੀ ਯੋਜਨਾ ਨੂੰ ਲੈ ਕੇ ਦਾਅਵਾ ਕੀਤਾ ਕਿ ਸੁਝਾਅ ਉਨ੍ਹਾਂ ਦੇ ਪਰ ਮੈਕਸੀਕੋ ਤੇ ਦੂਸਰੇ ਦੇਸ਼ ਸਾਡੀਆਂ ਨੌਕਰੀਆਂ ਚੋਰੀ ਕਰ ਕੇ ਲੈ ਜਾਂਦੇ ਹਨ। ਚੀਨ ਨੂੰ ਦੇਖੋ, ਉਹ ਸਾਡੇ ਇੱਥੇ ਕੀ ਕਰ ਰਿਹਾ ਹੈ। ਉਹ ਸਾਡੇ ਪੈਸੇ ਨਾਲ ਖ਼ੁਦ ਦਾ ਵਿਕਾਸ ਕਰ ਰਿਹਾ ਹੈ। ਸਾਡੇ ਦੇਸ਼ ਵਿਚ ਉਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈ। ਟਰੰਪ ਨੇ ਕਿਹਾ, ‘ਸਾਨੂੰ ਆਪਣੀਆਂ ਨੌਕਰੀਆਂ ਰੋਕਣੀਆਂ ਹੋਣਗੀਆਂ। ਜੇਕਰ ਸਾਡੀ ਸਰਕਾਰ ਬਣੀ ਤਾਂ ਨੌਕਰੀਆਂ ਜ਼ਿਆਦਾ ਆਉਣਗੀਆਂ ਕਿਉਂਕਿ ਸਾਡੀ ਯੋਜਨਾ ਘੱਟ ਟੈਕਸ ਲਗਾਉਣ ਦੀ ਹੈ।’
ਈਮੇਲ ਲੀਕ : ਹਿਲੇਰੀ ਨੇ ਕਿਹਾ ਕਿ ਉਹ ਪ੍ਰਾਈਵੇਟ ਸਰਵਰ ਨੂੰ ਵਿਦੇਸ਼ ਵਿਭਾਗ ਦੇ ਈਮੇਲ ਭੇਜਣ ਵਿਚ ਇਸਤੇਮਾਲ ਕਰਨ ਨੂੰ ਲੈ ਕੇ ਜਾਣਦੀ ਹੈ। ਉਨ੍ਹਾਂ ਇਹ ਵੀ ਕਿਹਾ, ‘ਮੈਂ ਪ੍ਰਾਈਵੇਟ ਸਰਵਰ ਦਾ ਇਸਤੇਮਾਲ ਕਰਕੇ ਗ਼ਲਤੀ ਕੀਤੀ।’ ਟਰੰਪ ਨੇ ਕਿਹਾ ਕਿ ਉਹ ਆਪਣੇ ਰਿਟਰਨ ਦਾ ਖ਼ੁਲਾਸਾ ਕਰਨ ਲਈ ਤਿਆਰ ਹੈ ਜੇਕਰ ਹਿਲੇਰੀ ਡਲੀਟ ਕੀਤੇ ਗਏ 33 ਹਜ਼ਾਰ ਈਮੇਲ ਦਾ ਡਿਟੇਲ ਦੇਵੇ।
ਨਸਲੀ ਮੁੱਦਾ ਤੇ ਅਮਨ ਕਾਨੂੰਨ ਦੀ ਹਾਲਤ : ਹਿਲੇਰੀ ਨੇ ਕਿਹਾ ਕਿ ਪੁਲੀਸ ਅਤੇ ਅਮਰੀਕਾ ਵਿਚ ਰਹਿ ਰਹੇ ਤਮਾਮ ਭਾਈਚਾਰੇ ਦੇ ਲੋਕਾਂ ਵਿਚਾਲੇ ਇਕ ਵਿਸ਼ਵਾਸ ਬਣਾਉਣਾ ਹੋਵੇਗਾ। ਬੰਦੂਕ ਕਾਨੂੰਨ ਵਿਚ ਸੁਧਾਰ ਕਰਨੇ ਹੋਣਗੇ। ਬੰਦੂਕ ਉਲੰਘਣਾ ਦੇ ਚਲਦਿਆਂ ਹੀ ਕਈ ਅਫ਼ਰੀਕੀ-ਅਮਰੀਕੀ ਮਾਰੇ ਜਾਂਦੇ ਹਨ। ਲੋਕਾਂ ਦੇ ਵੰਡੇ ਹੋਣ ਦੇ ਮੁੱਦੇ ‘ਤੇ ਟਰੰਪ ਨੇ ਕਿਹਾ, ‘ਜੇਕਰ ਤੁਸੀਂ ਸ਼ਿਕਾਗੋ ਦੀ ਸੜਕ ‘ਤੇ ਘੁੰਮ ਰਹੇ ਹੋ ਤਾਂ ਤੁਹਾਨੂੰ ਗੋਲੀ ਵੀ ਮਾਰੀ ਜਾ ਸਕਦੀ ਹੈ। ਅਪਰਾਧ ਰੋਕਣ ਲਈ ਪੁਲੀਸ ਨੂੰ ਹੋਰ ਅਧਿਕਾਰ ਦੇਣੇ ਹੋਣਗੇ। ਹਾਲੇ ਪੁਲੀਸ ਕੁਝ ਕਰਨ ਵਿਚ ਡਰਦੀ ਹੈ।’ ਬੰਦੂਕ ਕਾਨੂੰਨ ਦੇ ਮੁੱਦੇ ‘ਤੇ ਹਿਲੇਰੀ ਤੇ ਟਰੰਪ ਇਕ ਰਾਏ ਸਨ। ਟਰੰਪ ਨੇ ਕਿਹਾ, ‘ਮੈਂ ਹਿਲੇਰੀ ਨਾਲ ਸਹਿਮਤ ਹਾਂ।’ ਹਿਲੇਰੀ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਜਹਾਜ਼ ਵਿਚ ਜਾਣਾ ਖ਼ਤਰਨਾਕ ਹੈ, ਤਾਂ ਬੰਦੂਕ ਖ਼ਰੀਦਣਾ ਵੀ ਖ਼ਤਰਨਾਕ ਹੈ।
ਟਰੰਪ ਨੇ ਦਾਅਵਾ ਕੀਤਾ ਕਿ ਚੀਨ ਦੇ ਪੁਨਰ ਨਿਰਮਾਣ ਲਈ ਅਮਰੀਕਾ ਦਾ ਇਸਤੇਮਾਲ ਗੋਲਕ ਵਾਂਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਦੇਸ਼ ‘ਚੋਂ ਨੌਕਰੀਆਂ ਜਾ ਰਹੀਆਂ ਹਨ। ਇਹ ਨੌਕਰੀਆਂ ਮੈਕਸੀਕੋ ਜਾ ਰਹੀਆਂ ਹਨ। ਉਹ ਹੋਰ ਵੀ ਕਈ ਮੁਲਕਾਂ ਵਿਚ ਜਾ ਰਹੀਆਂ ਹਨ। ਤੁਸੀਂ ਦੇਖਣਾ ਕਿ ਚੀਨ ਸਾਡੇ ਉਤਪਾਦ ਬਣਾਉਣ ਦੇ ਮਾਮਲੇ ਵਿਚ ਸਾਡੇ ਦੇਸ਼ ਨਾਲ ਕੀ ਕਰ ਰਿਹਾ ਹੈ।’
ਟਰੰਪ ਨੇ ਕਿਹਾ, ‘ਉਹ ਆਪਣੀ ਮੁਦਰਾ ਦੀ ਕੀਮਤ ਘਟਾ ਰਿਹਾ ਹੈ ਤੇ ਸਾਡੀ ਸਰਕਾਰ ਵਿਚ ਅਜਿਹਾ ਕੋਈ ਨਹੀਂ ਹੈ, ਜੋ ਉਨ੍ਹਾਂ ਖ਼ਿਲਾਫ਼ ਲੜੇ।’ ਉਨ੍ਹਾਂ ਕਿਹਾ, ‘ਕਿਉਂਕਿ ਉਹ ਚੀਨ ਦੇ ਪੁਨਰ ਨਿਰਮਾਣ ਲਈ ਸਾਡੇ  ਦੇਸ਼ ਦਾ ਇਸਤੇਮਾਲ ਗੋਲਕ ਵਾਂਗ ਕਰ ਰਹੇ ਹਨ ਤੇ ਕਈ ਹੋਰ ਮੁਲਕ ਵੀ ਇਹੀ ਚੀਜ਼ ਕਰ ਰਹੇ ਹਨ।’
ਨਿਊ ਯਾਰਕ ਦੇ ਰਿਅਲ ਐਸਟੇਟ ਕਾਰੋਬਾਰੀ ਨੇ ਕਿਹਾ ਕਿ ਸਾਨੂੰ ਅਜਿਹਾ ਕੁਝ ਕਰਨ ਦੀ ਜ਼ਰੂਰਤ ਹੈ ਕਿ ਸਾਡੇ ਦੇਸ਼ ਦੇ ਰੁਜ਼ਗਾਰ ਦੂਸਰੀ ਥਾਂ ਨਾ ਜਾ ਸਕਣ। ਉਨ੍ਹਾਂ ਕਿਹਾ, ‘ਸਾਨੂੰ ਆਪਣੀਆਂ ਕੰਪਨੀਆਂ ਨੂੰ ਅਮਰੀਕਾ ਛੱਡਣ ਅਤੇ ਇਸ ਦੇ ਨਾਲ, ਉਨ੍ਹਾਂ ਲੋਕਾਂ ਨੂੰ ਨੌਕਰੀਆਂ ਤੋਂ ਕੱਢੇ ਜਾਣ ਤੋਂ ਰੋਕਣ ਹੋਵੇਗਾ।’ ਟਰੰਪ ਨੇ ਕਿਹਾ, ‘ਅਸੀਂ ਅਜਿਹਾ ਹੋਣ ਨਹੀਂ ਦੇ ਸਕਦੇ। ਮੇਰੀ ਯੋਜਨਾ ਤਹਿਤ ਮੈਂ ਟੈਕਸ ਨੂੰ ਬਹੁਤ ਘੱਟ ਕਰ ਦਿਆਂਗਾ, ਮੈਂ ਕੰਪਨੀਆਂ, ਛੋਟੇ ਤੇ ਵੱਡੇ ਕਾਰੋਬਾਰਾਂ ਲਈ ਇਨ੍ਹਾਂ ਨੂੰ 35 ਫ਼ੀਸਦੀ ਘੱਟ ਕਰਕੇ 15 ਫ਼ੀਸਦੀ ਤਕ ਕਰ ਦਿਆਂਗਾ।’ ਉਨ੍ਹਾਂ ਕਿਹਾ, ‘ਇਸ ਨਾਲ ਨੌਕਰੀਆਂ ਪੈਦਾ ਹੋਣਗੀਆਂ ਜੋ ਅਸੀਂ ਰੋਨਾਲਡ ਰੀਗਨ ਦੇ ਦੌਰ ਤੋਂ ਬਾਅਦ ਨਹੀਂ ਦੇਖਿਆ। ਇਹ ਦੇਖਣਾ ਬਹੁਤ ਖ਼ੂਬਸੂਰਤ ਹੋਵੇਗਾ।’
ਉਧਰ ਹਿਲੇਰੀ ਕਲਿੰਟਨ ਨੇ ਟਰੰਪ ਦੀ ਗੱਲ ਨਾਲ ਅਸਹਿਮਤੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, ‘ਮੈਨੂੰ ਲਗਦਾ ਹੈ ਕਿ ਵਪਾਰ ਮਹੱਤਵਪੂਰਨ ਮਾਮਲਾ ਹੈ। ਬਿਨਾਂ ਸ਼ੱਕ, ਅਸੀਂ ਵਿਸ਼ਵ ਦੀ ਆਬਾਦੀ ਦਾ ਪੰਜ ਫ਼ੀਸਦੀ ਹਾਂ, ਅਸੀਂ ਹੋਰਨਾਂ 95 ਫ਼ੀਸਦੀ ਨਾਲ ਵਪਾਰ ਕਰਨਾ ਹੈ ਤੇ ਇਸ ਲਈ ਸਾਨੂੰ ਬੁੱਧੀਮਾਨ ਹੋਣਾ ਪਏਗਾ ਤੇ ਸਾਨੂੰ ਚੰਗੇ ਵਪਾਰਕ ਸੌਦੇ ਹਾਸਲ ਕਰਨ ਦੀ ਲੋੜ ਹੈ।’
ਹਿਲੇਰੀ ਨੇ ਕਿਹਾ, ‘ਹਾਲਾਂਕਿ, ਸਾਨੂੰ ਅਜਿਹੀ ਕਰ ਪ੍ਰਣਾਲੀ ਦੀ ਵੀ ਲੋੜ ਹੈ, ਜੋ ਕੰਮ ਨੂੰ ਸਲਾਹੇ, ਨਾ ਕਿ ਸਿਰਫ਼ ਵਿਤੀ ਲੈਣ-ਦੇਣ ਨੂੰ। ਟਰੰਪ ਨੇ ਜੋ ਯੋਜਨਾ ਅੱਗੇ ਰੱਖੀ ਹੈ, ਉਹ ਅਰਥ ਵਿਵਸਥਾ ਨੂੰ ਹੇਠਾਂ ਵੱਲ ਲੈ ਕੇ ਜਾਵੇਗੀ।’ ਉਨ੍ਹਾਂ ਕਿਹਾ ਕਿ ਦਰਅਸਲ, ਇਹ ਅੱਤ ਹੋਵੋਗੀ ਅਤੇ ਇਸ ਦੇਸ਼ ਦੇ ਸਭ ਤੋਂ ਖ਼ੁਸ਼ਹਾਲ ਵਰਗ ਦੇ ਲੋਕਾਂ ਲਈ ਟੈਕਸ ਵਿਚ ਹੁਣ ਤਕ ਦੀ ਸਭ ਤੋਂ ਵੱਡੀ ਕਟੌਤੀ ਹੋਵੇਗੀ। ਹਿਲੇਰੀ ਨੇ ਕਿਹਾ, ‘ਅਸੀਂ ਅਰਥ ਵਿਵਸਥਾ ਦਾ ਵਿਕਾਸ ਇਸ ਤਰ੍ਹਾਂ ਨਹੀਂ ਕਰਦੇ।’
ਹਾਲਾਂਕਿ ਇਸ ਦੌਰਾਨ ਟਰੰਪ ਨੇ ਦੁਹਰਾਇਆ ਕਿ ਚੀਨ ਸਮੇਤ ਹੋਰ ਦੇਸ਼ਾਂ ਨਾਲ ਵਪਾਰਕ ਸੌਦਿਆਂ ‘ਤੇ ਫੇਰ ਤੋਂ ਵਾਰਤਾ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ, ‘ਸਾਡੇ ਦੇਸ਼ ਡੂੰਘੇ ਸੰਕਟ ਵਿਚ ਹੈ। ਜਦੋਂ ਮੁਦਰਾ ਦੀ ਕੀਮਤ ਘਟਾਉਣ ਤੇ ਵਿਸ਼ਵ ਭਰ ਵਿਚ ਚੀਨ ਸਮੇਤ ਇਨ੍ਹਾਂ ਸਾਰੇ ਦੇਸ਼ਾਂ ਦੀ ਗੱਲ ਆਉਂਦੀ ਹੈ, ਤਾਂ ਅਸੀਂ ਨਹੀਂ ਜਾਣਦੇ ਕਿ ਅਸੀਂ ਕੀ ਕਰ ਰਹੇ ਹਾਂ। ਉਹ ਇਸ ਮਾਮਲੇ ਵਿਚ ਸਭ ਤੋਂ ਚੰਗੇ ਹਨ। ਉਹ ਜੋ ਸਾਡੇ ਨਾਲ ਕਰ ਰਹੇ ਹਨ, ਉਹ ਬਹੁਤ ਬਹੁਤ ਦੁਖਦਾਈ ਗੱਲ ਹੈ।’

ਟਰੰਪ ਵਲੋਂ ਭਾਰਤੀ-ਅਮਰੀਕੀਆਂ ਨੂੰ 15 ਅਕਤੂਬਰ ਦੇ ਪ੍ਰੋਗਰਾਮ ‘ਚ ਹਾਜ਼ਰ ਹੋਣ ਦਾ ਸੱਦਾ, ਮੋਦੀ ਦੇ ਨੇੜਲੇ ਸ਼ਲਭ ਕੁਮਾਰ ਨੇ ਕੀਤਾ ਪ੍ਰਬੰਧ :
ਵਾਸ਼ਿੰਗਟਨ : ਡੋਨਲਡ ਟਰੰਪ (70) ਨੇ ਹਿੰਦੂ ਭਾਈਚਾਰੇ ਵੱਲੋਂ ਆਲਮੀ ਸੱਭਿਅਤਾ ਅਤੇ ਅਮਰੀਕੀ ਸਭਿਆਚਾਰ ਵਿਚ ਪਾਏ ਗਏ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਅਗਲੇ ਮਹੀਨੇ ਨਿਊਜਰਸੀ ਵਿਚ ਭਾਰਤੀ-ਅਮਰੀਕੀ ਸਮਾਗਮ ਨੂੰ ਸੰਬੋਧਨ ਕਰਨ ਦੀ ਤਸਦੀਕ ਕੀਤੀ ਹੈ ਜਿਸ ਦਾ ਫਾਇਦਾ ਇਸਲਾਮਿਕ ਅਤਿਵਾਦ ਦੇ ਦੁਨੀਆਂ ਭਰ ਦੇ ਪੀੜਤਾਂ ਨੂੰ ਮਿਲੇਗਾ। ਟਰੰਪ ਨੇ ਆਪਣੇ ਬਿਆਨ ਵਿਚ ਕਿਹਾ, ”ਅਸੀਂ ਆਪਣੇ ਮੁਕਤ ਉੱਦਮ, ਸਖ਼ਤ ਮਿਹਨਤ, ਪਰਿਵਾਰਕ ਕਦਰਾਂ ਕੀਮਤਾਂ ਅਤੇ ਮਜ਼ਬੂਤ ਅਮਰੀਕੀ ਵਿਦੇਸ਼ ਨੀਤੀ ਰਾਹੀਂ ਸਾਂਝ ਵਧਾਉਣਾ ਚਾਹੁੰਦੇ ਹਾਂ।” ਉਨ੍ਹਾਂ 24 ਸਕਿੰਟਾਂ ਦੇ ਵੀਡੀਓ ਸੁਨੇਹੇ ਰਾਹੀਂ ਭਾਰਤੀ-ਅਮਰੀਕੀਆਂ ਨੂੰ 15 ਅਕਤੂਬਰ ਨੂੰ ਪ੍ਰੋਗਰਾਮ ਵਿਚ ਹਾਜ਼ਰ ਰਹਿਣ ਦਾ ਸੱਦਾ ਦਿੱਤਾ ਹੈ। ਟਰੰਪ ਦੀ ਪ੍ਰਚਾਰ ਮੁਹਿੰਮ ਮੁਤਾਬਕ ਦਿਨ ਭਰ ਚਲਣ ਵਾਲੇ ਇਸ ਪ੍ਰੋਗਰਾਮ ਵਿਚ ਬਾਲੀਵੁੱਡ ਦੇ ਕਲਾਕਾਰਾਂ, ਡਾਂਸਰਾਂ ਅਤੇ ਗਾਇਕਾਂ ਨੂੰ ਵੀ ਸੱਦਾ ਭੇਜਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਹਿੰਦੂ ਸੰਤਾਂ ਅਤੇ ਹੋਰ ਆਗੂਆਂ ਨੂੰ ਵੀ ਪ੍ਰੋਗਰਾਮ ਲਈ ਸੁਨੇਹੇ ਭੇਜੇ ਗਏ ਹਨ।
‘ਅਤਿਵਾਦ ਖ਼ਿਲਾਫ਼ ਮਨੁੱਖੀ ਏਕਤਾ’ ਨਾਮ ਦੇ ਇਸ ਪ੍ਰੋਗਰਾਮ ਦਾ ਪ੍ਰਬੰਧ ਰਿਪਬਲਿਕਨ ਹਿੰਦੂ ਕੁਲੀਸ਼ਨ ਵੱਲੋਂ ਕੀਤਾ ਗਿਆ ਹੈ ਜਿਸ ਦੇ ਮੋਢੀ ਸ਼ਲਭ ਕੁਮਾਰ ਹਨ ਜੋ ਇਲੀਨੌਇ ਦੇ ਰਹਿਣ ਵਾਲੇ ਹਨ। ਸ਼ਲਭ ਕੁਮਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ੀ ਨੇੜੇ ਹੈ। ਰਾਸ਼ਟਰਪਤੀ ਅਹੁਦੇ ਲਈ ਪਿਛਲੀਆਂ ਦੋ ਚੋਣਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਉਮੀਦਵਾਰ ਨੇ ਭਾਰਤੀ-ਅਮਰੀਕੀ ਪ੍ਰੋਗਰਾਮ ਵਿਚ ਸ਼ਾਮਲ ਨੂੰ ਮਨਜ਼ੂਰੀ ਦਿੱਤੀ ਹੈ। ਟਰੰਪ ਦੇ ਇਸ ਫ਼ੈਸਲੇ ਨੂੰ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।