ਬਾਬਾ ਫ਼ਰੀਦ ਦਾ ਆਗਮਨ ਪੁਰਬ ਉਤਸ਼ਾਹ ਨਾਲ ਮਨਾਇਆ

ਬਾਬਾ ਫ਼ਰੀਦ ਦਾ ਆਗਮਨ ਪੁਰਬ ਉਤਸ਼ਾਹ ਨਾਲ ਮਨਾਇਆ

ਫਰੀਦਕੋਟ ਤੇ ਆਸ ਪਾਸ ਦੇ ਇਲਾਕੇ ਦੀਆਂ ਸੰਗਤਾਂ ਵਲੋ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਸਮਾਗਮ
ਫਰੀਮੌਂਟ/ਬਿਊਰੋ ਨਿਊਜ਼ :
ਫਰੀਦਕੋਟ ਤੇ ਆਸ ਪਾਸ ਇਲਾਕੇ ਦੀਆਂ ਸੰਗਤਾਂ ਵਲੋਂ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ 23 ਸਤੰਬਰ, ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਮਨਾਉਂਦਿਆਂ  ਸ੍ਰੀ ਅਖੰਡ ਪਾਠ ਅਰੰਭ ਕੀਤੇ ਗਏ ਤੇ ਅਖੰਡ ਪਾਠ ਦੇ ਭੋਗ ਦਿਨ ਐਤਵਾਰ ਨੂੰ ਪਾਏ ਗਏ। ਇਸ ਮਗਰੋਂ ਢਾਡੀ ਰਾਗੀ ਸਿੰਘਾਂ ਨੇ ਬਾਬਾ ਫ਼ਰੀਦ ਜੀ ਦੀ ਬਾਣੀ ਤੇ ਜੀਵਨ ‘ਤੇ ਆਧਾਰਤ ਵਿਚਾਰਾਂ ਕੀਤੀਆਂ। ਵਿਚਕਾਰਲੇ ਦਿਨ ਸ਼ਨਿਚਰਵਾਰ ਨੂੰ ਕਥਾਵਾਚਕ ਤੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਬਾਬਾ ਫ਼ਰੀਦ ਜੀ ਦੇ ਸ਼ਬਦ ਗਾਇਨ ਕੀਤੇ। ਪ੍ਰਬੰਧਕਾਂ ਤੇ ਗੁਰਦੁਆਰਾ ਕਮੇਟੀ ਦੇ ਉਚੇਚੇ ਸੱਦੇ ‘ਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਰੀਨੋ ਨਿਵਾਡਾ ਤੋਂ ਆਏ ਤੇ ਉਸੇ ਦਿਨ ਵਾਪਸ ਸੈਕਰਾਮੈਂਟੋ ਚਲੇ ਗਏ। ਹਰ ਵਾਰ ਦੀ ਤਰ੍ਹਾਂ ਸੰਗਤਾਂ ਦਾ ਉਤਸ਼ਾਹ ਤੇ ਹਾਜ਼ਰੀ ਭਰਪੂਰ ਰਹੀ।
ਇਨ੍ਹਾਂ ਸਮਾਗਮਾਂ ਦੀ ਵਿਲੱਖਣਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਭਾਰਤ ਤੋਂ ਆਪਣੇ ਬੱਚੇ-ਬੱਚੀਆਂ ਨੂੰ ਮਿਲਣ ਆਏ ਇਲਾਕਾ ਨਿਵਾਸੀ ਦੂਰੋਂ ਨੇੜਿਉਂ ਸ਼ਿਰਕਤ ਕਰਨ ਪਹੁੰਚੇ। ਫਰੀਦਕੋਟ ਤੇ ਆਸ ਪਾਸ ਦੇ ਇਲਾਕੇ ਦੀਆਂ ਸੰਗਤਾਂ ਫਰੀਮੌਂਟ ਗੁਰੂ ਘਰ ਵਿਖੇ ਪਿਛਲੇ ਕਈ ਸਾਲਾਂ ਤੋਂ ਬਾਬਾ ਫ਼ਰੀਦ ਜਨਮ ਦਿਹਾੜਾ ਮਨਾਉਂਦੀਆਂ ਆ ਰਹੀਆਂ ਹਨ।
ਬਾਬਾ ਫ਼ਰੀਦ ਆਗਮਨ ਪੁਰਬ ਸੁਸਾਇਟੀ ਵੱਲੋਂ ਸਮੂਹ ਸੰਗਤ ਦੇ ਮਿਲਦੇ ਸਹਿਯੋਗ ਤੇ ਇਸ ਦੀ ਕਾਮਯਾਬੀ ਲਈ ਧੰਨਵਾਦ ਕੀਤਾ ਗਿਆ। ਸਾਰੇ ਹੀ ਵਾਲੰਟੀਅਰ ਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਅਗਲੇ ਸਾਲ ਇਨ੍ਹਾਂ ਹੀ ਤਰੀਕਾਂ ਵਿੱਚ ਫਿਰ ਮਿਲਣ ਦੇ ਵਾਅਦੇ ਨਾਲ ਕੁਲ ਮਿਲਾ ਕੇ ਇਹ ਸਮਾਗਮ ਵਧੀਆ ਛਾਪ ਛੱਡ ਗਿਆ। ਸੁਸਾਇਟੀ ਦੇ ਮੈਂਬਰ ਤੇ ਵਾਲੰਟੀਅਰ ਨਾਲ ਸੰਪਰਕ ਤੇ ਸੁਝਾਵਾਂ ਲਈ ਵੈੱਬਸਾਈਟ ਬਾਬਾਫ਼ਰੀਦ.ਨੈਟ  (babafarid.net) ‘ਤੇ ਜਾਇਆ ਜਾ ਸਕਦਾ ਹੈ।
ਇਸ ਸਾਲ ਅਤੇ ਆਉਣ ਵਾਲੇ ਸਮਾਗਮਾਂ ਤੇ ਗਤੀਵਿਧੀਆਂ ਦੀ ਸਾਰੀ ਜਾਣਕਾਰੀ ਇਸ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ।