ਹੜ੍ਹਾਂ ਦੇ ਮਾਰੇ ਬਿਹਾਰੀਆਂ ਦੀਆਂ ਪੰਜਾਬ ਵਲ ਵਹੀਰਾਂ

ਹੜ੍ਹਾਂ ਦੇ ਮਾਰੇ ਬਿਹਾਰੀਆਂ ਦੀਆਂ ਪੰਜਾਬ ਵਲ ਵਹੀਰਾਂ

ਰਾਜਪੁਰਾ/ਬਿਊਰੋ ਨਿਊਜ਼:
”ਏਕ ਰੋਟੀ ਔਰ ਆਚਾਰ ਪੇ ਹਮ ਦੋ ਰਾਤ ਗੁਜ਼ਾਰੇ ਹੈਂ।” ਇਹ ਦਾਅਵਾ ਬਿਹਾਰ ਦੇ ਹੜ੍ਹ ਪ੍ਰਭਾਵਿਤ ਇਕ ਪਿੰਡ ਤੋਂ ਬੱਚਿਆਂ ਸਮੇਤ ਆਪਣੇ ਪਤੀ ਕੋਲ ਜਲੰਧਰ ਜਾ ਰਹੀ ਰਾਣੀ ਦੇਵੀ ਨੇ ਕੀਤਾ। ਰੇਲ ਗੱਡੀ ਦੇ ਇਕ ਡੱਬੇ ਵਿੱਚ ਪਖਾਨੇ ਨੇੜੇ ਆਪਣੇ ਚਾਰ ਤੇ ਪੰਜ ਸਾਲਾਂ ਦੇ ਦੋ ਬੱਚਿਆਂ ਨੂੰ ਕਸ ਕੇ ਫੜੀ ਬੈਠੀ ਰਾਣੀ ਦੇਵੀ ਨੂੰ ਆਖ਼ਰਕਾਰ ਪੰਜਾਬ ਆ ਕੇ ਰਾਹਤ ਮਿਲੀ ਹੈ। ਇੱਥੇ ਕੁੱਝ ਨੇਕ ਦਿਲ ਇਨਸਾਨਾਂ ਨੇ ਉਸ ਨੂੰ ਦੁੱਧ, ਪਕੌੜੇ ਅਤੇ ਚਾਹ ਦੀ ਪੇਸ਼ਕਸ਼ ਕੀਤੀ। ਹੁਣ ਇਹ ਔਰਤ ਆਪਣੇ ਭਵਿੱਖ ਬਾਰੇ ਚਿੰਤਤ ਹੈ।
ਹੜ੍ਹਾਂ ਕਾਰਨ ਪਸ਼ੂਆਂ, ਫ਼ਸਲਾਂ ਤੇ ਘਰਾਂ ਦੇ ਨੁਕਸਾਨ ਮਗਰੋਂ ਬਿਹਾਰ ਦੇ ਪਿੰਡਾਂ ਤੋਂ ਪਰਵਾਸੀਆਂ ਨੇ ਆਸ ਦੀ ਕਿਰਨ ਨਾਲ ਪੰਜਾਬ ਵੱਲ ਰੁਖ਼ ਕੀਤਾ ਹੈ। ਬਿਹਾਰ ਵਿੱਚ ਯਕਦਮ ਆਏ ਹੜ੍ਹਾਂ ਤੋਂ ਬਾਅਦ ਇਸ ਰਾਜ ਤੋਂ ਇਨ੍ਹੀਂ ਦਿਨੀਂ ਪੰਜਾਬ ਆਉਣ ਵਾਲਿਆਂ ਦੀ ਗਿਣਤੀ ਵਧ ਗਈ ਹੈ। ਉਥੋਂ ਆ ਰਹੀਆਂ ਰੇਲ ਗੱਡੀਆਂ ਦੇ ਹਰੇਕ ਡੱਬੇ ਵਿੱਚ ਸੈਂਕੜੇ ਪਰਵਾਸੀ ਭਰੇ ਹੁੰਦੇ ਹਨ, ਜਿਨ੍ਹਾਂ ਕੋਲ ਬੋਰੀਆਂ ਵਿੱਚ ਗਿੱਲੇ ਕੱਪੜੇ ਤੁੰਨੇ ਹੁੰਦੇ ਹਨ ਅਤੇ ਬਾਹਾਂ ਵਿੱਚ ਪਾਣੀ ਦੀਆਂ ਬੋਤਲਾਂ ਫਸਾਈਆਂ ਹੁੰਦੀਆਂ ਹਨ।
ਦੋਵਾਂ ਸੂਬਿਆਂ ਵਿਚਾਲੇ ਚੱਲ ਰਹੀਆਂ ਰੇਲ ਗੱਡੀਆਂ ਵਿੱਚ ਹੜ੍ਹ ਪ੍ਰਭਾਵਿਤ ਪੂਰਨੀਆ, ਅਰੱਈਆ, ਕਿਸ਼ਨਗੰਜ ਅਤੇ ਕਟਿਹਾਰ ਜ਼ਿਲ੍ਹਿਆਂ ਤੋਂ ਪਰਵਾਸੀ ਪੰਜਾਬ ਆ ਰਹੇ ਹਨ। ਬਿਹਾਰ ਦੇ ਸਹਿਰਸਾ ਤੋਂ ਆਉਂਦੀ ਜਨਸੇਵਾ ਐਕਸਪ੍ਰੈੱਸ ਪਹਿਲਾਂ ਹੀ ਵੱਡੀ ਗਿਣਤੀ ਪਰਵਾਸੀਆਂ ਨੂੰ ਰਾਜਪੁਰਾ ਰੇਲਵੇ ਸਟੇਸ਼ਨ ਉਤੇ ਲਿਆ ਚੁੱਕੀ ਹੈ। ਹੜ੍ਹਾਂ ਵਿੱਚ ਆਪਣਾ ਘਰ ਬਾਰ ਅਤੇ ਜਾਇਦਾਦ ਗਵਾਉਣ ਮਗਰੋਂ ਉਹ ਕੰਮ ਦੀ ਭਾਲ ਵਿੱਚ ਪੰਜਾਬ ਆ ਰਹੇ ਹਨ। ਰਾਜਪੁਰਾ ਰੇਲਵੇ ਸਟੇਸ਼ਨ ਦਾ ਗੇੜਾ ਮਾਰਨ ਉਤੇ ਦੇਖਿਆ ਕਿ ਹੜ੍ਹਾਂ ਦੇ ਝੰਬੇ ਪਰਵਾਸੀਆਂ ਦੀਆਂ ਅੱਖਾਂ ਵਿੱਚ ਬਠਿੰਡਾ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਦੇ ਸਨਅਤੀ ਖੇਤਰਾਂ ਵਿੱਚ ਕੋਈ ਕੰਮ ਮਿਲਣ ਦੀ ਆਸ ਹੈ।
ਹੜ੍ਹ ਰਾਹਤ ਸਮੱਗਰੀ ਦਾ ਇਕ ਇਕ ਪੈਕਟ ਚੁੱਕੀ ਪੁੱਜੇ ਸਹਿਰਸਾ ਵਾਸੀਆਂ ਰਾਜਕੁਮਾਰ, ਰਾਏਬੀਰ ਅਤੇ ਰਾਜੂ ਯਾਦਵ ਨੂੰ ਲੁਧਿਆਣਾ ਪੁੱਜਣ ਦੀ ਉਮੀਦ ਹੈ, ਜਿੱਥੇ ਹੌਜ਼ਰੀ ਯੂਨਿਟ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਕੰਮ ਕਰਦੇ ਹਨ। ਰਾਏਬੀਰ ਨੇ ਕਿਹਾ ਕਿ ”ਅਚਾਨਕ ਆਏ ਹੜ੍ਹਾਂ ਕਾਰਨ ਮੇਰਾ ਛੋਟਾ ਜਿਹਾ ਘਰ, ਦੋ ਗਊਆਂ ਅਤੇ ਬੱਕਰੀ ਰੁੜ੍ਹ ਗਈ। ਮੈਂ ਦੋ ਦਿਨਾਂ ਤੱਕ ਹਾਲਾਤ ਸੁਧਰਨ ਦਾ ਇੰਤਜ਼ਾਰ ਕਰਦਾ ਰਿਹਾ ਪਰ ਸਰਕਾਰ ਵੱਲੋਂ ਸਥਾਪਤ ਹੜ੍ਹ ਰਾਹਤ ਕੈਂਪਾਂ ਵਿੱਚ ਪੂਰੀ ਸਪਲਾਈ ਨਾ ਪੁੱਜਣ ਕਾਰਨ ਸਭ ਕੁਝ ਛੱਡ ਕੇ ਆਉਣਾ ਪਿਆ।”
ਚੰਪਾਰਨ ਦੇ ਲਛਮਣ ਆਹਲੋ ਨੇ ਕਿਹਾ ਕਿ ”ਪਿਛਲੇ ਹੜ੍ਹਾਂ ਦੌਰਾਨ ਮੈਂ ਕੰਮ ਅਤੇ ਪੈਸਾ ਬਚਾਉਣ ਲਈ ਤਿੰਨ ਮਹੀਨੇ ਪੰਜਾਬ ਵਿੱਚ ਰਿਹਾ ਸੀ। ਬਿਹਾਰ ਵਿੱਚ ਹੜ੍ਹਾਂ ਕਾਰਨ ਸਥਿਤੀ ਕਾਫ਼ੀ ਭਿਆਨਕ ਹੈ। ਮੇਰਾ ਭਰਾ ਪਿਛਲੇ ਮੰਗਲਵਾਰ ਤੋਂ ਲਾਪਤਾ ਹੈ ਅਤੇ ਉਸ ਦਾ ਮੋਬਾਈਲ ਵੀ ਬੰਦ ਹੈ। ਉਹ ਨੇੜਲੇ ਰਾਹਤ ਕੈਂਪ ਵਿੱਚ ਵੀ ਨਹੀਂ ਲੱਭਿਆ।”
ਅਰੱਈਆ ਦੇ ਪ੍ਰਿਤਪਾਲ ਚੌਹਾਨ ਨੇ ਕਿਹਾ ਕਿ ”ਜਦੋਂ ਅਸੀਂ ਘਰਾਂ ਵਿੱਚ ਸੁੱਤੇ ਪਏ ਸੀ ਤਾਂ ਲੋਕਾਂ ਨੇ ਰੌਲਾ ਪਾ ਦਿੱਤਾ ਕਿ ਪਾਣੀ ਆ ਗਿਆ। ਜਿਸ ਦੇ ਹੱਥ ਜੋ ਵੀ ਲੱਗਿਆ, ਉਹ ਚੁੱਕ ਕੇ ਭੱਜਿਆ।” ਜਿਉਂ ਹੀ ਉਸ ਦੀ ਰੇਲ ਗੱਡੀ ਥੋੜ੍ਹੇ ਸਮੇਂ ਲਈ ਰਾਜਪੁਰਾ ਰੇਲਵੇ ਸਟੇਸ਼ਨ ਉਤੇ ਰੁਕੀ ਤਾਂ ਉਸ ਨੇ ਬੋਰੀ ਵਿੱਚੋਂ ਗਿੱਲੇ ਕੱਪੜੇ ਕੱਢ ਕੇ ਸੁਕਾਉਣ ਦੀ ਕੋਸ਼ਿਸ਼ ਕੀਤੀ