ਸਵਿੱਸ ਬੈਂਕਾਂ ‘ਚ ਜਮ੍ਹਾ ਭਾਰਤ ਦਾ ‘ਕਾਲਾ ਧਨ’ ਹੋਇਆ ਗਾਇਬ

ਸਵਿੱਸ ਬੈਂਕਾਂ ‘ਚ ਜਮ੍ਹਾ ਭਾਰਤ ਦਾ ‘ਕਾਲਾ ਧਨ’ ਹੋਇਆ ਗਾਇਬ

ਜ਼ਿਊਰਿਖ/ਨਵੀਂ ਦਿੱਲੀ/ਬਿਊਰੋ ਨਿਊਜ਼ :
ਸਵਿੱਸ ਬੈਂਕਾਂ ਵਿੱਚ ਜਮ੍ਹਾਂ ਧਨ ਦੇ ਮਾਮਲੇ ਵਿੱਚ ਭਾਰਤ 88ਵੇਂ ਸਥਾਨ ‘ਤੇ ਖਿਸਕ ਗਿਆ ਹੈ ਜਦੋਂ ਕਿ ਇੰਗਲੈਂਡ ਹਾਲੇ ਵੀ ਸਿਖ਼ਰਲੇ ਸਥਾਨ ਉਤੇ ਹੈ। ਸਵਿੱਟਜ਼ਰਲੈਂਡ ਦੀਆਂ ਬੈਂਕਾਂ ਵਿੱਚ ਅਧਿਕਾਰਤ ਤੌਰ ‘ਤੇ ਪਿਆ ਭਾਰਤੀਆਂ ਦਾ ਧਨ ਸਵਿੱਸ ਬੈਂਕਿੰਗ ਸਿਸਟਮ ਵਿੱਚ ਵਿਦੇਸ਼ੀ ਗਾਹਕਾਂ ਦੇ ਕੁੱਲ ਧਨ ਦਾ ਮਹਿਜ਼ 0.04 ਫ਼ੀਸਦ ਬਣਦਾ ਹੈ।
ਇਹ ਅੰਕੜੇ ਸਵਿੱਸ ਨੈਸ਼ਨਲ ਬੈਂਕ (ਐਸਐਨਬੀ) ਵੱਲੋਂ ਅਧਿਐਨ ਬਾਅਦ 2016 ਦੇ ਅੰਤ ਵਿੱਚ ਜਾਰੀ ਕੀਤੇ ਗਏ ਹਨ। ਇਸ ਰਾਸ਼ੀ ਨੂੰ ਐਸਐਨਬੀ ਨੇ ਸਵਿੱਸ ਬੈਂਕਾਂ ਦੀ ਗਾਹਕਾਂ ਪ੍ਰਤੀ ‘ਦੇਣਦਾਰੀ’ ਦੱਸਦਿਆਂ ਕਿਹਾ ਕਿ ਇਹ ਅੰਕੜੇ ਸਵਿੱਸ ਅਧਿਕਾਰੀਆਂ ਵੱਲੋਂ ਨਸ਼ਰ ਕੀਤੇ ਗਏ ਹਨ ਅਤੇ ਇਹ ਭਾਰਤ ਵਿਚ ਕਾਲੇ ਧਨ ਦੇ ਮੁੱਦੇ ਉਤੇ ਛਿੜੀ ਬਹਿਸ ਮੁਤਾਬਕ ਵੱਡੀ ਰਾਸ਼ੀ ਜਮ੍ਹਾਂ ਹੋਣ ਵੱਲ ਸੰਕੇਤ ਨਹੀਂ ਕਰਦੇ। ਐਸਐਨਬੀ ਦੇ ਅਧਿਕਾਰਤ ਅੰਕੜਿਆਂ ਵਿੱਚ ਭਾਰਤ ਤੋਂ ਜਮ੍ਹਾਂ ਹੋਈ ਰਾਸ਼ੀ ਹੀ ਸ਼ਾਮਲ ਹੈ। ਭਾਰਤੀਆਂ ਤੇ ਐਨਆਰਆਈਜ਼ ਵੱਲੋਂ ਹੋਰ ਮੁਲਕਾਂ ਤੋਂ ਸਵਿੱਸ ਬੈਂਕਾਂ ਵਿਚ ਰਾਸ਼ੀ ਜਮ੍ਹਾਂ ਕਰਾਈ ਹੋ ਸਕਦੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਵਿਟਜ਼ਰਲੈਂਡ ਦੀਆਂ ਬੈਂਕਾਂ ਦੇ ਗੁਪਤਤਾ ਵਾਲੀ ਨਿਯਮ ਖ਼ਿਲਾਫ਼ ਆਲਮੀ ਪੱਧਰ ਉਤੇ ਮੁਹਿੰਮ ਛਿੜਨ ਬਾਅਦ ਸਵਿੱਸ ਬੈਂਕਾਂ ਵਿੱਚ ਪਿਆ ਕਾਲਾ ਧਨ ਭਾਰਤੀਆਂ ਨੇ ਹੋਰ ਥਾਈਂ ਤਬਦੀਲ ਕਰ ਦਿੱਤਾ ਹੋਵੇ। ਸਵਿੱਸ ਬੈਂਕਾਂ ਨੇ ਕਿਹਾ ਕਿ ਕਾਲੇ ਧਨ ਉਤੇ ਨਜ਼ਰ ਰੱਖਣ ਦੇ ਯਤਨਾਂ ਦੌਰਾਨ ਸਿੰਗਾਪੁਰ ਤੇ ਹਾਂਗਕਾਂਗ ਵਰਗੇ ਹੋਰ ਕੌਮਾਂਤਰੀ ਵਿੱਤੀ ਕੇਂਦਰਾਂ ਮੁਕਾਬਲੇ ਭਾਰਤੀਆਂ ਨੇ ‘ਬਹੁਤ ਥੋੜ੍ਹਾ ਧਨ ਜਮ੍ਹਾਂ’ ਕਰਾਇਆ ਹੈ।
ਸਵਿੱਸ ਬੈਂਕਾਂ ਵਿੱਚ ਵਿਸ਼ਵ ਭਰ ਦੇ ਵਿਦੇਸ਼ੀ ਗਾਹਕਾਂ ਵੱਲੋਂ ਜਮ੍ਹਾਂ ਕਰਾਏ ਕੁੱਲ ਧਨ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। 2016 ਦੌਰਾਨ ਇਹ 1.41 ਟ੍ਰਿਲੀਅਨ ਸਵਿੱਸ ਫਰੈਂਕ ਤੋਂ ਵਧ ਕੇ 1.42 ਟ੍ਰਿਲੀਅਨ ਫਰੈਂਕ ਹੋ ਗਿਆ। ਸਵਿੱਸ ਬੈਂਕਾਂ ਵਿੱਚ ਧਨ ਜਮ੍ਹਾਂ ਕਰਾਉਣ ਵਾਲੇ ਮੁਲਕਾਂ ‘ਚੋਂ ਯੂਕੇ 359 ਅਰਬ ਫਰੈਂਕ ਨਾਲ ਸਿਖ਼ਰਲੇ ਸਥਾਨ ਉਤੇ ਹੈ, ਇਹ ਕੁੱਲ ਜਮ੍ਹਾਂ ਵਿਦੇਸ਼ੀ ਧਨ ਦਾ 25 ਫ਼ੀਸਦ ਤੋਂ ਵੱਧ ਬਣਦਾ ਹੈ। ਇਸ ਸੂਚੀ ਵਿੱਚ 177 ਅਰਬ ਫਰੈਂਕ ਨਾਲ ਅਮਰੀਕਾ ਦਾ ਦੂਜਾ ਸਥਾਨ ਹੈ। ਸਵਿੱਸ ਬੈਂਕਾਂ ਵਿੱਚ ਭਾਰਤੀਆਂ ਦੇ ਤਕਰੀਬਨ 4500 ਕਰੋੜ ਰੁਪਏ ਜਮ੍ਹਾਂ ਹਨ ਅਤੇ ਉਹ 88ਵੇਂ ਸਥਾਨ ਉਤੇ ਹੈ। 1.4 ਅਰਬ ਫਰੈਂਕ ਨਾਲ ਪਾਕਿਸਤਾਨ ਇਸ ਸੂਚੀ ਵਿੱਚ 71ਵੇਂ ਸਥਾਨ ਉਤੇ ਹੈ।  
ਭਾਰਤ ਦਾ 37ਵੇਂ ਸਥਾਨ ਤੋਂ ਡਿੱਗਣ ਦਾ ਸਫ਼ਰ
ਸਾਲ 2015 ਵਿੱਚ ਭਾਰਤ 75ਵੇਂ ਸਥਾਨ ਉਤੇ ਸੀ ਅਤੇ ਇਸ ਤੋਂ ਇਕ ਸਾਲ ਪਹਿਲਾਂ ਉਹ 61ਵੇਂ ਸਥਾਨ ਉਤੇ ਸੀ। 2007 ਤਕ ਭਾਰਤ ਸਵਿੱਸ ਬੈਂਕਾਂ ਵਿੱਚ ਧਨ ਦੇ ਮਾਮਲੇ ਵਿਚ ਟੌਪ-50 ਮੁਲਕਾਂ ਵਿੱਚ ਸ਼ਾਮਲ ਰਿਹਾ ਹੈ। 2004 ਵਿੱਚ 37ਵਾਂ ਸਥਾਨ ਭਾਰਤ ਦੀ ਸਭ ਤੋਂ ਉੱਚੀ ਰੈਂਕਿੰਗ ਸੀ। ਕਾਲੇ ਧਨ ਉਤੇ ਸ਼ਿਕੰਜਾ ਕੱਸਣ ਲਈ ਹਾਲ ਹੀ ਵਿੱਚ ਭਾਰਤ ਤੇ ਸਵਿਟਜ਼ਰਲੈਂਡ ਦਰਮਿਆਨ ਆਟੋਮੈਟਿਕ ਸੂਚਨਾ ਸਾਂਝੀ ਕਰਨ ਬਾਰੇ ਨਵੀਂ ਰੂਪ-ਰੇਖਾ ਉਲੀਕੀ ਗਈ ਹੈ ਅਤੇ ਇਸ ਬਾਅਦ ਹੀ ਭਾਰਤ ਦਾ ਧਨ ਘਟਣ ਲੱਗਾ ਹੈ।