ਬੁਰਹਾਨ ਵਾਨੀ ਦੇ ਸਾਥੀ ਸਬਜ਼ਾਰ ਭੱਟ ਦੀ ਹੱਤਿਆ ਮਗਰੋਂ ਕਸ਼ਮੀਰ ਵਿੱਚ ਕਰਫਿਊ ਵਰਗੇ ਹਾਲਾਤ

ਬੁਰਹਾਨ ਵਾਨੀ ਦੇ ਸਾਥੀ ਸਬਜ਼ਾਰ ਭੱਟ ਦੀ ਹੱਤਿਆ ਮਗਰੋਂ ਕਸ਼ਮੀਰ ਵਿੱਚ ਕਰਫਿਊ ਵਰਗੇ ਹਾਲਾਤ
ਕੈਪਸ਼ਨ-ਸ੍ਰੀਨਗਰ ਨੇੜੇ ਤਰਾਲ ਵਿੱਚ ਅਤਿਵਾਦੀ ਸਬਜ਼ਾਰ ਭੱਟ ਦੇ ਜਨਾਜ਼ੇ ਨੂੰ ਦੇਖਦੀਆਂ ਹੋਈਆਂ ਕਸ਼ਮੀਰੀ ਔਰਤਾਂ।

ਸ੍ਰੀਨਗਰ/ਬਿਊਰੋ ਨਿਊਜ਼ :
ਹਿਜ਼ਬੁਲ ਕਮਾਂਡਰ ਸਬਜ਼ਾਰ ਅਹਿਮਦ ਭੱਟ ਨੂੰ ਤਰਾਲ ਵਿਚ ਉਸ ਦੇ ਜੱਦੀ ਪਿੰਡ ਰੁਤਸਾਨਾ ਵਿਖੇ ਕਰੜੀ ਸੁਰੱਖਿਆ ਦੌਰਾਨ ਦਫਨਾ ਦਿੱਤਾ ਗਿਆ ਹੈ, ਇਸ ਮੌਕੇ ਵੱਡੀ ਗਿਣਤੀ ਵਿਚ ਸਥਾਨਕ ਤੇ ਵੱਖ-ਵੱਖ ਇਲਾਕਿਆਂ ਤੋਂ ਲੋਕ ਉਸ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਣ ਲਈ ਪੁੱਜੇ ਹੋਏ ਸਨ।
ਭੱਟ ਦੀ ਹੱਤਿਆ ਤੋਂ ਬਾਅਦ ਵਾਦੀ ਵਿੱਚ ਸਥਿਤੀ ਤਣਾਅਪੂਰਨ ਹੈ ਪਰ ਅਧਿਕਾਰੀਆਂ ਵੱਲੋਂ ਜ਼ਿਆਦਾਤਰ ਹਿੱਸਿਆਂ ਵਿੱਚ ਕਰਫਿਊ ਵਰਗੀਆਂ ਪਾਬੰਦੀਆਂ ਲਾਗੂ ਕਰਨ ਨਾਲ ਹਾਲਾਤ ਕਾਬੂ ਹੇਠ ਹਨ।
ਪੁਲੀਸ ਤਰਜਮਾਨ ਨੇ ਕਿਹਾ ਕਿ ਪੁਲਵਾਮਾ, ਕੁਲਗਾਮ, ਸ਼ੋਪੀਆਂ ਅਤੇ ਸੋਪੋਰ ਵਿੱਚ ਪਥਰਾਅ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵਾਦੀ ਵਿੱਚ ਹਾਲਾਤ ਸ਼ਾਂਤੀਪੂਰਨ ਰਹੇ। ਬੁਲਾਰੇ ਨੇ ਕਿਹਾ ਕਿ ਤਹਾਬ ਵਿੱਚ ਸੀਆਰਪੀਐਫ ਕੈਂਪ ਉਤੇ ਸ਼ਰਾਰਤੀਆਂ ਦੇ ਗਰੁੱਪ ਨੇ ਪਥਰਾਅ ਕੀਤਾ। ਸਥਿਤੀ ਨਾਲ ਨਜਿੱਠਣ ਲਈ ਪੁਲੀਸ ਤੇ ਸੁਰੱਖਿਆ ਦਸਤੇ ਜ਼ਬਤ ਤੋਂ ਕੰਮ ਲੈ ਰਹੇ ਹਨ।
ਸ੍ਰੀਨਗਰ ਦੇ ਸੱਤ ਥਾਣਾ ਖੇਤਰਾਂ ਖਨਿਆਰ, ਨੌਹੱਟਾ, ਸਫਕਦਲ, ਐਮ.ਆਰ. ਗੰਜ, ਰੈਨਾਵਾੜੀ, ਕਰਾਲਖੱਡ ਅਤੇ ਮੈਸੂਮਾ ਵਿੱਚ ਇਹਤਿਆਤ ਵਜੋਂ ਪਾਬੰਦੀਆਂ ਲਾਈਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ, ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹਿਆਂ ਅਤੇ ਸੋਪੋਰ ਸ਼ਹਿਰ ਵਿੱਚ ਵੀ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ। ਕੇਂਦਰੀ ਕਸ਼ਮੀਰ ਦੇ ਬੜਗਾਮ ਤੇ ਗੰਦਰਬਲ
ਜ਼ਿਲ੍ਹਿਆਂ ਵਿੱਚ ਫੌਜਦਾਰੀ ਜ਼ਾਬਤੇ ਦੀ ਧਾਰਾ 144 ਅਧੀਨ ਚਾਰ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਉਤੇ ਪਾਬੰਦੀ ਲਾ ਦਿੱਤੀ ਹੈ।
ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਥਰਾਅ ਦੀਆਂ ਘਟਨਾਵਾਂ ਰੁਕਣ ਤੱਕ ਕਸ਼ਮੀਰ ਮਸਲੇ ਬਾਰੇ ਗੱਲਬਾਤ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਕ ਵਾਰ ਹਿੰਸਾ ਖ਼ਤਮ ਹੋਣ ਮਗਰੋਂ ਸਰਕਾਰ ਹਰੇਕ ਨਾਲ ਗੱਲਬਾਤ ਕਰੇਗੀ। ਜਦੋਂ ਪੁੱਛਿਆ ਗਿਆ ਕਿ ਕੀ ਸਰਕਾਰ ਹੁਰੀਅਤ ਨਾਲ ਵੀ ਗੱਲਬਾਤ ਕਰੇਗੀ ਤਾਂ ਉਨ੍ਹਾਂ ਕਿਹਾ ਕਿ ”ਹਿੰਸਾ ਰੁਕਣ ਅਤੇ ਗੱਲਬਾਤ ਲਈ ਮਾਹੌਲ ਬਣਨ ਤੋਂ ਬਾਅਦ ਅਸੀਂ ਹਰੇਕ ਨਾਲ ਗੱਲਬਾਤ ਕਰਾਂਗੇ।”
ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਸ਼ਮੀਰ ਵਿੱਚ ਫੌਰੀ ਰਾਜਪਾਲ ਰਾਜ ਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਰਾਜਪਾਲ ਰਾਜ ਖ਼ਿਲਾਫ਼ ਰਹੇ ਪਰ ਹੁਣ ਕੋਈ ਹੋਰ ਰਾਹ ਨਹੀਂ ਬਚਿਆ।
ਵੱਖਵਾਦੀ ਆਗੂਆਂ ਨੂੰ ਪੁੱਛ-ਪੜਤਾਲ ਲਈ ਦਿੱਲੀ ਸੱਦਿਆ :
ਸ੍ਰੀਨਗਰ: ਕੌਮੀ ਜਾਂਚ ਏਜੰਸੀ ਨੇ ਅਤਿਵਾਦੀਆਂ ਨੂੰ ਫੰਡ ਮੁਹੱਈਆ ਕਰਾਉਣ ਅਤੇ ਜੰਮੂ-ਕਸ਼ਮੀਰ ਵਿੱਚ ਲੁਕਵੀਆਂ ਕਾਰਵਾਈਆਂ ਦੇ ਮਾਮਲੇ ਵਿੱਚ ਦੋ ਕਸ਼ਮੀਰੀ ਵੱਖਵਾਦੀ ਆਗੂਆਂ ਨੂੰ ਦਿੱਲੀ ਸਥਿਤ ਹੈੱਡਕੁਆਰਟਰ ‘ਤੇ ਤਲਬ ਕੀਤਾ ਹੈ। ਤਹਿਰੀਕੇ ਏ ਹੁਰੀਅਤ ਦੇ ਫਾਰੂਕ ਅਹਿਮਦ ਡਾਰ ਉਰਫ਼ ‘ਬਿੱਟਾਂ ਕਰਾਟੇ’ ਅਤੇ ਜਾਵੇਦ ਅਹਿਮਦ ਬਾਬਾ ਉਰਫ ‘ਗਾਜ਼ੀ’ ਨੂੰ ਕੁਝ ਬੈਂਕਾਂ, ਜਾਇਦਾਦ ਦੇ ਦਸਤਾਵੇਜ਼ ਅਤੇ ਹੋਰ ਕਾਗਜ਼ਾਂ ਸਮੇਤ ਕੌਮੀ ਜਾਂਚ ਏਜੰਸੀ ਕੋਲ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਹੀਨੇ ਦੀ ਸ਼ੁਰੂਆਤ ਵਿੱਚ ਵੀ ਜਾਂਚ ਏਜੰਸੀ ਨੇ ਇਨ੍ਹਾਂ ਤੋਂ ਪੁਛਗਿਛ ਕੀਤੀ ਸੀ। ਇਨ੍ਹਾਂ ਦੇ ਨਾਂ ਮੁੱਢਲੀ ਜਾਂਚ ਵਿੱਚ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਇਨ੍ਹਾਂ ਤੋਂ ਇਨ੍ਹਾਂ ਦੀ ਹਵਾਲਾ ਰਾਹੀਂ ਕਥਿਤ ਫੰਡ ਇਕੱਠੇ ਅਤੇ ਟਰਾਂਸਫਰ ਕਰਨ ਵਿੱਚ ਕਥਿਤ ਸ਼ਮੂਲੀਅਤ ਬਾਰੇ ਮੁੜ ਪੁੱਛਗਿਛ ਕੀਤੀ ਜਾਵੇਗੀ।
ਯਾਸਿਨ ਮਲਿਕ ਗ੍ਰਿਫ਼ਤਾਰ :
ਸ੍ਰੀਨਗਰ : ਜੇਕੇਐਲਐਫ ਚੇਅਰਮੈਨ ਮੁਹੰਮਦ ਯਾਸਿਨ ਮਲਿਕ ਨੂੰ ਇੱਥੇ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਮਲਿਕ ਨੂੰ ਸ੍ਰੀਨਗਰ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ। ਉਸ ਨੂੰ ਲਾਲ ਚੌਕ ਨੇੜੇ ਮੈਸੂਮਾ ਵਿੱਚ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਮੁਕਾਬਲੇ ਵਿੱਚ ਮਾਰੇ ਅਤਿਵਾਦੀ ਸਬਜ਼ਾਰ ਅਹਿਮਦ ਭੱਟ ਤੇ ਫੈਜ਼ਾਨ ਮੁਜ਼ੱਫਰ ਦੇ ਘਰ ਗਏ ਸਨ।