ਦਾੜ੍ਹੀ-ਕੇਸ ਰੰਗਣ ਵਾਲੇ ਦਿੱਲੀ ਕਮੇਟੀ ਮੈਂਬਰਾਂ ਖ਼ਿਲਾਫ਼ ਕਾਰਵਾਈ ਦੀ ਮੰਗ

ਦਾੜ੍ਹੀ-ਕੇਸ ਰੰਗਣ ਵਾਲੇ ਦਿੱਲੀ ਕਮੇਟੀ ਮੈਂਬਰਾਂ ਖ਼ਿਲਾਫ਼ ਕਾਰਵਾਈ ਦੀ ਮੰਗ

ਕੈਪਸ਼ਨ-ਦਿੱਲੀ ਅਕਾਲੀ ਦਲ ਦੇ ਆਗੂ ਸ੍ਰੀ ਅਕਾਲ ਤਖ਼ਤ ਦੇ ਸਕਤਰੇਤ ਵਿਖੇ ਮੰਗ ਪੱਤਰ ਸੌਂਪਦੇ ਹੋਏ। 
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਭਜਨ ਸਿੰਘ ਵਾਲੀਆ ਨੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਇਕ ਪੱਤਰ ਸੌਂਪ ਕੇ ਅਪੀਲ ਕੀਤੀ ਹੈ ਕਿ ਦਿੱਲੀ ਕਮੇਟੀ ਦੇ ਕੁਝ ਮੈਂਬਰਾਂ ਖਿਲਾਫ ਦਾੜ੍ਹੀ ਕੇਸ ਰੰਗਣ ਸਮੇਤ ਹੋਰ ਮਰਿਯਾਦਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਾਰਵਾਈ ਕੀਤੀ ਜਾਵੇ। ਇਹ ਮੰਗ ਪੱਤਰ ਸਕੱਤਰੇਤ ਵਿਖੇ ਜਥੇਦਾਰ ਦੇ ਨਿੱਜੀ ਸਕੱਤਰ ਭੁਪਿੰਦਰ ਸਿੰਘ ਨੂੰ ਸੌਂਪਿਆ ਗਿਆ ਹੈ। ਇਸ ਮੰਗ ਪੱਤਰ ਵਿਚ ਦਿੱਲੀ ਕਮੇਟੀ ਦੇ ਲਗਭਗ 21 ਮੈਂਬਰਾਂ ਖਿਲਾਫ ਵੱਖ ਵੱਖ ਦੋਸ਼ ਲਾਏ ਗਏ ਹਨ। ਸ੍ਰੀ ਵਾਲੀਆ ਨੇ ਇਸ ਪੱਤਰ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਇਕ ਚੈਨਲ ‘ਤੇ ਇੰਟਰਵਿਊ ਦਾ ਹਵਾਲਾ ਦਿੰਦਿਆਂ ਆਖਿਆ ਕਿ ਉਨ੍ਹਾਂ ਖੁਦ ਮੰਨਿਆ ਹੈ ਕਿ ਦਿੱਲੀ ਕਮੇਟੀ ਦੇ ਕੁਝ ਮੈਂਬਰ ਆਪਣੀ ਦਾੜ੍ਹੀ ਤੇ ਕੇਸ ਰੰਗਦੇ ਹਨ। ਇਸ ਤੋਂ ਇਲਾਵਾ ਮੰਦਿਰ ਵਿਚ ਜਾ ਕੇ ਟਿੱਕਾ ਲਵਾਉਣਾ, ਚੁੰਨੀ ਗਲ ਵਿਚ ਪਾਉਣਾ ਅਤੇ ਚੋਣਾਂ ਦੌਰਾਨ ਸ਼ਰਾਬ ਦੀਆਂ ਪੇਟੀਆਂ ਗੁਰਦੁਆਰੇ ਦੀ ਹਦੂਦ ਵਿਚ ਰੱਖਣ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਜੀ.ਕੇ. ਨੇ ਅਜਿਹੇ ਦੋਸ਼ਾਂ ਵਾਲੇ ਮੈਂਬਰਾਂ ਦਾ ਪੱਖ ਪੂਰਿਆ ਹੈ, ਇਸ ਲਈ ਨੈਤਿਕ ਤੌਰ ‘ਤੇ ਉਨ੍ਹਾਂ ਨੂੰ ਵੀ ਆਪਣੇ ਅਹੁਦੇ ‘ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਆਖਿਆ ਕਿ ਦਿੱਲੀ ਕਮੇਟੀ ਦੀ ਮੁੱਢਲੀ ਜ਼ਿੰਮੇਵਾਰੀ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਨਾ ਤੇ ਕਰਾਉਣਾ, ਪੰਥਕ ਰਵਾਇਤਾਂ ਨੂੰ ਮਜ਼ਬੂਤ ਬਣਾਉਣਾ ਹੈ ਪਰ ਆਪਣੇ ਨਿੱਜੀ ਤੇ ਸਿਆਸੀ ਮੁਫਾਦਾਂ ਦੀ ਖਾਤਰ ਮਰਿਆਦਾ ਦਾ ਘਾਣ ਕੀਤਾ ਹੈ।
ਜਿਨ੍ਹਾਂ 21 ਮੈਂਬਰਾਂ ਖਿਲਾਫ ਦਾੜ੍ਹੀ ਰੰਗਣ ਅਤੇ ਹੋਰ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਗਏ ਹਨ, ਉਨ੍ਹਾਂ ਵਿਚ 17 ਮੈਂਬਰ ਚੁਣੇ ਹੋਏ, ਦੋ ਨਾਮਜ਼ਦ ਮੈਂਬਰ ਅਤੇ ਦੋ ਰਜਿਸਟਰਡ ਸਿੰਘ ਸਭਾ ਨਾਲ ਸਬੰਧਤ ਮੈਂਬਰ ਸ਼ਾਮਲ ਹਨ।
ਕਾਲੇ ਪਾਣੀ ਦੀ ਜੇਲ੍ਹ ਬਾਰੇ ਤੱਥ ਰਿਪੋਰਟ ਸੌਂਪੀ :
ਪਟਿਆਲਾ : ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਕਾਲੇ ਪਾਣੀ ਵਜੋਂ ਸੱਦੀ ਜਾਂਦੀ ਜੇਲ੍ਹ ਜਿਥੇ  ਦੇਸ਼ ਦੀ ਆਜ਼ਾਦੀ ਦੇ ਸਿੱਖ ਸੰਘਰਸ਼ ਨਾਲ ਜੁੜੇ ਮੁੱਦੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸੱਤ ਮੈਂਬਰੀ ਪੜਤਾਲੀਆ ਕਮੇਟੀ ਭੇਜੀ ਸੀ, ਵੱਲੋਂ ਆਪਣੀ ਪੜਤਾਲੀਆ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪ ਦਿੱਤੀ ਹੈ। ਇਹ ਕਮੇਟੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਕਾਲੇ ਪਾਣੀ ਵਾਲੀ ਜੇਲ੍ਹ ਦਾ ਦੌਰਾ ਕਰਨ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਜੋ ਤੱਥ ਖੋਜ ਕੀਤੀ ਹੈ, ਉਨ੍ਹਾਂ ਮੁਤਾਬਕ ਜੇਲ੍ਹ ਦੀ ਗੈਲਰੀ ਵਿਚੋਂ ਸਿੱਖ ਸੂਰਬੀਰਾਂ ਦੀਆ ਫੋਟੋਆਂ ਹਟਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਬਾਰੇ ਜਦੋਂ ਟਾਪੂ ਦੇ ਉਪ ਰਾਜਪਾਲ ਸ੍ਰੀ ਜੀ. ਮੁਖੀ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਵੀ ਅਜਿਹੇ ਭੇਤ ਤੋਂ ਅਨਜਾਣ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਬਡੂੰਗਰ ਦਾ ਕਹਿਣਾ ਸੀ ਕਿ ਕਾਲੇ ਪਾਣੀ ਜੇਲ੍ਹ ਬਾਰੇ ਅਗਲੇ ਸਮੇਂ ਜੇਕਰ ਲੋੜ ਸਮਝੀ ਗਈ ਤਾਂ ਸ਼੍ਰੋਮਣੀ ਕਮੇਟੀ ਦਾ ਵਫ਼ਦ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲੇਗਾ।