12ਵੀਂ ਦੀ ਕਿਤਾਬ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਦਾ ਮੁੱਦਾ ਭਖਿਆ

12ਵੀਂ ਦੀ ਕਿਤਾਬ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਦਾ ਮੁੱਦਾ ਭਖਿਆ

ਜਲੰਧਰ/ਬਿਊਰੋ ਨਿਊਜ਼ :
ਇਸ ਸਮੇਂ 12ਵੀਂ ਦੀ ਕਿਤਾਬ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਦਾ ਮੁੱਦਾ ਭਖਿਆ ਹੋਇਆ ਹੈ। ਸਿੱਖ ਵਿਦਵਾਨ ਮਹਿਸੂਸ ਕਰ ਰਹੇ ਹਨ ਕਿ ਕੈਪਟਨ ਸਰਕਾਰ ਤੇ ਬਾਦਲ ਅਕਾਲੀ ਦਲ ਇਸ ਮਾਮਲੇ ਵਿਚ ਫਰੈਂਡਲੀ ਮੈਚ ਖੇਡ ਰਿਹਾ ਹੈ ਤੇ ਜੋ ਸਰਕਾਰੀ ਪੱਧਰ ‘ਤੇ ਸਿੱਖ ਇਤਿਹਾਸ ਕਮੇਟੀ ਹੈ, ਉਸ ਦੇ ਵਿਦਵਾਨ ਸ਼੍ਰੋਮਣੀ ਕਮੇਟੀ ਤੇ ਬਾਦਲ ਅਕਾਲੀ ਦਲ ਨਾਲ ਜੁੜੇ ਹੋਏ ਹਨ। ਸ. ਗੁਰਤੇਜ ਸਿੰਘ ਆਈਏਐਸ ਦਾ ਕਹਿਣਾ ਹੈ ਕਿ ਜੋ ਲੋਕ ਸਰਕਾਰੀ ਇਤਿਹਾਸਕ ਕਮੇਟੀ ਵਿਚ ਪ੍ਰਿਥੀਪਾਲ ਸਿੰਘ ਤੇ ਕ੍ਰਿਪਾਲ ਸਿੰਘ ਸ਼ਾਮਲ ਹਨ, ਉਹ ਬਾਦਲ ਤੇ ਕੈਪਟਨ ਦੇ ਖਾਸ ਮਿੱਤਰ ਹਨ। ਇਨ੍ਹਾਂ ਲੋਕਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਗੁੰਮਰਾਹ ਕਰਕੇ ਰਾਜੀਵ ਲਂੌਗੋਵਾਲ ਸਮਝੌਤਾ ਕਰਵਾ ਕੇ ਪੰਜਾਬ ਨਾਲ ਦਗਾ ਕਮਾਇਆ ਸੀ। ਇਨ੍ਹਾਂ ਦੀ ਸਾਂਝ ਕਾਂਗਰਸ ਨਾਲ ਵੀ ਸੀ ਤੇ ਅਕਾਲੀ ਦਲ ਨਾਲ ਵੀ। ਹੁਣ ਵੀ ਸਰਕਾਰ ਵਲੋਂ ਬਣਾਈ ਸਿੱਖ ਇਤਿਹਾਸ ਕਮੇਟੀ ਵਿਚ ਇਹੀ ਲੋਕ ਸ਼ਾਮਲ ਹਨ। ਇਹ ਸਿੱਖਾਂ ਨਾਲ ਕੀ ਇਨਸਾਫ਼ ਕਰਨਗੇ। ਗੁਰਤੇਜ ਸਿੰਘ ਆਈਏਐਸ ਦਾ ਕਹਿਣਾ ਹੈ ਕਿ ਬਾਦਲ ਅਕਾਲੀ ਦਲ ਵਲੋਂ ਸਿਲੇਬਸ ਤੇ ਧਰਨਿਆਂ ਦੇ ਜੋ ਡਰਾਮੇ ਕੀਤੇ ਜਾ ਰਹੇ ਹਨ, ਉਸ ਤੋਂ ਸਿਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਸਰਕਾਰੀ ਤੇ ਸ੍ਰੋਮਣੀ ਕਮੇਟੀ ਦੇ ਇਤਿਹਾਸਕਾਰ ਕਿਰਪਾਲ ਸਿੰਘ ਤੇ ਪ੍ਰਿਥੀਪਾਲ ਸਿੰਘ ਸਿਖ ਪੰਥ ਨੂੰ ਗੁਮਰਾਹ ਕਰ ਰਹੇ ਹਨ ਕਿ ਇਤਿਹਾਸ ਵਿਚ ਤਬਦੀਲੀਆਂ ਨਹੀਂ ਹੋਈਆਂ।
ਕੀ ਕਹਿੰਦੀ ਏ ਕੈਪਟਨ ਦੀ ਕਮੇਟੀ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਇਤਿਹਾਸ ਦੀ ਕਿਤਾਬ ਦੇ ਵਿਵਾਦ ਤੋਂ ਬਾਅਦ ਬਣਾਈ ਸਿੱਖ ਵਿਦਵਾਨਾਂ ਦੀ ਛੇ ਮੈਂਬਰੀ ਵਿਸ਼ੇਸ਼ ਕਮੇਟੀ ਵਿਚੋਂ ਚਾਰ ਮੈਂਬਰਾਂ ਕਮੇਟੀ ਮੁਖੀ ਡਾ. ਕਿਰਪਾਲ ਸਿੰਘ, ਡਾ. ਜੇ ਐੱਸ ਗਰੇਵਾਲ, ਡਾ. ਪ੍ਰਿਥੀਪਾਲ ਸਿੰਘ ਕਪੂਰ ਤੇ ਡਾ. ਇੰਦੂ ਬੰਗਾ ਨੇ ਸਪੱਸ਼ਟ ਕੀਤਾ ਉਨ੍ਹਾਂ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਤੇ ਉਹ ਸਿੱਖ ਗੁਰੂਆਂ ਤੇ ਸਿੱਖ ਧਰਮ ਦਾ ਪੂਰਾ ਸਤਿਕਾਰ ਕਰਦੇ ਹਨ, ਪਰ ਕਿਤਾਬ ਲਿਖਣ ਵੇਲੇ ਸ਼ਰਧਾ ਨਹੀਂ, ਬਲਕਿ ਅਕਾਦਮਿਕ ਖੇਤਰ ਦੇਖਿਆ ਜਾਂਦਾ ਹੈ।
ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਇਤਿਹਾਸਕਾਰਾਂ ਤੇ ਸਿੱਖਿਆ ਮਾਹਿਰਾਂ ਦੀ ਕਮੇਟੀ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਸਕੂਲ ਬੋਰਡ ਵੱਲੋਂ ਬਣਾਏ ਪਾਠਕ੍ਰਮ ਨੂੰ ਮੁੱਢੋਂ ਰੱਦ ਕਰਦਿਆਂ ਸ਼ਿਫਾਰਸ਼ ਕੀਤੀ ਸੀ ਕਿ ਨਵੀਂ ਕਿਤਾਬ ਪ੍ਰਵਾਨਿਤ ਇਤਿਹਾਸਕ ਸਰੋਤਾਂ ਅਨੁਸਾਰ ਲਿਖਵਾਈ ਜਾਵੇ ਤੇ ਚਾਲੂ ਵਿਦਿਅਕ ਸਾਲ 2018-19 ਲਈ ਪੁਰਾਣਾ ਸਿਲੇਬਸ ਤੇ ਪੁਰਾਣੀ ਕਿਤਾਬ ਹੀ ਜਾਰੀ ਰੱਖੀ ਜਾਵੇ, ਜਿਸ ‘ਤੇ ਹੁਣ ਮੁੱਖ ਮੰਤਰੀ ਨੇ ਵੀ ਕਮੇਟੀ ਦੇ ਪਹਿਲੇ ਫ਼ੈਸਲੇ ਨੂੰ ਮਾਨਤਾ ਦਿੰਦਿਆਂ ਫਿਲਹਾਲ ਪੁਰਾਣੀ ਕਿਤਾਬ ਪੜ੍ਹਾਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਬਾਰ੍ਹਵੀਂ ਦੀ ਇਤਿਹਾਸ ਦੀ ਕਿਤਾਬ ਦੇ ਚੈਪਟਰਾਂ ਦੀ ਸੁਧਾਈ ਕੀਤੀ ਹੈ, ਜੋ ਵੱਖ ਵੱਖ ਸਮੇਂ ਦੇ ਇਤਿਹਾਸਕਾਰਾਂ ਵੱਲੋਂ ਲਿਖੇ ਗ੍ਰੰਥਾਂ ‘ਤੇ ਆਧਾਰਿਤ ਹੈ। ਕੁਝ ਰਾਜਸੀ ਲੋਕ ਸਿਰਫ਼ ਗ਼ਲਤੀ ਲੱਭਣ ਦੀ ਮਨਸ਼ਾ ਨਾਲ ਹੀ ਕਿਤਾਬ ਵਿਚ ਦਰਜ ਕੁਝ ਕੁ ਤੱਥਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਬੰਧੀ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਤੀਜੇ ਅਧਿਆਏ ਵਿਚ ਇਕ ਪੂਰਾ ਹਿੱਸਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਿਰਲੇਖ ਹੇਠ ਹੈ। ਗੁਰਮਤਿ ਸਾਹਿਤ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਵਿਚੋਂ ਕਵੀ ਸੈਨਾਪਤੀ ਨੇ ਆਪਣੀ ਕਿਤਾਬ ਸ੍ਰੀ ਗੁਰ ਸੋਭਾ ਵਿੱਚ ਕਿਧਰੇ ਵੀ ਸ਼ਹੀਦ ਸ਼ਬਦ ਨਹੀਂ ਵਰਤੇ। ਉਨ੍ਹਾਂ ਕਿਹਾ ਕਿ ਸ਼ਹੀਦ ਫਾਰਸੀ ਦਾ ਲਫ਼ਜ਼ ਹੈ ਤੇ ਸਿੱਖ ਇਤਿਹਾਸ ਵਿੱਚ ਗੁਰੂਆਂ ਲਈ ਜੋਤੀ-ਜੋਤਿ ਸਮਾਉਣਾ ਸ਼ਬਦ ਪ੍ਰਚੱਲਿਤ ਰਿਹਾ ਹੈ। ਉਨ੍ਹਾਂ ਭਾਈ ਗੁਰਦਾਸ ਦੀ ਵਾਰ ਵਿਚੋਂ ਹਵਾਲਾ ਦੇ ਕੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਜੋਤੀ-ਜੋਤਿ ਸਮਾਉਣ ਵਾਲੇ ਸ਼ਬਦ ‘ਤੇ ਇਤਰਾਜ਼ ਹੈ ਤਾਂ ਇਹ ਇਤਰਾਜ਼ ਭਾਈ ਗੁਰਦਾਸ ‘ਤੇ ਕਰ ਰਹੇ ਹਨ।
ਸ਼੍ਰੋਮਣੀ ਕਮੇਟੀ ਨੇ ਇਹ ਇਤਰਾਜ਼ ਉਠਾਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚੋਂ ਪੰਜ ਪਿਆਰਿਆਂ ਦੇ ਹੁਕਮ ਅਨੁਸਾਰ ਤਾੜੀ ਮਾਰ ਕੇ ਘੋੜੇ ‘ਤੇ ਸਵਾਰ ਹੋ ਕੇ ਨਹੀਂ, ਸਗੋਂ ਬਿਨਾਂ ਕਿਸੇ ਨੂੰ ਦੱਸੇ, ਬਿਨਾਂ ਕਿਸੇ ਦੇਖੇ ਹੀ ਉੱਥੋਂ ਨਿਕਲ ਗਏ ਸਨ, ਦਾ ਕ੍ਰਿਪਾਲ ਸਿੰਘ ਨੇ ਜੁਆਬ ਦਿੰਦਿਆਂ ਕਿਹਾ ਕਿ  ਚਮਕੌਰ ਸਾਹਿਬ ਦੀ ਜੰਗ ਬਾਰੇ ਸੈਨਾਪਤ ਦੀ ਸ੍ਰੀ ਗੁਰ ਸੋਭਾ ਉੱਤੇ ਆਧਾਰਿਤ ਹੈ। ਉਹ ਗੁਰੂ ਸਾਹਿਬ ਦੇ ਸਮਕਾਲੀ ਸਨ ਤੇ ਦਸਵੇਂ ਗੁਰੂ ਦੇ ਦਰਬਾਰ ਵਿੱਚ 52 ਕਵੀਆਂ ਵਿੱਚੋਂ ਇੱਕ ਸਨ।
ਸ਼੍ਰੋਮਣੀ ਕਮੇਟੀ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੇ ਇਤਿਹਾਸ ਬਾਰੇ ਇਤਰਾਜ਼ ਉਠਾਇਆ ਸੀ ਕਿ ਗੁਰੂ ਸਾਹਿਬ ਗੁੱਸੇ ਵਿੱਚ ਆ ਕੇ ਲੁੱਟਾਂ ਮਾਰਾਂ ਕਰਦੇ ਸਨ। ਮਿਸਾਲ ਵਜੋਂ, ”ਉਨ੍ਹਾਂ ਨੇ ਪਿੰਡ ਅਲਸਨ ਦੀ ਲੁੱਟ ਕੀਤੀ।”
ਪ੍ਰੋ. ਕਿਰਪਾਲ ਸਿੰਘ ਨੇ ਇਸ ਦਾ ਜਵਾਬ ਦਿੱਤਾ ਕਿ ਪਿੰਡ ਅਲਸਨ ਵਿੱਚ ਰਾਜਾ ਭੀਮ ਚੰਦ ਦੇ ਖੇਤਰ ਵਿੱਚ ਹਮਲਾ ਉਨ੍ਹਾਂ ਦਿਨਾਂ ਵਿੱਚ ਜੰਗ ਦਾ ਹਿੱਸਾ ਸੀ। ਇਸ ਨੂੰ ਹਟਾ ਦਿੱਤਾ ਗਿਆ।
ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਸੀ ਕਿ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਨ੍ਹਾਂ ਦੇ ਜੀਵਨ ਕਾਲ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰ ਲਈ ਗਈ ਸੀ, ਨਾ ਕਿ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਵਿਖੇ ਦਸ਼ਮੇਸ਼ ਪਿਤਾ ਵੱਲੋਂ ਕਰਵਾਈ ਸੰਪੂਰਨਤਾ ਦੌਰਾਨ ਸ਼ਾਮਿਲ ਕੀਤੀ ਗਈ ਸੀ। ਸਿੱਖ ਸਕਾਲਰ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਹਰਭਜਨ ਸਿੰਘ ਨੇ ਸਪਸ਼ਟ ਕਿਹਾ ਹੈ ਕਿ ਗੁਰੂ ਦੀ ਬਾਣੀ ਆਨੰਦਪੁਰ ਸਾਹਿਬ ਵਿੱਚ ਸ਼ਾਮਿਲ ਕੀਤੀ ਗਈ ਹੈ।
ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਕਿਹਾ ਕਿ ਕੁਝ ਕੁ ਸ਼ਬਦਾਂ ਦੀਆਂ ਤਕਨੀਕੀ ਗ਼ਲਤੀਆਂ ਰਹਿ ਗਈਆਂ ਹਨ ਤੇ ਕੁਝ ਗ਼ਲਤੀਆਂ ਅੰਗਰੇਜ਼ੀ ਦੇ ਖਰੜੇ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਵੇਲੇ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਲੋਚਕ ਤੇ ਸਿਆਸਤਦਾਨ ਕਿਤਾਬ ਦੀ ਪੜਚੋਲ ਨਹੀਂ, ਬਲਕਿ ਗਿਣੇ-ਮਿੱਥੇ ਢੰਗ ਨਾਲ ਨਿੰਦਣ ਦਾ ਕੰਮ ਕਰ ਰਹੇ ਹਨ। ਡਾ. ਜੇ ਐੱਸ ਗਰੇਵਾਲ ਨੇ ਦੱਸਿਆ ਕਿ ਨਵਾਂ ਪਾਠਕ੍ਰਮ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਸਮੇਤ ਸਮੁੱਚੀ ਕਮੇਟੀ ਦੀ ਸਰਬਸੰਮਤੀ ਨਾਲ ਤਿਆਰ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿੰਨਾ ਸਿੱਖ ਇਤਿਹਾਸ ਇਸ ਵਾਰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਪਹਿਲਾਂ ਕਦੇ ਵੀ ਨਹੀਂ ਸੀ। ਡਾ. ਇੰਦੂ ਬੰਗਾ ਨੇ ਕਿਹਾ ਕਿ ਅਜੇ ਕਿਤਾਬ ਤਿਆਰ ਹੋ ਰਹੀ ਹੈ ਤੇ ਇਹ ਕੰਮ ਮੁਕੰਮਲ ਹੋਣ ਤੱਕ ਸਾਰੀਆਂ ਛੋਟੀਆਂ-ਛੋਟੀਆਂ ਤਰੁਟੀਆਂ ਦੂਰ ਕਰ ਦਿੱਤੀਆਂ ਜਾਣਗੀਆਂ।

ਅਕਾਲੀ ਦਲ ਵਲੋਂ ਰੋਸ ਧਰਨਾ
ਬੀਤੇ ਦਿਨੀਂ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਵਲੋਂ ਮਿਲ ਕੇ ਦੋ ਦਿਨਾਂ ਤੋਂ ਇੱਥੇ ਵਿਰਾਸਤੀ ਮਾਰਗ ਨੇੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੀਆਂ ਪੁਸਤਕਾਂ ਵਿਚ ਸਿੱਖ ਇਤਿਹਾਸ ਨਾਲ ਛੇੜ-ਛਾੜ ਕਰਨ ਵਿਰੁੱਧ ਦਿੱਤਾ ਗਿਆ ਤੇ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਾਮਲੇ ਨੂੰ ਲੈ ਕੇ ਸਮੂਹ ਸਿੱਖ ਜਥੇਬੰਦੀਆਂ ਦੀ ਇਕੱਤਰਤਾ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਬੁਲਾਉਣ ਦਾ ਐਲਾਨ ਕੀਤਾ।

ਇਤਿਹਾਸ ਦੀਆਂ ਕਿਤਾਬਾਂ ਬਾਰੇ ਅਕਾਲੀਆਂ ਦਾ ਭੰਡੀ ਪ੍ਰਚਾਰ ਬੇਲੋੜਾ – ਕੈਪਟਨ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲੀ ਇਤਿਹਾਸ ਦੀਆਂ ਕਿਤਾਬਾਂ ਦੇ ਮੁੱਦੇ ‘ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀਆਂ ਵੱਲੋਂ ਕਾਨੂੰਨ ਵਿਵਸਥਾ ਦੀ ਬੇਲੋੜੀ ਸਮੱਸਿਆ ਪੈਦਾ ਕਰਨ ਲਈ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਮਾਹਰ ਗਰੁੱਪ ਦੁਆਰਾ ਇਨ੍ਹਾਂ ਕਿਤਾਬਾਂ ਦੇ ਜ਼ਾਇਜੇ ਦਾ ਕਾਰਜ ਮੁਕੰਮਲ ਕਰ ਲਏ ਜਾਣ ਤੱਕ ਕੋਰਸ ਵਿੱਚ ਨਵੀਂਆਂ ਕਿਤਾਬਾਂ ਨਾ ਲਾਏ ਜਾਣ ਦੀ ਗੱਲ ਨੂੰ ਸਪੱਸ਼ਟ ਕਰ ਦੇਣ ਦੇ ਬਾਵਜੂਦ ਅਕਾਲੀਆਂ ਵੱਲੋਂ ਬਦਅਮਨੀ ਪੈਦਾ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਦੀ ਇਹ ਕ੍ਰੋਧ ਭਰੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਨੂੰ ਦਰਪੇਸ਼ ਗੰਭੀਰ ਸੰਕਟ ਤੋਂ ਧਿਆਨ ਨੂੰ ਲਾਂਭੇ ਖਿੱਚਣ ਦੀ ਕੋਸ਼ਿਸ਼ ਹੈ। ਅਕਾਲੀ ਦਲ ਲੋਕ ਸਭਾ ਚੋਣਾਂ ਤੋਂ ਕੇਵਲ ਕੁਝ ਮਹੀਨੇ ਪਹਿਲਾਂ ਗੰਭੀਰ ਅੰਦਰੂਨੀ ਬਗਾਵਤ ਦਾ ਸਾਹਮਣਾ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੂੰ 11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਮੌਜੂਦਾ ਕਿਤਾਬਾਂ ਓਨਾ ਚਿਰ ਜਾਰੀ ਰੱਖਣ ਲਈ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਚਿਰ ਮਾਹਰ ਗਰੁੱਪ ਵੱਲੋਂ ਕਿਤਾਬਾਂ ਦੇ ਜ਼ਾਇਜੇ ਸਬੰਧੀ ਲੰਬਿਤ ਪਏ ਕੰਮ ਨੂੰ ਮੁਕੰਮਲ ਨਹੀ ਕਰ ਲਿਆ ਜਾਂਦਾ। ਇਸ ਗਰੁੱਪ ਨੇ ਪਹਿਲਾਂ ਹੀ 11 ਮੀਟਿੰਗਾਂ ਕਰ ਲਈਆਂ ਹਨ ਅਤੇ ਇਸ ਵੱਲੋਂ ਤੱਥਾਂ ਅਤੇ ਧਾਰਮਕ ਵਿਵਰਨ ਬਾਰੇ ਘੋਖ ਕੀਤੀ ਜਾ ਰਹੀ ਹੈ। ਇਸ ਮਾਹਰ ਗਰੁੱਪ ਵਿੱਚ ਉੱਘੇ ਇਤਿਹਾਸਕਾਰ ਹਨ। 11ਵੀਂ ਅਤੇ 12ਵੀਂ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਕਥਿਤ ਗਲਤੀਆਂ ਅਤੇ ਉਕਾਈਆਂ ਦੇ ਸੰਬੰਧ ਵਿੱਚ ਕੁਝ ਲੋਕਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਦੇ ਕਾਰਨ ਸੂਬਾ ਸਰਕਾਰ ਨੇ 11 ਮਈ, 2018 ਨੂੰ ਇਸ ਗਰੁੱਪ ਦਾ ਗਠਨ ਕੀਤਾ ਸੀ। ਇਹ ਗਰੁੱਪ ਪ੍ਰੋ. ਕ੍ਰਿਪਾਲ ਸਿੰਘ ਦੀ ਅਗਵਾਈ ਵਿੱਚ ਬਣਾਇਆ ਗਿਆ ਸੀ। ਡਾ. ਜੇ ਐੱਸ ਗਰੇਵਾਲ, ਡਾ. ਇੰਦੂ ਬੰਗਾ ਅਤੇ ਡਾ. ਪ੍ਰਿਥੀਪਾਲ ਸਿੰਘ ਕਪੂਰ, ਡਾ. ਬਲਵੰਤ ਸਿੰਘ ਢਿੱਲੋਂ ਅਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਇਸ ਦੇ ਮੈਂਬਰ ਹਨ। ਪਿਛਲੇ ਦੋਵੇਂ ਮੈਂਬਰ ਐੱਸ ਜੀ ਪੀ ਸੀ ਦੀ ਨੁਮਾਇੰਦਗੀ ਕਰਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਇਹ ਵੀ ਯਾਦ ਕਰਵਾਇਆ ਕਿ ਉਨ੍ਹਾ ਪਹਿਲਾਂ ਹੀ ਮਾਹਰ ਗਰੁੱਪ ਦੇ ਵਿਆਪਕ ਜਾਇਜ਼ੇ ਨੂੰ ਯਕੀਨੀ ਬਣਾਉਣ ਵਾਸਤੇ ਸਿੱਖਿਆ ਮੰਤਰੀ ਨੂੰ ਆਖਿਆ ਹੈ। ਉਨ੍ਹਾ ਸਾਰੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਵਿਚਾਰਨ ਲਈ ਵੀ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਅਕਾਲੀ ਦਲ ਦੇ ਭੰਡੀ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ 2017-18 ਦੇ ਅਕਾਦਮਿਕ ਵਰ੍ਹੇ ਵਾਲੀਆਂ ਇਤਿਹਾਸ ਦੀਆਂ ਨਿਰਧਾਰਤ ਕਿਤਾਬਾਂ ‘ਤੇ ਧਿਆਨ ਕੇਂਦਰਤ ਕਰਨ ਲਈ ਕਿਹਾ ਹੈ।

ਸੁਖਬੀਰ ਅਤੇ ਲੌਂਗੋਵਾਲ ਸਮਕਾਲੀ ਇਤਿਹਾਸ ਤੋਂ ਅਣਜਾਣ – ਬਾਜਵਾ : ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਪੱਸ਼ਟ ਕੀਤਾ ਕਿ ਉਹ ਇਤਿਹਾਸ ਨੂੰ ਕਿਸੇ ਵੀ ਪੱਧਰ ਅਤੇ ਕਿਸੇ ਵੱਲੋਂ ਵੀ ਤਰੋੜ-ਮਰੋੜ ਕੇ ਪੇਸ਼ ਕਰਨ ਦੇ ਖ਼ਿਲਾਫ਼ ਹਨ ਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਮੰਗ ਕੀਤੀ ਹੈ ਕਿ ਉਹ ਖੁਦ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਗਈਆਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਵਿਚ ਤੱਥਾਂ ਨੂੰ ਤੋੜਨ-ਮਰੋੜਨ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਿੰਦੀ ਵਿਚ ਪ੍ਰਕਾਸ਼ਤ ਕੀਤੀ ਸਿੱਖ ਇਤਿਹਾਸ ਦੀ ਪੁਸਤਕ, ਜੋ ਸਾਲ 2007 ਵਿਚ ਪ੍ਰਦਰਸ਼ਨਾਂ ਤੋਂ ਬਾਅਦ ਵਾਪਸ ਲਈ ਗਈ ਸੀ, ਦੇ ਸਬੰਧ ਵਿਚ ਪ੍ਰਕਾਸ਼ਕਾਂ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ? ਉਨ੍ਹਾਂ ਕਿਹਾ ਕਿ ਸਤੰਬਰ 2007 ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਇਹ ਮਾਮਲਾ ਸਾਹਮਣੇ ਆਇਆ ਸੀ, ਜਿਸ ਖ਼ਿਲਾਫ਼ ਮੁਜ਼ਾਹਰੇ ਹੋਏ ਸਨ। ਉਸ ਸਮੇਂ ਅਖਬਾਰਾਂ ਦੀਆਂ ਰਿਪੋਰਟਾਂ ਅੁਨਸਾਰ ਸਿੱਖ ਗੁਰੂਆਂ ਬਾਰੇ ਅਪਸ਼ਬਦ ਲਿਖੇ ਗਏ ਸਨ।

ਸਿੱਖ ਆਪਣਾ ਇਤਿਹਾਸ ਸਾਂਭਣ ਤੋਂ ਰਹੇ ਅਸਮਰੱਥ : ਇਸਾਈ ਧਰਮ ਦੇ ਧਾਰਮਿਕ ਇਤਿਹਾਸ ‘ਤੇ ਝਾਤ ਮਾਰੀਏ, ਤਾਂ ਇਨ੍ਹਾਂ ਸਾਰਿਆਂ ਵਿੱਚ ਵਿਸ਼ੇਸ਼ਤਾ ਨਜ਼ਰ ਆਉਂਦੀ ਹੈ ਕਿ ਸਾਰੇ ਧਰਮ ਰਾਜਿਆਂ ਦੀ ਛੱਤਰ ਛਾਇਆ ਹੇਠ ਕਈ ਪੁਸ਼ਤਾਂ ਤੱਕ ਦੇਖ-ਰੇਖ ਵਿੱਚ ਵਧੇ ਫੁਲੇ। ਇਸ ਦੇ ਉਲਟ ਸਿੱਖ ਪੰਥ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਦੀ ਸਿਰਜਣਾ ਤੇ ਉਸ ਤੋਂ ਬਾਅਦ ਅਰਥਾਤ 1699 ਤੋਂ 1801 ਤੱਕ ਲਗਾਤਾਰ ਸੰਘਰਸ਼ਸ਼ੀਲ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਦੌਰਾਨ ਸਾਹਿਤ ਰਚਨਾ ਨੂੰ ਬਲ ਦੇਣ ਲਈ 52 ਕਵੀ ਬਣਾ ਕੇ ਸਿੱਖ ਸਾਹਿਤ ਸਭਾਵਾਂ ਦਾ ਅਗਾਜ਼ ਕੀਤਾ ਸੀ। ਪਰ ਸੰਘਰਸ਼ਸ਼ੀਲ ਦੌਰ ਹੋਣ ਕਾਰਨ ਇਹ ਰੀਤ ਚਾਲੂ ਨਹੀਂ ਰਹਿ ਸਕੀ। ਜਿਸ ਕਾਰਨ ਸਿੱਖ ਸਰੋਕਾਰਾਂ ਵਾਲੇ ਸਾਹਿਤ ਦੀ ਰਚਨਾ ਬਹੁਤ ਘੱਟ ਹੋ ਸਕੀ। 1801 ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਸਥਾਪਨਾ ਪਹਿਲਾ ਪੜਾਅ ਸੀ, ਜਿਸ ਵਿੱਚ ਸਿੱਖਾਂ ਨੂੰ ਆਪਣਾ ਇਤਿਹਾਸ, ਆਪਣਾ ਸਾਹਿਤ ਸੰਭਾਲਣ ਦਾ ਮੌਕਾ ਮਿਲਿਆ। ਪਰ ਇਸ ਦੌਰਾਨ ਡੇਰਾਵਾਦੀ ਸਾਧਾਂ ਸੰਤਾਂ ਤੇ ਵਿਦਵਾਨਾਂ ਤੇ ਬਾਹਮਣਵਾਦੀ ਪ੍ਰਭਾਵ ਹੋਣ ਕਾਰਣ ਸ਼ੁੱਧ ਇਤਿਹਾਸ ਨਹੀਂ ਲਿਖ ਸਕੇ। ਇਹੀ ਕਾਰਨ ਹੈ ਕਿ ਸਾਡੇ ਇਤਿਹਾਸ ਵਿਚ ਰਲਾ ਪਾਏ ਗਏ ਹਨ। ਇਹ ਸ਼ੁੱਧ ਸਿੱਖ ਇਤਿਹਾਸ ਨਹੀਂ ਹੈ। ਸਾਡਾ ਇਤਿਹਾਸ ਜੋ ਯੂਨੀਵਰਸਿਟੀਆਂ ਵਿਚ ਲਿਖਿਆ ਜਾ ਰਿਹਾ, ਉਹ ਸਰਕਾਰੀ ਐਨਕਾਂ ਰਾਹੀਂ ਪੁਣ-ਛਣਕੇ ਹੋਂਦ ਵਿਚ ਆਉਂਦਾ ਹੈ। ਨਾਗਪੁਰ ਵਿਚ ਆਰਐਸਐਸ ਵਾਲੇ ਸਾਡਾ ਇਤਿਹਾਸ ਬਦਲ ਰਹੇ ਹਨ। ਸਿੱਖ ਡੇਰੇਦਾਰ ਮਿੱਥਕ ਇਤਿਹਾਸ ਤੇ ਰਲਾਵਟ ਵਾਲੇ ਇਤਿਹਾਸ ਨੂੰ ਪੇਸ਼ ਕਰਕੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਸ਼ਿਰੋਮਣੀ ਕਮੇਟੀ ਤੇ ਬਾਦਲ ਦਲ ਇਤਿਹਾਸ ਦੀ ਖਰਾਬੀ ਉਤੇ ਸਿਆਸਤ ਕਰ ਰਹੇ ਹਨ। ਕਿਸੇ ਵੀ ਕੌਮ ਦਾ ਵਿਕਾਸ ਧਰਮ, ਸਾਹਿਤ, ਇਤਿਹਾਸ ਤੇ ਫਿਲਾਸਫੀ ਤੋਂ ਹੀ ਮਾਪਿਆ ਜਾ ਸਕਦਾ ਹੈ ਕਿ ਉਸ ਦਾ ਭਵਿੱਖ ਕਿੰਨਾ ਕੁ ਉਜਵਲ ਹੈ ਤੇ ਕੌਮ ਦੇ ਲੋਕ ਆਪਣੇ ਵਿਰਸੇ ਦੀ ਰਾਖੀ ਲਈ ਕਿੰਨੇ ਕੁ ਸੁਚੇਤ ਹਨ। ਜਦੋਂ ਕਿਸੇ ਵੀ ਕੌਮ ਨੂੰ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਹਨ ਜਾਂ ਬਰਬਾਦ ਕੀਤਾ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ ਉਸ ਦਾ ਇਤਿਹਾਸ ਤੇ ਸਾਹਿਤ ਨੂੰ ਬਦਲ ਕੇ ਸੱਭਿਆਚਾਰ ਪੱਖੋਂ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਤੁਸੀਂ ਸੱਭਿਅਤਾ ਪੱਖੋਂ ਹੀਣੇ ਹੋ ਤੇ ਇਤਿਹਾਸ ਵਿੱਚ ਹੁਣ ਤੱਕ ਘੀਸੀ ਕਰਦੇ ਰਹੇ ਹੋ। ਤੁਹਾਡਾ ਕੋਈ ਇਤਿਹਾਸ, ਸਾਹਿਤ ਨਹੀਂ ਹੈ। ਜੇ ਉਹ ਹੈ, ਹੈਅ ਤਾਂ ਉਹ ਘਟੀਆ ਪੱਧਰ ਦਾ ਹੈ। ਇਸੇ ਨੂੰ ਆਧਾਰ ਬਣਾ ਕੇ ਜੇਤੂ ਤੇ ਫਾਸ਼ੀਵਾਦੀ ਕੌਮਾਂ ਦੂਸਰੀਆਂ ਕੌਮਾਂ ਉੱਪਰ ਆਪਣਾ ਸੱਭਿਆਚਾਰ, ਸਾਹਿਤ ਤੇ ਇਤਿਹਾਸ ਲੱਦਦੀਆਂ ਹਨ। ਜੋ ਹਾਰੀਆਂ ਤੇ ਗੁਲਾਮ ਕੌਮਾਂ ਦਾ ਵਿਰਸਾ ਨਹੀਂ ਹੁੰਦਾ, ਉਹ ਵੀ ਉਨ੍ਹਾਂ ਦੇ ਖਾਤੇ ਵਿੱਚ ਪਾ ਦਿੱਤਾ ਜਾਂਦਾ ਹੈ। ਸਿੱਖ ਕੌਮ ਨਾਲ ਅੱਜ ਇਹੀ ਵਾਪਰ ਰਿਹਾ ਹੈ।

ਪ੍ਰਵਾਸੀ ਖਾਲਸਾ ਜੀ ‘ਤੇ ਵੱਡੀ ਜ਼ਿੰਮੇਵਾਰੀ : ਇਸ ਦਾ ਇਕੋ ਇਕ ਹੱਲ ਪ੍ਰਵਾਸੀ ਖਾਲਸਾ ਜੀ ਤੇ ਵਿਦੇਸ਼ਾਂ ਦੇ ਗੁਰੂ ਘਰਾਂ ਨੂੰ ਆਪਣਾ ਇਤਿਹਾਸ ਸਾਂਭਣਾ ਤੇ ਲਿਖਵਾਉਣਾ ਚਾਹੀਦਾ ਹੈ। ਇਸ ਬਾਰੇ ਇਤਿਹਾਸਕ ਕੇਂਦਰ ਤੇ ਵਾਰ ਰੂਮ ਅਕਾਦਮਿਕ ਤੇ ਨੈਟਵਰਕ ਸੈਂਟਰ ਸਥਾਪਤ ਕਰਨਾ ਚਾਹੀਦਾ। ਜੇ ਅਸੀਂ ਅਜਿਹਾ ਨਾ ਕੀਤਾ ਤਾਂ ਅਸੀਂ ਆਪਣਾ ਵਿਰਸਾ ਤੇ ਵਿਲਖਣ ਹੋਂਦ ਗੁਆ ਬੈਠਾਂਗੇ। ਇਹ ਯਾਦ ਰਖੋ ਆਪਣੇ ਇਤਿਹਾਸ ਸਾਂਭਣ ਦਾ ਉਪਰਾਲਾ ਨਹੀਂ ਕਰੋਗੇ ਤਾਂ ਇਹ ਬਦਲਿਆ ਜਾਵੇਗਾ। ਬਦਲਿਆ ਜਾ ਰਿਹਾ ਹੈ। ਇਹ ਆਪਣੇ ਆਪ ਵਿਚ ਸਾਡੀ ਨਸਲਕੁਸ਼ੀ ਹੈ।