ਕਾਂਗਰਸੀਆਂ ਵੱਲੋਂ ਗੋਲੀਆਂ ਚਲਾ ਕੇ ਸਾਬਕਾ ਅਕਾਲੀ ਸਰਪੰਚ ਦੇ ਪੁੱਤ ਦਾ ਕਤਲ, ਪਿਓ ਜ਼ਖ਼ਮੀ

ਕਾਂਗਰਸੀਆਂ ਵੱਲੋਂ ਗੋਲੀਆਂ ਚਲਾ ਕੇ ਸਾਬਕਾ ਅਕਾਲੀ ਸਰਪੰਚ ਦੇ ਪੁੱਤ ਦਾ ਕਤਲ, ਪਿਓ ਜ਼ਖ਼ਮੀ

ਕੈਪਸ਼ਨ-ਅਕਾਲੀ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ ਹੇਠ ਦਲਿਤ ਸਰਪੰਚ ਦੇ ਪੁੱਤ ਦੇ ਕਤਲ ਲਈ ਕਸੂਰਵਾਰਾਂ ਨੂੰ ਫੜਨ ਲਈ ਝੁਨੀਰ ਵਿਖੇ ਧਰਨਾ ਦਿੰਦੇ ਹੋਏ ਲੋਕ।
ਮਾਨਸਾ/ਨਿਊਜ਼ ਬਿਊਰੋ :
ਪਿੰਡ ਚਹਿਲਾਂਵਾਲੀ ਖਿਆਲੀ ਵਿੱਚ ਕਾਂਗਰਸੀਆਂ ਨੇ ਗੋਲੀਆਂ ਮਾਰ ਕੇ ਸਾਬਕਾ ਅਕਾਲੀ ਸਰਪੰਚ ਦੇ ਪੁੱਤ ਦਾ ਕਤਲ ਕਰ ਦਿੱਤਾ, ਜਦੋਂਕਿ ਸਾਬਕਾ ਸਰਪੰਚ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਤੇ ਮਗਰੋਂ ਫ਼ਰੀਦਕੋਟ ਰੈਫਰ ਕਰ ਦਿੱਤਾ। ਇਸ ਮਾਮਲੇ ਵਿੱਚ ਕਾਰਵਾਈ ਨਾ ਕਰਨ ‘ਤੇ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਨੇ ਥਾਣਾ ਝੁਨੀਰ ਦੇ ਮੁਖੀ ਨੂੰ ਮੁਅੱਤਲ ਕਰਕੇ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ 18 ਕਾਂਗਰਸੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਕਤਲ ਮਗਰੋਂ ਪੀੜਤ ਪਰਿਵਾਰ ਨੇ ਅਕਾਲੀ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ ਹੇਠ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਕਾਂਗਰਸੀ ਆਗੂ ਬਿਕਰਮ ਸਿੰਘ ਮੋਫਰ ਨੂੰ ਨਾਮਜ਼ਦ ਕਰਾਉਣ ਲਈ ਧਰਨਾ ਵੀ ਲਾਇਆ। ਜਾਣਕਾਰੀ ਅਨੁਸਾਰ ਇਹ ਲੜਾਈ ਦਾਨੇਵਾਲਾ ਵਿੱਚ ਸੋਲਰ ਪਲਾਂਟ ਦੇ ਕਬਜ਼ੇ ਨੂੰ ਲੈ ਕੇ ਹੋਈ। ਇਸ ਪਲਾਂਟ ‘ਤੇ ਚਹਿਲਾਂਵਾਲੀ ਖਿਆਲੀ ਦੇ ਸਾਬਕਾ ਅਕਾਲੀ ਸਰਪੰਚ ਪ੍ਰੇਮ ਸਿੰਘ ਅਤੇ ਉਸ ਦੇ ਪੁੱਤ ਵੱਲੋਂ ਸਲਾਈਡਾਂ ਦੀ ਸਫ਼ਾਈ ਦਾ ਠੇਕਾ ਲਿਆ ਹੋਇਆ ਸੀ ਪਰ ਹੁਣ ਇਹ ਠੇਕਾ ਕਾਂਗਰਸੀ ਲੈਣਾ ਚਾਹੁੰਦੇ ਸਨ। ਇਸ ਮਾਮਲੇ ‘ਤੇ ਦੋਹਾਂ ਧਿਰਾਂ ਵਿੱਚ ਲੜਾਈ ਹੋ ਗਈ। ਸਾਬਕਾ ਸਰਪੰਚ ਪ੍ਰੇਮ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਪ੍ਰੇਮ ਸਿੰਘ ਤੇ ਉਸ ਦਾ ਛੋਟਾ ਪੁੱਤ ਸੁਖਵਿੰਦਰ ਸਿੰਘ (21) ਪਿੰਡ ਦੇ ਪਲਾਂਟ ਵਿੱਚ ਕੰਮ ਕਰਨ ਲਈ ਗਏ ਤਾਂ ਉਥੇ ਕੁੱਝ ਵਿਅਕਤੀ ਗੱਡੀਆਂ ‘ਤੇ ਹਥਿਆਰ ਨਾਲ ਲੁਕੇ ਹੋਏ ਸਨ। ਉਨ੍ਹਾਂ ਨੇ ਪਿਓ-ਪੁੱਤ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂਕਿ ਪ੍ਰੇਮ ਸਿੰਘ ਜ਼ਖ਼ਮੀ ਹੋ ਗਿਆ। ਮਾਨਸਾ ਦੇ ਐਸਐਸਪੀ ਪਰਮਬੀਰ ਸਿੰਘ ਪਰਮਾਰ ਨੇ ਦੱਸਿਆ ਕਿ ਪ੍ਰੇਮ ਸਿੰਘ ਦੇ ਬਿਆਨਾਂ ‘ਤੇ ਸੇਵਕ ਸਿੰਘ ਬਰਨ, ਜੱਗਾ ਸਿੰਘ ਸਾਹਨੇਵਾਲੀ, ਯੂਥ ਕਾਂਗਰਸ ਬਲਾਕ ਝੁਨੀਰ ਦੇ ਪ੍ਰਧਾਨ ਜੱਗਾ ਸਿੰਘ ਬੁਰਜ, ਬਿੰਦਰ ਸਿੰਘ ਕੋਰਵਾਲਾ, ਸਤਨਾਮ ਸਿੰਘ ਲਖਮੀਰਵਾਲਾ, ਅਮਨ ਸੰਧੂ ਸਰਦੂਲਗੜ੍ਹ, ਦੀਪ ਸੰਧੂ ਸਰਦੂਲਗੜ੍ਹ, ਅਮਨ ਵਰਮਾ ਸਰਦੂਲਗੜ੍ਹ, ਸਰਬਜੀਤ ਸਿੰਘ ਖਿਆਲੀ ਚਹਿਲਾਂਵਾਲੀ, ਬਲਾਕ ਪ੍ਰਧਾਨ ਕਾਂਗਰਸ ਬਲਵੰਤ ਸਿੰਘ ਕੋਰਵਾਲਾ, ਗੁਰਪਾਲ ਸਿੰਘ ਝੰਡੂਕੇ, ਅਮਨ ਸਿੰਘ ਸਰਦੂਲਗੜ੍ਹ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਗੁਰਪਾਲ ਸਿੰਘ ਝੰਡੂਕੇ ਅਤੇ ਸਤਨਾਮ ਸਿੰਘ ਲਖਮੀਰਵਾਲਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦੋਂਕਿ ਦੋ ਜ਼ਖ਼ਮੀ ਕਾਂਗਰਸੀ ਨੌਜਵਾਨਾਂ ਉਪਰ ਪੁਲੀਸ ਨੇ ਸਰਦੂਲਗੜ੍ਹ ਦੇ ਹਸਪਤਾਲ ਵਿੱਚ ਪਹਿਰਾ ਲਾ ਦਿੱਤਾ ਹੈ। ਸ੍ਰੀ ਪਰਮਾਰ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਗੌਰ ਨਾ ਕਰਨ ਦੇ ਮਾਮਲੇ ਵਿੱਚ ਥਾਣਾ ਝੁਨੀਰ ਦੇ ਮੁਖੀ ਚੰਨਣ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਕੇ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱੱਤੀ ਗਈ ਹੈ।
ਉਧਰ, ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਵਿਜੈ ਸਾਂਪਲਾ ਵੱਲੋਂ ਪੀੜਤ ਪਰਿਵਾਰ ਨਾਲ ਫੋਨ ‘ਤੇ ਗੱਲਬਾਤ ਕਰਨ ਤੋਂ ਬਾਅਦ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਤੀਸ਼ ਗੋਇਲ ਨੇ ਸਾਰੇ ਮੁਲਜ਼ਮਾਂ ਦੀ ਛੇਤੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਇਸ ਮੌਕੇ ਅਕਾਲੀ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ ਵਿੱਚ ਪੀੜਤ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ  ਝੁਨੀਰ ਦੇ ਬੱਸ ਅੱਡਾ ਲਾਗੇ ਧਰਨਾ ਲਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਨਾਲ ਸਬੰਧਤ ਵੱਡੇ ਕਾਂਗਰਸੀ ਨੇਤਾਵਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਦਿਲਰਾਜ ਸਿੰਘ ਭੂੰਦੜ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸੁਖਦੇਵ ਸਿੰਘ ਚੈਨੇਵਾਲਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਫਰ ਦਾ ਨਾਮ ਕੇਸ ਵਿੱਚ ਸ਼ਾਮਲ ਕੀਤੇ ਜਾਣ ਤੱਕ ਧਰਨਾ ਜਾਰੀ ਰਹੇਗਾ।
ਮੋਫਰ ਨੇ ਕਿਹਾ-ਮੇਰਾ ਕਤਲ ਨਾਲ ਕੋਈ ਸਬੰਧ ਨਹੀਂ:
ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਦੱਸਿਆ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਆਸੀ ਬਦਲਾਖੋਰੀ ਤਹਿਤ ਉਨ੍ਹਾਂ ‘ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ।