ਹਿੰਸਾ ਕਾਰਨ ਅਨੰਤਨਾਗ ਜ਼ਿਮਨੀ ਚੋਣ ਮੁਲਤਵੀ

ਹਿੰਸਾ ਕਾਰਨ ਅਨੰਤਨਾਗ ਜ਼ਿਮਨੀ ਚੋਣ ਮੁਲਤਵੀ
ਕੈਪਸ਼ਨ-ਅਨੰਤਨਾਗ ਤੋਂ ਜ਼ਿਮਨੀ ਚੋਣਾਂ ਲਈ ਪੀਡੀਪੀ ਦਾ ਉਮੀਦਵਾਰ ਤਸੱਦੁਕ ਮੁਫ਼ਤੀ ਸ੍ਰੀਨਗਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਹੋਇਆ।

ਨਵੀਂ ਦਿੱਲੀ/ਸ੍ਰੀਨਗਰ/ਬਿਊਰੋ ਨਿਊਜ਼ :
ਕਸ਼ਮੀਰ ਵਾਦੀ ਵਿੱਚ ਹਿੰਸਾ ਦਾ ਦੌਰ ਜਾਰੀ ਰਹਿਣ ਕਾਰਨ ਚੋਣ ਕਮਿਸ਼ਨ ਨੇ ਅਨੰਤਨਾਗ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਮੁਲਤਵੀ ਕਰ ਦਿੱਤੀ। ਇਹ ਚੋਣ 12 ਅਪ੍ਰੈਲ ਨੂੰ ਹੋਣੀ ਸੀ, ਜੋ ਹੁਣ 25 ਮਈ ਨੂੰ ਕਰਵਾਈ ਜਾਵੇਗੀ। ਇਸੇ ਤਰ੍ਹਾਂ ਸ੍ਰੀਨਗਰ ਹਲਕੇ ਦੀ ਬੀਤੇ ਦਿਨ ਹੋਈ ਜ਼ਿਮਨੀ ਚੋਣ ਵਿੱਚ ਵੀ ਭਾਰੀ ਹਿੰਸਾ ਤੇ ਘੱਟ ਪੋਲਿੰਗ ਕਾਰਨ ਕਮਿਸ਼ਨ ਵੱਲੋਂ ਪ੍ਰਭਾਵਿਤ ਪੋਲਿੰਗ ਸਟੇਸ਼ਨਾਂ ਵਿੱਚ ਮੁੜ ਪੋਲਿੰਗ ਕਰਾਉਣ ਲਈ ਵਿਚਾਰ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਅਜਿਹੇ ਦੋ ਸਰਕਾਰੀ ਸਕੂਲਾਂ ਨੂੰ ਅੱਗ ਲਾ ਦਿੱਤੀ, ਜਿਨ੍ਹਾਂ ਸਕੂਲਾਂ ਵਿੱਚ ਪੋਲਿੰਗ ਸਟੇਸ਼ਨ ਬਣਨੇ ਸਨ। ਹਿੰਸਾ ਦਾ ਦੌਰ ਜਾਰੀ ਰਹਿਣ ਕਾਰਨ ਇਸ ਹਲਕੇ ਤੋਂ ਪੀਡੀਪੀ ਦੇ ਉਮੀਦਵਾਰ ਤਸੱਦੁਕ ਮੁਫ਼ਤੀ ਨੇ ਚੋਣ ਕਮਿਸ਼ਨ ਨੂੰ ਇਹ ਜ਼ਿਮਨੀ ਚੋਣ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। ਮੁੱਖ ਮੰਤਰੀ ਦੇ ਗ੍ਰਹਿ ‘ਫੇਅਰਵਿਊ’ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਤਸੱਦੁਕ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਕਮਿਸ਼ਨ ਨੂੰ ਅਪੀਲ ਹੈ ਕਿ ਜਦੋਂ ਤੱਕ ਹਾਲਾਤ ਸੁਧਰ ਨਹੀਂ ਜਾਂਦੇ, ਉਦੋਂ ਤੱਕ ਚੋਣਾਂ ਮੁਲਤਵੀ ਕੀਤੀਆਂ ਜਾਣ। ਜਦੋਂ ਪੁੱਛਿਆ ਗਿਆ ਕਿ ਕੀ ਜੇ ਚੋਣ ਕਮਿਸ਼ਨ ਨੇ ਚੋਣ ਮੁਲਤਵੀ ਨਾ ਕੀਤੀ ਤਾਂ ਉਹ ਚੋਣ ਲੜਨ ਤੋਂ ਆਪਣਾ ਨਾਂ ਵਾਪਸ ਲੈਣਗੇ ਤਾਂ ਉਨ੍ਹਾਂ ਕਿਹਾ ਕਿ ”ਜੇ ਮੇਰੇ ਮੈਦਾਨ ਵਿੱਚੋਂ ਹਟਣ ਨਾਲ ਚੋਣਾਂ ਮੁਲਤਵੀ ਹੋਣ ਵਿੱਚ ਮਦਦ ਮਿਲੇਗੀ ਤਾਂ ਮੈਂ ਨਾਂ ਵਾਪਸ ਲੈ ਕੇ ਖ਼ੁਸ਼ ਹੋਵਾਂਗਾ।” ਸ੍ਰੀਨਗਰ ਸ਼ਹਿਰ, ਜਿੱਥੇ ਸੁਰੱਖਿਆ ਦਸਤਿਆਂ ਦੀ ਗੋਲੀਬਾਰੀ ਵਿੱਚ ਅੱਠ ਜਣੇ ਮਾਰੇ ਗਏ ਸਨ, ਵਿੱਚ ਸੁਰੱਖਿਆ ਲਈ ਹੋਰ ਜਵਾਨ ਤਾਇਨਾਤ ਕਰ ਦਿੱਤੇ ਗਏ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸ਼ੋਪੀਆਂ ਜ਼ਿਲ੍ਹੇ ਵਿੱਚ ਸ਼ਰਾਰਤੀ ਅਨਸਰਾਂ ਨੇ ਇਕ ਸਰਕਾਰੀ ਸਕੂਲ ਦੀ ਇਮਾਰਤ ਨੂੰ ਅੱਗ ਲਾ ਦਿੱਤੀ। ਇਕ ਹੋਰ ਘਟਨਾ ਵਿੱਚ ਸ਼ਰਾਰਤੀਆਂ ਨੇ ਪੁਲਵਾਮਾ ਜ਼ਿਲ੍ਹੇ ਦੇ ਅਰੀਹਲ ਇਲਾਕੇ ਵਿੱਚ ਸਕੂਲ ਇਮਾਰਤ ਫੂਕ ਦਿੱਤੀ। ਇਨ੍ਹਾਂ ਦੋਵਾਂ ਸਕੂਲਾਂ ਵਿੱਚ ਪੋਲਿੰਗ ਬੂਥ ਬਣਨੇ ਸਨ।
ਪੁਲੀਸ ਨੇ ਕਿਹਾ ਕਿ ਅਨੰਤਨਾਗ ਲੋਕ ਸਭਾ ਹਲਕੇ ਵਿੱਚ ਫੌਜਦਾਰੀ ਜ਼ਾਬਤੇ ਦੀ ਧਾਰਾ 144 ਅਧੀਨ ਚਾਰ ਜਾਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ਉਤੇ ਪਾਬੰਦੀ ਹੈ। ਵੱਖਵਾਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਕਾਰਨ ਵਾਦੀ ਵਿੱਚ ਜਨ ਜੀਵਨ ਪ੍ਰਭਾਵਤ ਹੋਇਆ। ਦੁਕਾਨਾਂ, ਪੈਟਰੋਲ ਪੰਪ ਤੇ ਹੋਰ ਵਪਾਰਕ ਅਦਾਰੇ ਬੰਦ ਰਹੇ, ਜਦੋਂ ਕਿ ਬੈਂਕਾਂ ਤੇ ਸਰਕਾਰੀ ਦਫ਼ਤਰਾਂ ਵਿੱਚ ਹਾਜ਼ਰੀ ਘੱਟ ਰਹੀ।

ਚੋਣ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਦੀ ਸਲਾਹ ਕੀਤੀ ਨਜ਼ਰਅੰਦਾਜ਼ :
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰ ਕੇ ਕੱਲ੍ਹ ਸ੍ਰੀਨਗਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਕਰਵਾਈ, ਜਿਸ ਦੌਰਾਨ ਵੱਡੇ ਪੱਧਰ ਉਤੇ ਹਿੰਸਾ ਹੋਈ। ਗ੍ਰਹਿ ਮੰਤਰਾਲੇ ਨੇ ਸਲਾਹ ਦਿੱਤੀ ਸੀ ਕਿ ਚੋਣਾਂ ਲਈ ਵਾਦੀ ਵਿੱਚ ਹਾਲਾਤ ਮੁਆਫ਼ਕ ਨਹੀਂ ਹਨ। 10 ਮਾਰਚ ਨੂੰ ਜ਼ਿਮਨੀ ਚੋਣਾਂ ਦੇ ਐਲਾਨ ਤੋਂ ਫੌਰੀ ਬਾਅਦ ਗ੍ਰਹਿ ਮੰਤਰਾਲੇ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਸ੍ਰੀਨਗਰ ਤੇ ਅਨੰਤਨਾਗ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਸਬੰਧੀ ਅਗਾਊਂ ਸਲਾਹ ਨਹੀਂ ਲਈ ਗਈ।