ਬਾਦਲਾਂ ਨੇ ਨਵੀਂ ਸਰਕਾਰ ਦਾ ਰਾਹ ਔਖਾ ਕੀਤਾ

ਬਾਦਲਾਂ ਨੇ ਨਵੀਂ ਸਰਕਾਰ ਦਾ ਰਾਹ ਔਖਾ ਕੀਤਾ

ਕਰਜ਼ਾ ਅਤੇ ਵਿਆਜ ਦੀ ਕਿਸ਼ਤ 15000 ਕਰੋੜ ਸਾਲਾਨਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਨਵੀਂ ਸਰਕਾਰ ਬਾਰੇ ਕਈ ਤਰ੍ਹਾਂ ਦੇ ਅੰਦਾਜ਼ੇ ਲੱਗ ਰਹੇ ਹਨ ਪਰ ਇਕ ਗੱਲ ਜੋ ਸਪਸ਼ਟ ਤੌਰ ‘ਤੇ ਨਜ਼ਰ ਆ ਰਹੀ ਹੈ, ਉਹ ਇਹ ਹੈ ਕਿ ਸੂਬੇ ਦੀ ਆਰਥਕ ਸਥਿਤੀ ਡਾਵਾਂਡੋਲ ਹੈ ਅਤੇ ਆਉਣ ਵਾਲੀ ਸਰਕਾਰ ਲਈ ਰਾਹ ਸੁਖਾਲਾ ਨਹੀਂ ਹੋਵੇਗਾ।
ਸਿਆਸੀ ਮਾਹਰਾਂ ਅਤੇ ਅੰਕੜਿਆਂ ਦਾ ਹਿਸਾਬ-ਕਿਤਾਬ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਮੌਜੂਦਾ ਗਠਜੋੜ ਯਾਨੀ ਅਕਾਲੀ-ਭਾਜਪਾ ਨੂੰ 20 ਸੀਟਾਂ ਤੋਂ ਵੱਧ ਨਹੀਂ ਮਿਲਣੀਆਂ, ਜਦਕਿ ਨੰਬਰ ਇਕ ‘ਤੇ ਕਾਂਗਰਸ ਆ ਸਕਦੀ ਹੈ ਜਿਸ ਨੂੰ 50 ਤੋਂ 55 ਸੀਟਾਂ ਮਿਲ ਸਕਦੀਆਂ ਹਨ ਅਤੇ ਆਮ ਆਦਮੀ ਪਾਰਟੀ 40 ਤੋਂ 45 ਹਲਕਿਆਂ ਵਿਚ ਕਾਮਯਾਬ ਹੋ ਸਕਦੀ ਹੈ। ਆਜ਼ਾਦ ਉਮੀਦਵਾਰਾਂ ਨੂੰ ਵੀ 2 ਤੋਂ 4 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਇਸ ਭੰਬਲਭੂਸੇ ਵਾਲੀ ਸਥਿਤੀ ਬਾਰੇ ਜਦੋਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਸਿਰਕੱਢ ਸਿਆਸੀ ਲੀਡਰਾਂ ਨਾਲ ਗੱਲ ਕੀਤੀ ਗਈ ਤਾਂ ਅਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਹਰ ਇਕ ਨੇ ਵੱਖੋ ਵਖਰਾ ਰਾਗ ਅਲਾਪਿਆ। ਕਾਂਗਰਸੀ ਆਗੂ ਜੋ ਪਿਛਲੇ 40 ਸਾਲ ਤੋਂ ਸਿਆਸਤ ਵਿਚ ਹੈ, ਨੇ ਕਿਹਾ ਕਿ ਅਕਾਲੀ ਨੇਤਾਵਾਂ ਨੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰ ਦਿਤਾ ਅਤੇ ਨਵੀਂ ਸਰਕਾਰ ਲਈ ਖਾਈ ਖੋਦੀ। ਸੂਬੇ ਸਿਰ ਕਰਜ਼ੇ ਦੀ ਪੰਡ 1.60 ਲੱਖ ਕਰੋੜ ‘ਤੇ ਪਹੁੰਚ ਚੁੱਕੀ ਹੈ ਜਿਸ ਦੀ ਮੂਲ ਕਿਸਤ ਤੇ ਵਿਆਜ ਪਾ ਕੇ ਸਾਲਾਨਾ ਕਿਸ਼ਤ 15000 ਕਰੋੜ ਬਣਦੀ ਹੈ। ਇਸ ਲੀਡਰ ਦਾ ਕਹਿਣਾ ਹੈ ਕਿ ਵੱਡੇ ਬਾਦਲ ਤੇ ਸੁਖਬੀਰ ਬਾਦਲ ਦੀਆਂ ਗ਼ਲਤ ਚਾਲਾਂ ਤੇ ਨੀਤੀਆਂ ਕਾਰਨ ਨਵੀਂ ਸਰਕਾਰ ‘ਤੇ ਵੱਡਾ ਆਰਥਿਕ ਸੰਕਟ ਖੜ੍ਹਾ ਹੋ ਜਾਵੇਗਾ।
ਕਰਮਚਾਰੀਆਂ ਦੀਆਂ ਤਨਖ਼ਾਹਾਂ ਦੇਣ ਨੂੰ ਪੈਸੇ ਨਹੀਂ, ਕਈ ਹਜ਼ਾਰਾਂ ਮੁਲਾਜ਼ਮਾਂ ਦੀਆਂ 6 ਮਹੀਨੇ ਤੋਂ ਬਕਾਇਆ ਤੇ ਦੇਣਦਾਰੀਆਂ ਉਂਜ ਹੀ ਵੱਟੇ ਖਾਤੇ ਪਾ ਦਿਤੀਆਂ ਹਨ, ਉਪਰੋਂ ਚੋਣ ਮੈਨੀਫ਼ੈਸਟੋ ਵਿਚ ਕੀਤੇ ਵਾਅਦੇ ਕਿਵੇਂ ਪੂਰੇ ਹੋਣਗੇ? ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਾ, ਨੌਜਵਾਨਾਂ ਨੂੰ 25 ਲੱਖ ਨੌਕਰੀਆਂ ਦੇਣੀਆਂ ਅਸੰਭਵ ਹਨ, ਸਾਲਾਨਾ ਮਾਲੀਆ ਵਧਾਉਣਾ ਮੁਮਕਿਨ ਨਹੀਂ ਹੈ ਅਤੇ ਬਾਹਰੀ ਮਦਦ ਨਾਲ ਬਣਨ ਵਾਲੀ ਸਰਕਾਰ ਡੇਢ-ਦੋ ਸਾਲ ਹੀ ਚੱਲ ਸਕੇਗੀ।
ਕਾਂਗਰਸੀ ਲੀਡਰਾਂ ਦੀ ਸੋਚ ਹੈ ਕਿ ਸੁਖਬੀਰ ਬਾਦਲ ਨੇ ਜਾਣ ਬੁਝ ਕੇ, ਸੰਗਤ ਦਰਸ਼ਨਾਂ ਵਿਚ ਗਰਾਂਟਾ ਦੀ ਬਾਰਸ਼ ਕਰ ਕੇ ਵੋਟਰਾਂ ਨੂੰ ਭਰਮਾਉਣ ਲਈ ਗ਼ੈਰ ਕਾਨੂੰਨੀ ਅਤੇ ਉਲਟੇ ਆਰਥਿਕ ਫ਼ੈਸਲੇ ਲਏ ਤੇ ਆਪ ਹੁਦਰੀਆਂ ਕੀਤੀਆਂ। ਦੂਜੇ ਪਾਸੇ ਭਾਜਪਾ ਦੇ ਸਿਆਸੀ ਲੋਕਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀਆਂ ਮਾੜੀਆਂ ਨੀਤੀਆਂ ਦਾ ਖਮਿਆਜ਼ਾ ਸਾਨੂੰ ਵੀ ਭੁਗਤਣਾ ਪਊ ਅਤੇ ਲੱਖ ਪ੍ਰਚਾਰ ਦੇ ਬਾਵਜੂਦ 23 ਉਮੀਦਵਾਰਾਂ ਵਿਚੋਂ 4 ਸੀਟਾਂ ਤੋਂ ਵੱਧ ਨਹੀਂ ਪ੍ਰਾਪਤ ਹੋ ਸਕਦੀਆਂ। ਅਕਾਲੀ ਨੇਤਾਵਾਂ ਦੀ ਇਹ ਵੀ ਸੋਚ ਹੈ ਕਿ ਕਿਸੇ ਵੀ ਸੂਰਤ ਵਿਚ ‘ਆਪ’ ਬਹੁਮਤ ਨਾ ਲਵੇ ਜੇ ਲੀਡਿੰਗ ਪਾਰਟੀ ‘ਆਪ’ ਆਈ ਤਾਂ ਅਕਾਲੀ ਦਲ ਵਲੋਂ ਕਾਂਗਰਸ ਨੂੰ ਬਾਹਰੋਂ ਸਮਰਥਨ ਦਿੱਤਾ ਜਾਵੇਗਾ ਤਾਂ ਕਿ ਬਾਦਲ ਪਰਿਵਾਰ ਦੇ ਪੋਤੜੇ ਨਾ ਫ਼ਰੋਲੇ ਜਾ ਸਕਣ। ਅਕਾਲੀ ਦਲ ਨੇ ਪ੍ਰਬੰਧ ਕਰ ਲਿਆ ਹੈ ਕਿ ਹਰ ਹੀਲੇ ਕਾਂਗਰਸ ਨੂੰ ਤਾਕਤ ਵਿਚ ਲਿਆਉਣਾ ਹੈ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਅਕਾਲੀ ਦਲ, ਮੱਧਕਾਲੀ ਚੋਣਾਂ ਦਾ ਲਾਭ ਖੱਟਣ ਜੋਗੇ ਹੋ ਜਾਣ।