ਗਾਂਧੀ ਭੈਣ-ਭਰਾ ਨੇ ਮੋਦੀ ਨੂੰ ਘੇਰਿਆ, ਕਿਹਾ-ਉੱਤਰ ਪ੍ਰਦੇਸ਼ ਨੂੰ ਗੋਦ ਲਏ ਪੁੱਤ ਦੀ ਲੋੜ ਨਹੀਂ

ਗਾਂਧੀ ਭੈਣ-ਭਰਾ ਨੇ ਮੋਦੀ ਨੂੰ ਘੇਰਿਆ, ਕਿਹਾ-ਉੱਤਰ ਪ੍ਰਦੇਸ਼ ਨੂੰ ਗੋਦ ਲਏ ਪੁੱਤ ਦੀ ਲੋੜ ਨਹੀਂ

ਰਾਏ ਬਰੇਲੀ (ਉੱਤਰ ਪ੍ਰਦੇਸ਼)/ਬਿਊਰੋ ਨਿਊਜ਼ :
ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਉੱਤਰ ਪ੍ਰਦੇਸ਼ ਦੇ ਗੋਦ ਲਏ ਬੇਟੇ’ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਉਨ੍ਹਾਂ ‘ਤੇ ਹਮਲਾ ਕਰਦਿਆਂ ਕਿਹਾ ਕਿ ਰਿਸ਼ਤਾ ਸਿਰਫ਼ ਬੋਲਣ ਨਾਲ ਨਹੀਂ ਬਣਦਾ ਸਗੋਂ ਇਹ ਨਿਭਾਉਣ ਨਾਲ ਬਣਦਾ ਹੈ। ਆਪਣੀ ਭੈਣ ਤੇ ਪਾਰਟੀ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਨਾਲ ਇਥੇ ਪੁੱਜੇ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੋਦੀ ਨੇ ਲੋਕਾਂ ਨਾਲ ਖੋਖਲੇ ਵਾਅਦੇ ਕੀਤੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਲੋਕ ਸਭਾ ਹਲਕੇ ਵਿਚ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜਿਥੇ ਵੀ ਜਾਂਦੇ ਹਨ ਰਿਸ਼ਤੇ ਬਣਾਉਂਦੇ ਹਨ। ਉਹ ਵਾਰਾਨਸੀ ਗਏ ਤੇ ਗੰਗਾ ਨੂੰ ਆਪਣੀ ਮਾਂ ਦੱਸਿਆ ਤੇ ਕਿਹਾ ਕਿ ਉਹ ਵਾਰਾਨਸੀ ਦੇ ਪੁੱਤਰ ਹਨ। 2014 ਵਿਚ ਉਨ੍ਹਾਂ ਵਾਰਾਨਸੀ ਨੂੰ ਬਦਲਣ ਦਾ ਵਾਅਦਾ ਵੀ ਕੀਤਾ ਸੀ। ਉਨ੍ਹਾਂ ਕਿਹਾ ਮੋਦੀ ਜੀ ਰਿਸ਼ਤੇ ਬੋਲਣ ਨਾਲ ਨਹੀਂ ਨਿਭਾਉਣ ਨਾਲ ਬਣਦੇ ਹਨ। ਰਾਹੁਲ ਨੇ ਕਿਹਾ ਕਿ ਮੋਦੀ ਜੀ ਤੁਸੀਂ ਆਪਣੀ ਮਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼ਾਹਰੁਖ਼ ਖ਼ਾਨ ਦੀ ਤਰ੍ਹਾਂ ਮੋਦੀ ਜੀ ਵੀ ਫ਼ਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਬਣਾਉਂਦੇ ਹਨ ਅਤੇ ‘ਅੱਛੇ ਦਿਨਾਂ’ ਦਾ ਵਾਅਦਾ ਕਰਦੇ ਹਨ ਪਰ ਢਾਈ ਸਾਲ ਬਾਅਦ ‘ਸ਼ੋਅਲੇ’ ਫ਼ਿਲਮ ਦਾ ਗੱਬਰ ਆ ਜਾਂਦਾ ਹੈ। ਰਾਹੁਲ ਨੇ ਕਿਹਾ ਕਿ ਨੋਟਬੰਦੀ ਦੌਰਾਨ ਵੀ ਅਮੀਰ ਲੋਕ ਲਾਈਨਾਂ ਵਿਚ ਨਹੀਂ ਲੱਗੇ ਸਗੋਂ ਗਰੀਬ ਲੋਕਾਂ ਨੂੰ ਮੁਸ਼ਕਲਾਂ ਆਈਆਂ। ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਆਪਣੇ ਪਹਿਲੇ ਭਾਸ਼ਣ ਵਿਚ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸੂਬੇ ਨੂੰ ਕਿਸੇ ਬਾਹਰੀ ਆਗੂ ਦੀ ਲੋੜ ਨਹੀਂ ਹੈ ਕਿਉਂਕਿ ਇਸ ਕੋਲ ਆਪਣੇ ਪੁੱਤਰ ਹਨ। ਉਨ੍ਹਾਂ ਰੈਲੀ ਦੌਰਾਨ ਲੋਕਾਂ ਨੂੰ ਪੁੱਛਿਆ ਕਿ ਕੀ ਸੂਬੇ ਨੂੰ ਗੋਦ ਲਏ ਬੇਟੇ ਦੀ ਲੋੜ ਹੈ? ਕੀ ਇਥੇ ਨੌਜਵਾਨ ਨਹੀਂ ਹਨ? ਤੁਹਾਡੇ ਕੋਲ ਰਾਹੁਲ ਤੇ ਅਖਿਲੇਸ਼ ਵਰਗੇ ਨੌਜਵਾਨ ਹਨ। ਉਨ੍ਹਾਂ ਕਿਹਾ ਕਿ ਸੂਬੇ ਦਾ ਹਰ ਨੌਜਵਾਨ ਆਗੂ ਬਣ ਸਕਦਾ ਹੈ। ਹਰੇਕ ਨੌਜਵਾਨ ਯੂ.ਪੀ. ਦੇ ਵਿਕਾਸ ਲਈ ਕੰਮ ਕਰੇਗਾ। ਇਸ ਮੌਕੇ ਉਨ੍ਹਾਂ ਗਠਜੋੜ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ।