ਅਸਲੀ ਨਹੀਂ ਸੀ ਹਰਿਕੇ ਝੀਲ ‘ਚ ਚਲਾਈ ਗਈ ਬੱਸ

ਅਸਲੀ ਨਹੀਂ ਸੀ ਹਰਿਕੇ ਝੀਲ ‘ਚ ਚਲਾਈ ਗਈ ਬੱਸ

ਟ੍ਰਾਇਲ ਮਾਡਲ ਚਲਾ ਕੇ ਹੀ ਕਰ ਦਿੱਤਾ ਸੀ ਉਦਘਾਟਨ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪਾਣੀ ‘ਚ ਬੱਸ ਚਲਾਉਣ ਦਾ ਸੁਪਨਾ ਵਿਧਾਨ ਸਭਾ ਚੋਣ ਤੋਂ ਪਹਿਲਾਂ ਤਾਂ ਮਜ਼ਾਕ ਬਣ ਕੇ ਰਹਿ ਗਿਆ, ਪਰ ਹੁਣ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਝੀਲ ਦੇ ਪਾਣੀ ‘ਤੇ ਚੱਲਣ ਵਾਲੀ ਬੱਸ ਹਰਿਕੇ ਪੁੱਜ ਗਈ ਹੈ। ਇਸ ਤੋਂ ਪਹਿਲਾਂ ਜਿਸ ਬੱਸ ਦਾ ਉਦਘਾਟਨ ਕੀਤਾ ਗਿਆ ਸੀ, ਅਸਲ ‘ਚ ਉਹ ਪਾਣੀ ‘ਚ ਚੱਲਣ ਵਾਲੀ ਅਸਲੀ ਬੱਸ ਨਹੀਂ, ਸਗੋਂ ਇਕ ਟ੍ਰਾਇਲ ਮਾਡਲ ਸੀ।
ਹੁਣ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਤਾਂ ਸਵਾਲ ਉਠਿਆ ਹੈ ਕਿ ਵਿਧਾਨ ਸਭਾ ਚੋਣ ਤੋਂ ਪਹਿਲਾਂ ਜਿਸ ਬੱਸ ਦਾ ਟ੍ਰਾਇਲ ਕੀਤਾ ਗਿਆ ਸੀ, ਉਹ ਕੀ ਸੀ? ਪ੍ਰਦੇਸ਼ ਦੇ ਮਹਿਮਾਨ ਨਵਾਜ਼ੀ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿਕੇ ਝੀਲ ‘ਚ ਜਿਹੜੀ ਬੱਸ ਦਾ ਟ੍ਰਾਇਲ ਕੀਤਾ ਗਿਆ ਸੀ, ਅਸਲ ‘ਚ ਉਹ ਪਾਣੀ ‘ਤੇ ਚੱਲਣ ਵਾਲੀ ਅਸਲੀ ਬੱਸ ਨਹੀਂ ਸੀ। ਸੁਖਬੀਰ ਬਾਦਲ ਇਸ ਯੋਜਨਾ ਨੂੰ ਛੇਤੀ ਅਮਲੀਜਾਮਾ ਪਹਿਨਾਉਣਾ ਚਾਹੁੰਦੇ ਸਨ। ਯਕੀਨਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਆਪਣੇ ਸੁਪਨੇ ਦੀ ਬੱਸ ਚਲਾ ਕੇ ਜਨਤਾ ਵਿਚਕਾਰ ਇਹ ਸਾਬਤ ਕਰਨਾ ਚਾਹੁੰਦੇ ਸਨ ਕਿ ਉਹ ਜੋ ਕਹਿੰਦੇ ਹਨ, ਉਹ ਨੂੰ ਜ਼ਰੂਰ ਪੂਰਾ ਕਰ ਕੇ ਵਿਖਾਉਂਦੇ ਹਨ। ਅਫ਼ਸਰਾਂ ਨੇ ਸਰਕਾਰ ਦਾ ਸਾਥ ਦਿੱਤਾ ਅਤੇ ਇਕ ਟ੍ਰਾਇਲ ਮਾਡਲ ਮੰਗਵਾ ਕੇ ਉਸ ਨੂੰ ਝੀਲ ‘ਚ ਉਤਾਰ ਦਿੱਤਾ। ਇਹ ਟ੍ਰਾਇਲ ਬੱਸ ਪਾਣੀ ‘ਚ ਅੱਗੇ ਨਹੀਂ ਵੱਧ ਸਕੀ ਅਤੇ ਬਾਦਲ ਸਰਕਾਰ ਨੂੰ ਵਿਰੋਧੀ ਧਿਰ ਅਤੇ ਆਮ ਲੋਕਾਂ ਦੇ ਮਜ਼ਾਕ ਦਾ ਸਾਹਮਣਾ ਕਰਨਾ ਪਿਆ। ਖਾਸ ਗੱਲ ਇਹ ਵੀ ਰਹੀ ਕਿ ਅਫ਼ਸਰਾਂ ਨੇ ਸਰਕਾਰ ਨੂੰ ਭਿਣਕ ਨਹੀਂ ਲੱਗਣ ਦਿੱਤੀ ਕਿ ਜਿਹੜੀ ਬੱਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਉਹ ਪਾਣੀ ‘ਤੇ ਚੱਲਣ ਵਾਲੀ ਅਸਲੀ ਬੱਸ ਨਹੀਂ, ਸਗੋਂ ਇਕ ਟ੍ਰਾਇਲ ਮਾਡਲ ਹੈ। ਇਸ ਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਯੋਜਨਾ ‘ਚ ਹੋ ਰਹੀ ਦੇਰੀ ਤੋਂ ਅਫਸਰ ਵੀ ਕਾਫੀ ਦਬਾਅ ‘ਚ ਸਨ। ਹਰਿਕੇ ਪੁੱਜੀ ਅਸਲੀ ਬੱਸ ਦਾ ਆਕਾਰ ਟ੍ਰਾਇਲ ਮਾਡਲ ਤੋਂ ਕਾਫੀ ਵੱਡਾ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰਾਇਲ ਰਨ ਇਸ ਲਈ ਕੀਤਾ ਗਿਆ ਸੀ ਕਿ ਵੇਖਿਆ ਜਾ ਸਕੇ ਕਿ ਝੀਲ ‘ਚ ਬੱਸ ਚਲਾਈ ਜਾ ਸਕਦੀ ਹੈ ਜਾਂ ਨਹੀਂ।