ਮਨਪ੍ਰੀਤ ਨੂੰ ਹਰਾਉਣ ਲਈ ਹਰਸਿਮਰਤ ਬਾਦਲ ਨੇ ਬਠਿੰਡਾ ‘ਚ ਲਾਏ ਡੇਰੇ

ਮਨਪ੍ਰੀਤ ਨੂੰ ਹਰਾਉਣ ਲਈ ਹਰਸਿਮਰਤ ਬਾਦਲ ਨੇ ਬਠਿੰਡਾ ‘ਚ ਲਾਏ ਡੇਰੇ

ਬਠਿੰਡਾ/ਬਿਊਰੋ ਨਿਊਜ਼ :
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ (ਸ਼ਹਿਰੀ) ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਬਠਿੰਡਾ ਵਿੱਚ ਡੇਰੇ ਲਾ ਲਏ ਹਨ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਇਸ ਸੀਟ ਨੂੰ ਵੱਕਾਰ ਦਾ ਸਵਾਲ ਬਣਾ ਲਿਆ ਹੈ। ਸੁਖਬੀਰ, ਮਨਪ੍ਰੀਤ ਤੋਂ 17 ਦਿਨ ਵੱਡੇ ਹਨ। ਹੁਣ ਇਸ ਹਲਕੇ ਦੀ ਕਮਾਂਡ ਹਰਸਿਮਰਤ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਦੋ ਦਿਨਾਂ ਤੋਂ ਉਨ੍ਹਾਂ ਰੁੱਸੇ ਆਗੂਆਂ ਦੇ ਘਰਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ। ਉਹ ਚੋਣ ਪ੍ਰਚਾਰ ਲਈ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਵੀ ਨਾਲ ਨਹੀਂ ਤੋਰ ਰਹੇ।
ਹਰਸਿਮਰਤ ਨੂੰ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਸ਼ਹਿਰੀ ਹਲਕੇ ਤੋਂ ਮਨਪ੍ਰੀਤ ਬਾਦਲ ਵੱਲੋਂ ਲਈ 30 ਹਜ਼ਾਰ ਦੀ ਲੀਡ ਭੁੱਲੀ ਨਹੀਂ। ਉਨ੍ਹਾਂ ਸ਼ਹਿਰ ਦੇ ਇਕ ਹੋਟਲ ਵਿੱਚ ਦਰਬਾਰ ਲਾਇਆ, ਜਿਸ ਵਿੱਚ ਸ਼ਹਿਰ ਦੇ ਜਿੱਤੇ ਅਤੇ ਹਾਰੇ ਨਗਰ ਕੌਂਸਲਰਾਂ ਤੋਂ ਇਲਾਵਾ ਰੁੱਸੇ ਅਕਾਲੀ ਆਗੂਆਂ ਨੂੰ ਸੱਦਿਆ। ਸੂਤਰ ਦੱਸਦੇ ਹਨ ਕਿ ਹਰਸਿਮਰਤ ਬਾਦਲ ਨੇ ਹਰ ਆਗੂ ਨੂੰ ਆਖਿਆ ਕਿ ”ਬੀਤੇ ਨੂੰ ਭੁੱਲ ਜਾਓ, ਭਵਿੱਖ ਵਿੱਚ ਕੋਈ ਮੌਕਾ ਨਹੀਂ ਮਿਲੇਗਾ।” ਸ਼ਹਿਰ ਦੇ ਲਾਈਨੋ ਪਾਰ ਇਲਾਕੇ ਵਿੱਚ ਕੇਂਦਰੀ ਮੰਤਰੀ ਕਈ ਆਗੂਆਂ ਦੇ ਘਰਾਂ ਵਿੱਚ ਗਏ। ਭਾਜਪਾ ਆਗੂਆਂ ਨਾਲ ਵੱਖਰੀ ਮੀਟਿੰਗ ਕਰ ਕੇ ਨਾਲ ਤੋਰਿਆ। ਉਹ ਇਕ ਭਾਜਪਾ ਆਗੂ ਦੇ ਘਰ ਵੀ ਲੋਹੜੀ ਸਮਾਗਮ ‘ਤੇ ਗਏ। ਸ਼ਹਿਰ ਦੀਆਂ ਮਹਿਲਾ ਆਗੂਆਂ ਨਾਲ ਮੀਟਿੰਗ ਕੀਤੀ। ਅਕਾਲੀ ਉਮੀਦਵਾਰ ਸਰੂਪ ਸਿੰਗਲਾ ਦਾ ਕਹਿਣਾ ਹੈ ਕਿ ਉਨ੍ਹਾਂ ਬਾਦਲ ਪਰਿਵਾਰ ਤੋਂ ਇਹ ਸੀਟ ਜਿੱਤਣ ਲਈ ਪੂਰੀ ਹਮਾਇਤ ਮੰਗੀ ਹੈ ਅਤੇ ਹਰਸਿਮਰਤ ਬਾਦਲ ਨਾਲ ਉਹ ਇਸ ਕਰ ਕੇ ਚੋਣ ਪ੍ਰਚਾਰ ਵਿੱਚ ਨਹੀਂ ਗਏ ਕਿਉਂਕਿ ਉਨ੍ਹਾਂ ਦੇ ਵੱਖਰੇ ਚੋਣ ਪ੍ਰੋਗਰਾਮ ਸਨ।
ਦੂਜੇ ਪਾਸੇ ਮਨਪ੍ਰੀਤ ਬਾਦਲ ਦਾ ਪੂਰਾ ਪਰਿਵਾਰ ਪਤਨੀ ਵੀਨੂੰ ਬਾਦਲ, ਪਿਤਾ ਗੁਰਦਾਸ ਬਾਦਲ, ਲੜਕਾ ਅਰਜਨ ਅਤੇ ਲੜਕੀ ਰੀਆ ਬਾਦਲ ਸ਼ਹਿਰ ਵਿੱਚ ਦਿਨ ਰਾਤ ਪ੍ਰਚਾਰ ਵਿੱਚ ਜੁਟੇ ਹੋਏ ਹਨ।
ਹਰਸਿਮਰਤ ਦਾ ਦੋਸ਼-ਖਾੜਕੂ ਭੇਜ ਰਹੇ ‘ਆਪ’ ਨੂੰ ਫੰਡ :
ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹੱਲਾ ਬੋਲਦੇ ਹੋਏ ਆਖਿਆ ਕਿ ਖਾੜਕੂਆਂ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਖ਼ਾਤਰ ‘ਆਪ’ ਨੂੰ ਫੰਡ ਭੇਜੇ ਜਾ ਰਹੇ ਰਹੇ ਹਨ। ਉਨ੍ਹਾਂ ਕਿਹਾ ਕਿ ਕੱਟੜ ਧਿਰਾਂ ਤੇ ‘ਆਪ’ ਵੱਲੋਂ ਗੁਪਤ ਰਣਨੀਤੀ ਘੜੀ ਗਈ ਹੈ, ਜਿਸ ਵਿੱਚ ਅਕਾਲੀ ਉਮੀਦਵਾਰਾਂ ‘ਤੇ ਹਮਲੇ ਕਰਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ‘ਤੇ ਹਮਲਾ ਕਰਾਉਣਾ ਵੀ ‘ਆਪ’ ਤੇ ਗਰਮਖਿਆਲੀ ਧਿਰਾਂ ਦੀ ਅਗਾਊਂ ਯੋਜਨਾ ਦਾ ਹਿੱਸਾ ਸੀ। ਉਨ੍ਹਾਂ ਆਖਿਆ ਕਿ ‘ਆਪ’ ਦੇ ਅਰਵਿੰਦ ਕੇਜਰੀਵਾਲ ਅਤੇ ਜਰਨੈਲ ਸਿੰਘ ਇਨ੍ਹਾਂ ਗਰਮਖਿਆਲੀ ਧਿਰਾਂ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ।
ਹਰਸਿਮਰਤ ਬਾਦਲ ਨੇ ਬਠਿੰਡਾ (ਦਿਹਾਤੀ) ਤੋਂ ਅਕਾਲੀ ਉਮੀਦਵਾਰ ਅਮਿਤ ਰਤਨ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਕੇਂਦਰੀ ਮੰਤਰੀ ਨੇ ਆਖਿਆ ਕਿ ਪਾਕਿਸਤਾਨ ਦੀ ਆਈਐਸਆਈ ਵੱਲੋਂ ਦਹਿਸ਼ਤ ਫੈਲਾਉਣ ਲਈ ਵਿਦੇਸ਼ਾਂ ਵਿੱਚ ਬੈਠੇ ਖ਼ਾਲਿਸਤਾਨ ਪੱਖੀਆਂ ਨੂੰ ਫੰਡ ਦਿੱਤੇ ਜਾ ਰਹੇ ਹਨ, ਜੋ ਅੱਗੇ ਇਹੋ ਫੰਡ ‘ਆਪ’ ਨੂੰ ਭੇਜ ਰਹੇ ਹਨ ਤੇ ‘ਆਪ’ ਦੇ ਆਗੂ ਪੰਜਾਬ ਵਿੱਚ ਹਿੰਸਾ ਭੜਕਾ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਬੁਢਲਾਡਾ ਵਿੱਚ ਕੋਈ ਭੜਕਾਊ ਟਿੱਪਣੀ ਨਹੀਂ ਕੀਤੀ ਸੀ। ਕੇਂਦਰੀ ਮੰਤਰੀ ਨੇ ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਧਿਰ ਨੂੰ ਸਪਸ਼ਟ ਬਹੁਮਤ ਨਾ ਮਿਲਣ ਤੋਂ ਇਨਕਾਰ ਕਰਦੇ ਹੋਏ ਆਖਿਆ ਕਿ ਐਤਕੀਂ ਅਕਾਲੀ ਦਲ 2012 ਤੋਂ ਵੀ ਚੰਗੀ ਲੀਡ ਲਵੇਗਾ।
ਕੇਂਦਰੀ ਮੰਤਰੀ ਨੇ ਆਖਿਆ ਕਿ ‘ਆਪ’ ਇਸ ਵੇਲੇ ਕਾਂਗਰਸ ਦੀ ‘ਬੀ’ ਟੀਮ ਹੈ। ਇਸ ਕਰਕੇ ਕੈਪਟਨ ਅਮਰਿੰਦਰ ਅਤੇ ਬੀਬੀ ਭੱਠਲ ਖ਼ਿਲਾਫ਼ ‘ਆਪ’ ਨੇ ਕਮਜ਼ੋਰ ਉਮੀਦਵਾਰ ਖੜ੍ਹੇ ਕੀਤੇ ਹਨ। ਕਾਂਗਰਸ ਨੇ ਹੀ ਉਨ੍ਹਾਂ ਦੇ ਘਰ ਵਿੱਚ ਫੁੱਟ ਪਾ ਕੇ ਮਨਪ੍ਰੀਤ ਨੂੰ ਪੀਪੀਪੀ ਬਣਵਾ ਕੇ ਖੜ੍ਹਾ ਕੀਤਾ ਸੀ ਅਤੇ ਇਵੇਂ ਹੀ ਦਿੱਲੀ ਵਿੱਚ ਭਾਜਪਾ ਦੇ ਰਾਹ ਰੋਕਣ ਖ਼ਾਤਰ ਕੇਜਰੀਵਾਲ ਨੂੰ ਖੜ੍ਹਾ ਕੀਤਾ ਸੀ। ਕੇਂਦਰੀ ਮੰਤਰੀ ਨੇ ਭਗਵੰਤ ਮਾਨ ਨੂੰ ਜੋਕਰ ਦੱਸਦਿਆਂ ਕਿਹਾ ਕਿ ਉਨ੍ਹਾਂ ਵਿੱਚ ਸੰਜੀਦਾ ਸਿਆਸਤਦਾਨ ਵਾਲੀ ਕੋਈ ਗੱਲ ਨਹੀਂ ਹੈ।
ਉਨ੍ਹਾਂ ਆਖਿਆ ਕਿ ਮਨਪ੍ਰੀਤ ਬਾਦਲ ਬੌਖਲਾਹਟ ਵਿੱਚ ਉਨ੍ਹਾਂ ਦੇ ਪਰਿਵਾਰ ‘ਤੇ ਨਿੱਜੀ ਹਮਲੇ ਕਰ ਰਿਹਾ ਹੈ। ਹਰਸਿਮਰਤ ਨੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਅਕਾਲੀ ਵਰਕਰਾਂ ਨੂੰ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ‘ਆਪ’ ਦੇ ਵਾਲੰਟੀਅਰਾਂ ਵਾਂਗ ਕੰਮ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਕੈਪਟਨ ਅਮਰਿੰਦਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਕਰਜ਼ਾ ਮੁਆਫ਼ੀ ਦੇ ਫਾਰਮ ਭਰਵਾ ਕੇ ਕਿਸਾਨਾਂ ਨੂੰ ਮੂਰਖ ਬਣਾ ਰਹੀ ਹੈ। ਇਸ ਮੌਕੇ ਅਕਾਲੀ ਉਮੀਦਵਾਰ ਅਮਿਤ ਰਤਨ ਨੇ ਵੀ ਸੰਬੋਧਨ ਕੀਤਾ।