ਨਾਭਾ ਜੇਲ੍ਹ ‘ਚੋਂ ਫਰਾਰ ਖਾੜਕੂ ਹਰਮਿੰਦਰ ਸਿੰਘ ਮਿੰਟੂ ਦਿੱਲੀ ਤੋਂ ਗ੍ਰਿਫ਼ਤਾਰ

ਨਾਭਾ ਜੇਲ੍ਹ ‘ਚੋਂ ਫਰਾਰ ਖਾੜਕੂ ਹਰਮਿੰਦਰ ਸਿੰਘ ਮਿੰਟੂ ਦਿੱਲੀ ਤੋਂ ਗ੍ਰਿਫ਼ਤਾਰ

ਨਾਭਾ ਜੇਲ੍ਹ ਵਿਚੋਂ ਫਰਾਰ ਹੋਣ ਬਾਅਦ ਗ੍ਰਿਫਤਾਰ ਕੀਤਾ ਹਰਮਿੰਦਰ ਸਿੰਘ ਮਿੰਟੂ
ਜੇਲ੍ਹ ‘ਤੇ ਹਮਲਾ ਕਰਕੇ ਛੁਡਾ ਲਏ ਸਨ ਹਰਮਿੰਦਰ ਮਿੰਟੂ ਤੇ ਵਿੱਕੀ ਗੌਂਡਰ ਸਮੇਤ 6 ਗੈਂਗਸਟਰ
ਅਫ਼ਰਾ-ਤਫ਼ਰੀ ‘ਚ ਬੇਕਸੂਰ ਕੁੜੀ ਦਾ ਐਨਕਾਉਂਟਰ
ਬਦਮਾਸ਼ਾਂ ਨੇ ਜੇਲ੍ਹ ਵਿਚ 100 ਰਾਉਂਡ ਚਲਾਏ, ਪੁਲੀਸ ਨੇ ਸਿਰਫ਼ ਇਕ ਗੋਲੀ ਚਲਾਈ, ਬਾਕੀ ਲੁਕੇ ਰਹੇ
ਰੇਲਵੇ ਫਾਟਕ ਬੰਦ ਸੀ, ਇਸ ਲਈ ਡੇਢ ਕਿਲੋਮੀਟਰ ਵਾਪਸ ਆ ਕੇ ਫੇਰ ਜੇਲ੍ਹ ਦੇ ਬਾਹਰੋਂ ਲੰਘੇ, ਕਿਸੇ ਨੇ ਨਹੀਂ ਰੋਕਿਆ
ਨਵੀਂ ਦਿੱਲੀ/ਬਿਊਰੋ ਨਿਊਜ਼ :
ਪੰਜਾਬ ਵਿਚ ਨਾਭਾ ਜੇਲ੍ਹ ਤੋਂ ਫਰਾਰ ਖ਼ਾਲਿਸਤਾਨੀ ਸਮਰਥਕ ਖਾੜਕੂ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ-ਹਰਿਆਣਾ ਸਰਹੱਦ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿੰਟੂ ਦੇ ਨਾਲ ਭੱਜੇ ਹੋਰ ਪੰਜ ਗੈਂਗਸਟਰ ਹਾਲੇ ਵੀ ਫਰਾਰ ਹਨ। ਪੁਲੀਸ ਨੇ ਵਾਰਦਾਤ ਵਿਚ ਵਰਤੀ ਗਈ ਤੀਸਰੀ ਕਾਰ ਹਰਿਆਣਾ ਕੈਥਲ ਤੋਂ ਬਰਾਮਦ ਕੀਤੀ ਹੈ।
ਕਈ ਖਾੜਕੂ ਕਾਰਵਾਈਆਂ ਵਿਚ ਸ਼ਾਮਲ ਹੋਣ ਦੇ ਦੋਸ਼ੀ 47 ਸਾਲਾ ਮਿੰਟੂ ਨੂੰ ਨਵੰਬਰ 2014 ਵਿਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ 2008 ਵਿਚ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ‘ਤੇ ਹੋਏ ਹਮਲੇ ਅਤੇ 2010 ਵਿਚ ਹਲਵਾਰਾ ਹਵਾਈ ਅੱਡੇ ਵਿਚ ਧਮਾਕਾਖੇਜ਼ ਸਮੱਗਰੀ ਮਿਲਣ ਸਮੇਤ 10 ਮਾਮਲਿਆਂ ਦੇ ਸਬੰਧਤ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਦੀ ਨਾਭਾ ਜੇਲ੍ਹ ‘ਤੇ ਹਮਲਾ ਕਰਨ ਵਾਲੇ ਬੰਦੂਕਧਾਰੀਆਂ ਵਿਚੋਂ ਕਿ ਨੂੰ ਉਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰਵਿੰਦਰ ਨਾਂ ਦੇ ਇਸ ਅਪਰਾਧੀ ਕੋਲੋਂ ਕਾਫ਼ੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਹੋਏ ਹਨ। ਪੁਲੀਸ ਮੁਤਾਬਕ ਪਰਮਿੰਦਰ ਖ਼ਿਲਾਫ਼ ਪਹਿਲਾਂ ਤੋਂ ਕਈ ਕੇਸ ਦਰਜ ਹਨ। ਪੁਲੀਸ ਹੁਣ ਉਸ ਤੋਂ ਪੁਛਗਿਛ ਕਰਕੇ ਉਸ ਦੇ ਬਾਕੀ ਸਾਥੀਆਂ ਤੇ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਕਰਨ ਵਿਚ ਲੱਗੀ ਹੈ।  ਉਤਰ ਪ੍ਰਦੇਸ਼ ਦੇ ਵਧੀਕ ਪੁਲੀਸ ਕਮਿਸ਼ਨਰ ਦਲਜੀਤ ਸਿੰਘ ਚੌਧਰੀ ਨੇ ਦੱਸਿਆ ਕਿ ਸ਼ਾਮਲੀ ਵਿਚ ਤਲਾਸ਼ੀ ਦੌਰਾਨ ਪਰਮਿੰਦਰ ਦੀ ਟਿਓਟਾ ਫਾਰਚੂਨਰ ਗੱਡੀ ਤੋਂ ਇਕ ਸੈਲਫ਼ ਲੋਡਿੰਗ ਰਾਈਫ਼ਲ, ਤਿੰਨ ਰਫ਼ਲਾਂ ਤੇ ਕਈ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ 8: 30 ਵਜੇ 10 ਬਦਮਾਸ਼ਾਂ ਨੇ ਨਾਭਾ ਦੀ ਉਚ ਸੁਰੱਖਿਆ ਵਾਲੀ ਜੇਲ੍ਹ ‘ਤੇ ਹਮਲਾ ਕੀਤਾ ਸੀ। ਬਦਮਾਸ਼ਾਂ ਨੇ ਦੋ ਖਾਲਿਸਤਾਨੀ ਖਾੜਕੂਆਂ ਸਮੇਤ 4 ਗੈਂਗਸਟਰਾਂ ਨੂੰ ਸਿਰਫ਼ 13 ਮਿੰਟਾਂ ਵਿਚ ਹੀ ਛੁਡਾ ਲਿਆ। ਹਰਮਿੰਦਰ ਸਿੰਘ ਤੋਂ ਇਲਾਵਾ ਇਨ੍ਹਾਂ ਵਿਚ ਕਸ਼ਮੀਰ ਸਿੰਘ ਜੋ ਖਾੜਕੂ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ, ਤੇ ਇਸ ਦੀ ਜੇਲ੍ਹ ਵਿਚ ਹੀ ਹਰਮਿੰਦਰ ਮਿੰਟੂ ਨਾਲ ਦੋਸਤੀ ਹੋਈ। ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਜਲੰਧਰ ਵਿਚ ਇਕ ਕਤਲ ਤੋਂ ਬਾਅਦ ਗੈਂਗਸਟਰ ਬਣਿਆ। 2015 ਵਿਚ ਸੁੱਖਾ ਕਾਲਵਾਂ ਨੂੰ ਹਿਰਾਸਤ ਦੌਰਾਨ ਕਤਲ ਕੀਤਾ। ਕੁਲਪ੍ਰੀਤ ਸਿੰਘ ਦਿਓਲ ਨੀਟਾ ( ਜ਼ਿਆਦਾਤਰ ਦੁਬਈ ਵਿਚ ਰਿਹਾ) ਸੁੱਖੇ ਨੂੰ ਮਾਰਨ ਲਈ ਦੁਬਈ ਤੋਂ ਆਇਆ। ਫਿਰ ਚਲਾ ਗਿਆ। ਕੁਝ ਮਹੀਨੇ ਪਹਿਲਾਂ ਆਤਮ ਸਮਰਪਣ ਕੀਤਾ। ਗੁਰਪ੍ਰੀਤ ਸਿੰਘ ਸੇਖੋਂ, ਚੰਡੀਗੜ੍ਹ ਪੜ੍ਹਨ ਗਿਆ, ਸ਼ੇਰਾ ਖੁੱਬਨ ਨਾਲ ਦੋਸਤੀ ਕੀਤੀ। ਸ਼ੇਰਾ ਦੇ ਐਨਕਾਉਂਟਰ ਤੋਂ ਬਾਅਦ ਗਿਰੋਹ ਸੰਭਾਲ ਲਿਆ। ਅਮਨਦੀਪ ਸਿੰਘ ਦੀ ਨੀਟਾ ਦਿਓਲ ਤੇ ਗੁਰਪ੍ਰੀਤ ਸੇਖੋਂ ਨਾਲ ਜੇਲ੍ਹ ਵਿਚ ਦੋਸਤੀ ਹੋਈ। ਕਈ ਅਪਰਾਧਕ ਮਾਮਲਿਆਂ ਵਿਚ ਸ਼ਾਮਲ ਹੈ।
ਸੂਤਰਾਂ ਅਨੁਸਾਰ 6 ਹਮਲਾਵਰ ਪੁਲੀਸ ਦੀ ਵਰਦੀ ਵਿਚ ਸਨ। ਇਨ੍ਹਾਂ ਨੇ 100 ਰਾਉਂਡ ਚਲਾਏ ਤੇ ਜੇਲ੍ਹ ਗਾਰਡ ਵਲੋਂ ਸਿਰਫ਼ ਇਕ ਗੋਲੀ ਚਲਾਈ ਗਈ। ਪੁਲੀਸ ਵਾਲਿਆਂ ਤੋਂ ਐਸ.ਐਲ.ਆਰ. ਖੋਹ ਲਈ ਗਈ। ਬਦਮਾਸ਼ਾਂ ਨੇ ਗੇਟ ‘ਤੇ ਖੜ੍ਹੇ ਗਾਰਡ ਦੇ ਮੂੰਹ ‘ਤੇ ਚਾਕੂ ਨਾਲ ਵਾਰ ਕੀਤਾ। ਇਕ ਦੂਸਰਾ ਪੁਲੀਸ ਵਾਲਾ ਧੱਕਾਮੁੱਕੀ ਦੌਰਾਨ ਬੇਹੋਸ਼ ਹੋ ਗਿਆ।
ਬਦਮਾਸ਼ਾਂ ਨੇ ਹਰਮਿੰਦਰ ਸਿੰਘ ਮਿੰਟੂ, ਕਸ਼ਮੀਰ ਗਲਵੱਟੀ, ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਨੀਟਾ ਦਿਓਲ ਤੇ ਅਮਨਦੀਪ ਹੁੱਡਾ ਨੂੰ ਛੁਡਾ ਲਿਆ। ਘਟਨਾ ਮਗਰੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਡੀ.ਜੀ.ਪੀ. ਸੁਰੇਸ਼ ਅਰੋੜ ਸਮੇਤ ਕਈ ਅਫ਼ਸਰ ਪਹੁੰਚੇ। ਰੈਪਿਡ ਐਕਸ਼ਨ ਫੋਰਸ ਬੁਲ ਕੇ ਜੇਲ੍ਹ ਦੇ ਬਾਹਰ ਤੈਨਾਤ ਕੀਤਾ। ਸਰਕਾਰ ਨੇ ਇਸ ਘਟਨਾ ਲਈ ਜ਼ਿੰਮੇਵਾਰ ਬਣਦੇ ਹੋਏ ਡੀ.ਜੀ.ਪੀ. ਜੇਲ੍ਹ ਸੰਜੀਵ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਜਦਕਿ ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਤੇ ਡਿਪਟੀ ਸੁਪਰਡੈਂਟ ਨੂੰ ਡਿਸਮਿਸ ਕਰ ਦਿੱਤਾ।
ਬਾਅਦ ਵਿਚ ਸ਼ਾਮ ਵੇਲੇ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਕਿ ਨਾਭਾ ਜੇਲ੍ਹ ਬਰੇਕ ਦੇ ਮਾਸਟਰ ਮਾਈਂਡ ਪਰਮਿੰਦਰ ਸਿੰਘ ਉਰਫ਼ ਪਿੰਦਾ ਨੂੰ ਉਤਰ ਪ੍ਰਦੇਸ਼-ਹਰਿਆਣਾ ਸਰਹੱਦ ‘ਤੇ ਸਥਿਤ ਸ਼ਾਮਲੀ ਦੇ ਕੈਰਾਨਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਹ ਉਸ ਸਮੇਂ ਫੜਿਆ ਗਿਆ ਜਦੋਂ ਜਾਮ ਖੁੱਲ੍ਹਾ ਰਹੇ ਪੁਲੀਸ ਵਾਲਿਆਂ ਨੂੰ ਦੇਖ ਕੇ ਉਹ ਭੱਜਣ ਲੱਗਾ। ਉਸ ਪਿਛੇ ਆ ਰਹੀਆਂ ਦੋ ਗੱਡੀਆਂ ਵਿਚ ਸਵਾਰ ਸ਼ੱਕੀ ਵਾਪਸ ਹਰਿਆਣਾ ਵੱਲ ਭੱਜੇ। ਬਾਅਦ ਵਿਚ ਇਹ ਗੱਡੀ ਕੈਥਲ ਕੋਲੋਂ ਬਰਾਮਦ ਹੋਈ। ਡੀ.ਜੀ.ਪੀ. ਸੁਰੇਸ਼ ਅਰੋੜ ਨੇ ਦੱਸਿਆ ਕਿ ਜੇਲ੍ਹ ਮੁਲਾਜ਼ਮਾਂ ਦੀ ਮਿਲੀਭੁਗਤ ਦੇ ਸਬੂਤ ਮਿਲ ਗਏ ਹਨ।

ਸੁਖਬੀਰ ਬਾਦਲ ਦੇ ਕਰੀਬੀ ਤੇ ਗੌਂਡਰ ਦੇ ਦੁਸ਼ਮਣ ਮੀਤ ਨੇ ਦੇਰ ਰਾਤ ਕੀਤਾ ਆਤਮ ਸਮਰਪਣ
ਚੰਡੀਗੜ੍ਹ/ਬਿਊਰੋ ਨਿਊਜ਼ :
ਵਿੱਕੀ ਗੌਂਡਰ ਸਵੇਰੇ ਫਰਾਰ ਹੋਇਆ ਅਤੇ ਦੇਰ ਰਾਤ 20 ਦਿਨ ਤੋਂ ਵਾਨਟਡ ਅਮਿਤ ਉਰਫ਼ ਮੀਤ ਨੇ ਆਤਮ ਸਮਰਪਣ ਕਰ ਦਿੱਤਾ। ਉਸ ਨੂੰ ਲਗਦਾ ਹੈ ਕਿ ਗੌਂਡਰ ਉਸ ਨੂੰ ਮਾਰਨ ਲਈ ਹੀ ਜੇਲ੍ਹ ਤੋਂ ਭਜਿਆ ਹੈ। ਗੌਂਡਰ ਨਾਭਾ ਜੇਲ੍ਹ ਤੋਂ ਪਹਿਲਾਂ ਸਤੰਬਰ ਤਕ ਰੋਪੜ ਜੇਲ੍ਹ ਵਿਚ ਸੀ। ਉਸ ਦੇ ਨਾਲ ਬਾਉਂਸਰ ਗਗਨ ਵੀ ਸੀ। ਗਗਨ ਨੇ ਬਾਉਂਸਰ ਮੀਤ ‘ਤੇ ਹਮਲਾ ਕਰਨ ਲਈ ਸੈਕਟਰ-26 ਦੇ ਜਿਮ ਵਿਚ ਅਗਸਤ ਵਿਚ ਗੋਲੀਆਂ ਚਲਾਈਆਂ ਸਨ, ਜਿਸ ਵਿਚ ਬਾਉਂਸਰ ਅਖਿਲ ਜਖਮੀ ਹੋਇਆ ਸੀ। ਇਸ ਦਾ ਬਦਲਾ ਲੈਣ ਲਈ ਦਿਓਲ ਗਰੁੱਪ ਅਤੇ ਰਵੀਰਾਜ ਨੇ ਬਾਉਂਸਰ ਗਗਨ ‘ਤੇ ਰੋਪੜ ਜੇਲ੍ਹ ਵਿਚ ਹਮਲਾ ਕੀਤਾ। ਦੋਵੇਂ ਗਰੁੱਪ ਜੇਲ੍ਹ ਵਿਚ ਸਨ। ਗੌਂਡਰ ਨੇ ਜੇਲ੍ਹ ਵਿਚੋਂ ਹੀ ਫੇਸਬੁੱਕ ‘ਤੇ ਲਿਖਿਆ ਸੀ ਕਿ ਉਸ ‘ਤੇ ਜੋ ਹਮਲਾ ਹੋਇਆ ਹੈ, ਉਸ ਪਿਛੇ ਮੀਤ ਹੈ। ਉਦੋਂ ਤੋਂ ਦੋਵੇਂ ਗਰੁੱਪਾਂ ਵਿਚਾਲੇ ਟਕਰਾਅ ਹੈ। ਸਤੰਬਰ ਦੇ ਆਖ਼ਰੀ ਹਫ਼ਤੇ ਗੌਂਡਰ ਅਤੇ ਗਗਨ ਨੂੰ ਰੋਪੜ ਜੇਲ੍ਹ ਤੋਂ ਨਾਭਾ ਜੇਲ੍ਹ ਟਰਾਂਸਫਰ ਕੀਤਾ ਗਿਆ। ਜੇਲ੍ਹ ਸੁਪਰਡੈਂਟ ਨੇ ਲਿਖਿਆ ਸੀ ਕਿ ਦੋਵੇਂ ਗਰੁੱਪਾਂ ਦਾ ਇਕ ਹੀ ਜੇਲ੍ਹ ਵਿਚ ਰਹਿਣ ਨਾਲ ਕੁਝ ਵੀ ਹੋ ਸਕਦਾ ਹੈ। ਉਸ ਤੋਂ ਬਾਅਦ 6 ਨਵੰਬਰ ਨੂੰ ਮੀਤ ਗੈਂਗ ਤੇ ਸੋਨੂ ਸ਼ਾਹ ਵਿਚਾਲੇ ਮੋਹਾਲੀ ਫੇਜ਼-8 ਦੇ ਦੁਸਹਿਰਾ ਗਰਾਉਂਡ ਵਿਚ ਫਾਇਰਿੰਗ ਵੀ ਹੋਈ। ਉਦੋਂ ਤੋਂ ਮੀਤ ਫਰਾਰ ਸੀ। ਐਤਵਾਰ ਨੂੰ ਜਿਵੇਂ ਹੀ ਗੌਂਡਰ ਭੱਜਿਆ, ਮੀਤ ਗੈਂਗ ਵਿਚ ਖਲਬਲੀ ਮੱਚ ਗਈ। ਦਰਅਸਲ, ਗੌਂਡਰ ਅਤੇ ਗਗਨ ਇਕ ਹੀ ਬੈਰਕ ਵਿਚ ਸਨ। ਦੇਰ ਰਾਤ ਮੀਤ ਨੇ ਅਚਾਨਕ ਮੋਹਾਲੀ ਸੀ.ਆਈ.ਏ. ਸਟਾਫ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਪੁਲੀਸ ਨੇ ਉਸ ਦੀ ਗ੍ਰਿਫ਼ਾਤਰੀ ਮਨੀਮਾਜਰਾ ਸਥਿਤ ਉਸ ਦੇ ਘਰ ਕੋਲੋਂ ਦਿਖਾਈ। ਦੂਸਰੇ ਪਾਸੇ ਨਾਭਾ ਜੇਲ੍ਹ ਵਿਚ ਕੈਦ ਗਗਨ ਤੋਂ ਪੁਛਗਿਛ ਜਾਰੀ ਹੈ। ਕੁਝ ਦਿਨ ਪਹਿਲਾਂ ਫੇਸਬੁੱਕ ‘ਤੇ ਗਗਨ ਨੇ ਕਿਹਾ ਸੀ-ਜ਼ਮਾਨਤ ਕਰਵਾਓ, ਨਹੀਂ ਤਾਂ ਭੱਜ ਜਾਵਾਂਗਾ। ਜਵਾਲ ਮਿਲਿਆ ਜ਼ਮਾਨਤ ਹੋ ਜਾਵੇਗੀ। ਇਸਲਈ ਉਹ ਨਹੀਂ ਭੱਜਿਆ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਦਾ ਕਰੀਬੀ ਹੋਣ ਕਾਰਨ ਮੀਤ ‘ਤੇ ਕੇਸ ਦਰਜ ਨਹੀਂ ਹੋ ਰਿਹਾ ਸੀ। ਪਰ ਜਦੋਂ ਰੋਜ਼ਾਨਾ ਹਿੰਦੀ ਅਖ਼ਬਾਰ ਨੇ ਇਸ ਦਾ ਖ਼ੁਲਾਸਾ ਕੀਤਾ ਤਾਂ ਪੁਲੀਸ ਨੇ ਕੇਸ ਦਰਜ ਕਰ ਲਿਆ।

ਕੈਦੀ ਤਾਂ ਫੜੇ ਨਾ ਗਏ, ਪੁਲੀਸ ਨੇ ਐਨਕਾਉਂਟਰ ਕਰਕੇ ਬੇਕਸੂਰ ਲੜਕੀ ਨੂੰ ਹੀ ਮਾਰਿਆ
ਸਮਾਣਾ/ਬਿਊਰੋ ਨਿਊਜ਼ :
ਕੈਦੀਆਂ ਦੇ ਭੱਜਣ ਦਾ ਖਮਿਆਜ਼ਾ ਬੇਕਸੂਰ ਕੁੜੀ ਨੇਹਾ ਨੂੰ ਭੁਗਤਣਾ ਪਿਆ। ਚੀਕਾ ਰੋਡ ‘ਤੇ ਪੁਲੀਸ ਨੇ ਆਰਕੈਸਟਰਾ ਦੀ ਗੱਡੀ ‘ਤੇ ਇਸ ਲਈ ਫਾਇਰਿੰਗ ਕਰ ਦਿੱਤੀ, ਕਿਉਂਕਿ ਗੱਡੀ ਚਾਲਕ ਨੇ ਉਨ੍ਹਾਂ ਦੇ ਰੁਕਣ ਦੇ ਇਸ਼ਾਰੇ ‘ਤੇ ਗੱਡੀ ਥੋੜ੍ਹੀ ਅੱਗੇ ਰੋਕਣੀ ਚਾਹੀ। ਪੁਲੀਸ ਵਾਲਿਆਂ ਦਾ ਤਰਕ ਹੈ ਕਿ ਉਨ੍ਹਾਂ ਨੂੰ ਲੱਗਾ ਕਿ ਗੱਡੀ ਵਿਚ ਭੱਜੇ ਹੋਏ ਕੈਦੀ ਹਨ। ਜਦਕਿ ਗੱਡੀ ਚਾਲਕ ਤੇ ਆਰਕੈਸਟਰਾ ਗਰੁੱਪ ਦੇ ਮਾਲਕ ਸਰਬਜੀਤ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਗੱਡੀ ਭਜਾਈ ਨਹੀਂ। ਪੁਲੀਸ ਨੇ ਗੱਡੀ ਦੇ ਅੱਗਿਓਂ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਫਰੰਟ ਸੀਟ ‘ਤੇ ਬੈਠੀ ਨੇਹਾ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕੋਲੋਂ ਲੰਘ ਰਹੇ ਦਿੜਬਾ ਦੇ ਬ੍ਰਿਜਮੋਹਨ ਦੀ ਲੱਤ ‘ਤੇ ਗੋਲੀ ਲੱਗੀ, ਜਿਸ ਨੂੰ ਸਮਾਣਾ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਅਣਸੁਲਝੇ ਸਵਾਲ :
ਘਟਨਾ ਦਿਨ ਦੀ ਹੈ। ਰਾਤ ਦਾ ਸਮਾਂ ਨਹੀਂ ਸੀ ਕਿ ਕਾਰ ਵਿਚ ਬੈਠੇ ਲੋਕ ਪੁਲੀਸ ਨੂੰ ਦਿਖਾਈ ਨਹੀਂ ਦਿੱਤੇ ਕਿ ਔਰਤਾਂ ਹਨ ਜਾਂ ਮਰਦ?
ਕਾਰ ਦੇ ਸ਼ੀਸ਼ੇ ਕਾਲੇ ਨਹੀਂ ਸਨ, ਸ਼ੱਕ ਕਿਵੇਂ ਹੋ ਗਿਆ?
ਕਾਰ ਰੁਕਣ ਤੋਂ ਪਹਿਲਾਂ ਹੀ ਕਾਰ ਦੇ ਫਰੰਟ ਤੋਂ ਫਾਇਰਿੰਗ ਕਿਉਂ ਕੀਤੀ ਗਈ?
ਹੱਕ ਸੀ ਤਾਂ ਪਹਿਲਾਂ ਟਾਇਰਾਂ ਵਿਚ ਗੋਲੀ ਕਿਉਂ ਨਹੀਂ ਮਾਰੀ?

ਘਟਨਾ ਪਿਛੇ ਪਾਕਿਸਤਾਨ ਦਾ ਹੱਥ : ਸੁਖਬੀਰ ਬਾਦਲ
ਚੰਡੀਗੜ੍ਹ/ਬਿਊਰੋ ਨਿਊਜ਼ :
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਪਿਛੇ ਪਾਕਿਸਤਾਨ ਦਾ ਹੱਥ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਦੇਸੀ ਹੋਵੇ ਜਾਂ ਵਿਦੇਸ਼ੀ, ਪੰਜਾਬ ਸਰਕਾਰ ਇਸ ਨੂੰ ਹਰ ਹਾਲ ਵਿਚ ਨਾਕਾਮ ਕਰੇਗੀ। ਉਧਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮਾਮਲੇ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫ਼ੋਨ ‘ਤੇ 15 ਮਿੰਟ ਗੱਲਬਾਤ ਕਰਕੇ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਲਈ ਕਿਹਾ।

ਕੈਪਟਨ ਬੋਲੇ-ਗੈਂਗਸਟਰ ਦਾ ਇਸਤੇਮਾਲ ਕਰੇਗੀ ਸਰਕਾਰ :
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਦੀਆਂ ਦਾ ਇਸ ਤਰ੍ਹਾਂ ਭੱਜ ਜਾਣਾ ਸਰਕਾਰੀ ਰਜ਼ਾਮੰਦ ਦੇ ਬਿਨਾਂ ਸੰਭਵ ਨਹੀਂ ਹੋ ਸਕਦਾ। ਬਾਦਲ ਸਰਕਾਰ ਭਗੋੜੇ ਗੈਂਗਸਟਰਾਂ ਦਾ ਇਸਤੇਮਾਲ ਚੋਣਾਂ ਵਿਚ ਕਰ ਸਕਦੀ ਹੈ। ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਸੁਖਬੀਰ ਬਾਦਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।

ਹਫ਼ਤਾ ਭਰ ਪਹਿਲਾਂ ਹੀ ਪਤਾ ਚੱਲ ਚੁੱਕਾ ਸੀ-ਇਹ ਲੋਕ ਹੋਣਗੇ ਫਰਾਰ
ਨੀਟਾ ਤੇ ਗੌਂਡਰ ਗਿਰੋਹ ਨੇ ਵਾਇਸ ਕਾਲਿੰਗ ਨਾਲ ਰਚੀ ਸਾਜ਼ਿਸ਼
ਬਠਿੰਡਾ/ਬਿਊਰੋ ਨਿਊਜ਼ :
ਬਠਿੰਡਾ ਪੁਲੀਸ ਵਲੋਂ ਹਫਤਾ ਭਰ ਪਹਿਲਾਂ ਫੜੇ ਗਏ ਗੈਂਗਸਟਰ ਦੇ ਫ਼ੋਨ ਤੋਂ ਮਿਲੀ ਜਾਣਕਾਰੀ ‘ਤੇ ਧਿਆਨ ਦਿੱਤਾ ਜਾਂਦਾ ਤਾਂ ਨਾਭਾ ਤੋਂ ਅਪਰਾਧੀ ਭੱਜ ਨਹੀਂ ਸਕਦੇ ਸਨ। ਇਸ ਦੀ ਸਾਜ਼ਿਸ਼ ਜੇਲ੍ਹ ਵਿਚ ਬੰਦ ਵਿੱਕੀ ਗੌਂਡਰ ਤੇ ਨੀਟਾ ਦਿਓ ਨੇ ਰਚੀ ਸੀ। ਬਠਿੰਡਾ ਪੁਲੀਸ ਨੂੰ ਪਤਾ ਸੀ ਕਿ ਗੌਂਡਰ ਤੇ ਨੀਟਾ ਜੇਲ੍ਹ ਵਿਚ ਬੈਠੇ ਗਿਰੋਹ ਦੇ ਮੈਂਬਰਾਂ ਨੂੰ ਵਾਇਸ ਕਾਲਿੰਗ ਅਤੇ ਵੱਟਸਐਪ ਕਾਲ ਕਰ ਰਹੇ ਹਨ। 20 ਨਵੰਬਰ ਨੂੰ ਸੀ.ਆਈ.ਏ. ਨੇ 3 ਗੈਂਗਸਟਰਾਂ ਨੂੰ ਫੜਿਆ। ਇਨ੍ਹਾਂ ਵਿਚੋਂ ਇਕ ਦੇ ਫ਼ੋਨ ਤੋਂ ਕੁਲਪ੍ਰੀਤ, ਨੀਟਾ ਦਿਓਲ ਦੇ ਨਾਲ ਵਾਟਸਐਪ ‘ਤੇ ਗੱਲ ਹੋਈ। ਇਕ ਮਹੀਨਾ ਪਹਿਲਾਂ ਬਠਿੰਡਾ ਵਿਚ ਗ੍ਰਿਫ਼ਤਾਰ ਗੈਂਗਸਟਰ ਨਵਦੀਪ ਚੱਠਾ ਦੇ ਫ਼ੋਨ ਤੋਂ ਵੀ ਨਾਭਾ ਵਿਚ ਬੰਦ ਗੌਂਡਰ ਦਾ ਵਾਇਸ ਮੈਸੇਜ ਮਿਲਿਆ ਸੀ। ਸਿਰਫ਼ 7 ਦਿਨ ਬਾਅਦ ਗੈਂਗਸਟਰ ਏਨਾ ਵੱਡਾ ਕਰ ਦੇਣਗੇ, ਪੁਲੀਸ ਇਸ ਦਾ ਅੰਦਾਜ਼ਾ ਨਹੀਂ ਲਗਾ ਸਕੀ। ਪੁਲੀਸ ਗੌਂਡਰ ਤੇ ਨੀਟਾ ਦਾ ਮੋਬਾਈਲ ਬਰਾਮਦ ਕਰਕੇ ਜਾਂਚ ਕਰਦੀ ਤਾਂ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਜੇਲ੍ਹ ਬਰੇਕ ਨਾ ਹੁੰਦਾ।