ਐਨ.ਡੀ.ਟੀਵੀ ਦਫ਼ਤਰ ਤੇ ਪ੍ਰਨੌਇ ਰੌਇ ਦੇ ਘਰ ਸੀ.ਬੀ.ਆਈ. ਰੇਡ

ਐਨ.ਡੀ.ਟੀਵੀ ਦਫ਼ਤਰ ਤੇ ਪ੍ਰਨੌਇ ਰੌਇ ਦੇ ਘਰ ਸੀ.ਬੀ.ਆਈ. ਰੇਡ

ਨਵੀਂ ਦਿੱਲੀ/ਬਿਊਰੋ ਨਿਊਜ਼ :
ਸੇਬੀ ਤੋਂ ਸ਼ੇਅਰ ਲੈਣ-ਦੇਣ ਛੁਪਾਉਣ ਅਤੇ ਇਕ ਪ੍ਰਾਈਵੇਟ ਬੈਂਕ ਨੂੰ ਘਾਟਾ ਪਾਉਣ ਦੇ ਦੋਸ਼ ਵਿੱਚ ਸੀਬੀਆਈ ਨੇ ਐਨਡੀਟੀਵੀ ਦੇ ਬਾਨੀ ਪ੍ਰਨੌਇ ਰੌਇ ਦੇ ਘਰ ਅਤੇ ਦਫ਼ਤਰ ਵਿਚ ਛਾਪਾ ਮਾਰਿਆ। ਚੈਨਲ ਨੇ ਇਸ ਨੂੰ ‘ਉਹੀ ਪੁਰਾਣੇ’ ਝੂਠੇ ਦੋਸ਼ਾਂ ਉਤੇ ‘ਬਦਲਾਖ਼ੋਰੀ ਦੀ ਕਾਰਵਾਈ’ ਕਰਾਰ ਦਿੱਤਾ ਹੈ। ਸੀਬੀਆਈ ਨੇ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮ., ਪ੍ਰਨੌਇ ਰੌਇ, ਉਸ ਦੀ ਪਤਨੀ ਰਾਧਿਕਾ ਅਤੇ ਆਈਸੀਆਈਸੀਆਈ ਬੈਂਕ ਦੇ ਅਣਪਛਾਤੇ ਅਧਿਕਾਰੀਆਂ ਖ਼ਿਲਾਫ਼ ਅਪਰਾਧਕ ਸਾਜ਼ਿਸ਼, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਆਰਆਰਪੀਆਰ ਹੋਲਡਿੰਗਜ਼ ਨੇ ਜਨਤਾ ਤੋਂ ਐਨਡੀਟੀਵੀ ਦੇ 20 ਫ਼ੀਸਦ ਸ਼ੇਅਰ ਖਰੀਦਣ ਲਈ ਕਥਿਤ ਤੌਰ ‘ਤੇ ਇੰਡੀਆ ਬੁੱਲਜ਼ ਪ੍ਰਾਈਵੇਟ ਲਿਮ. ਤੋਂ ਪੰਜ ਸੌ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਸੀਬੀਆਈ ਨੇ ਦੋਸ਼ ਲਾਇਆ ਕਿ ਆਰਆਰਪੀਆਰ ਹੋਲਡਿੰਗਜ਼ ਨੇ ਇੰਡੀਆ ਬੁੱਲਜ਼ ਦੀ ਦੇਣਦਾਰੀ ਲਾਹੁਣ ਲਈ ਆਈਸੀਆਈ ਸੀਆਈ ਬੈਂਕ ਤੋਂ 19 ਫ਼ੀਸਦ ਸਾਲਾਨਾ ਦਰ ਉਤੇ 375 ਕਰੋੜ ਰੁਪਏ ਕਰਜ਼ਾ ਲਿਆ ਸੀ। ਐਨਡੀਟੀਵੀ ਦੇ ਪ੍ਰੋਮੋਟਰਾਂ ਨੇ ਇਸ ਲੋਨ ਦੀ ਗਾਰੰਟੀ ਵਜੋਂ ਐਨਡੀਟੀਵੀ ਵਿਚਲੇ ਸਾਰੇ ਸ਼ੇਅਰ ਆਈਸੀਆਈਸੀਆਈ ਬੈਂਕ ਕੋਲ ਰੱਖ ਦਿੱਤੇ ਪਰ ਇਸ ਬਾਰੇ ਸੇਬੀ, ਸਟਾਕ ਐਕਸਚੇਂਜਜ਼ ਅਤੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਏਜੰਸੀ ਨੇ ਦੱਸਿਆ ਕਿ 61 ਫ਼ੀਸਦ ਤੋਂ ਵੱਧ ਵੋਟਿੰਗ ਕੈਪੀਟਲ ਬਣਾਉਣ ਵਾਸਤੇ ਇਹ ਕਾਰਵਾਈ ਛੁਪਾਈ ਗਈ ਸੀ, ਜੋ ਬੈਂਕ ਰੈਗੂਲੇਸ਼ਨ ਐਕਟ ਦੀ ਧਾਰਾ 19 (2) ਦੀ ਉਲੰਘਣਾ ਹੈ। ਇਹ 30 ਫ਼ੀਸਦ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਆਈਸੀਆਈਸੀਆਈ ਵੱਲੋਂ ਇਕ ਵਾਰ 10 ਫ਼ੀਸਦ ਵਿਆਜ ਵੀ ਮੁਆਫ਼ ਕੀਤਾ ਗਿਆ। ਐਫਆਈਆਰ ਮੁਤਾਬਕ ਆਈਸੀਆਈਸੀਆਈ ਬੈਂਕ ਨੂੰ 48 ਕਰੋੜ ਰੁਪਏ ਦਾ ਘਾਟਾ ਪਿਆ, ਜਿਸ ਦੇ ਸਿੱਟੇ ਵਜੋਂ ਆਰਆਰਪੀਆਰ ਨੂੰ ਲਾਹਾ ਮਿਲਿਆ।
ਐਨਡੀਟੀਵੀ ਨੇ ਇਕ ਬਿਆਨ ਜਾਰੀ ਕੀਤਾ, ‘ਐਨਡੀਟੀਵੀ ਤੇ ਇਸ ਦੇ ਪ੍ਰੋਮੋਟਰਾਂ ਨੂੰ ਪ੍ਰੇਸ਼ਾਨ ਕਰਨ ਲਈ ਸੀਬੀਆਈ ਨੇ ਉਹੀ ਪੁਰਾਣੇ ਕਦੇ ਨਾ ਖ਼ਤਮ ਹੋਣ ਵਾਲੇ ਝੂਠੇ ਦੋਸ਼ਾਂ ਉਤੇ ਕਾਰਵਾਈ ਕੀਤੀ। ਐਨਡੀਟੀਵੀ ਤੇ ਇਸ ਦੇ ਪ੍ਰੋਮੋਟਰ ਵੱਖ ਵੱਖ ਏਜੰਸੀਆਂ ਦੀ ਇਸ ਬਦਲਾਖੋਰੀ ਵਾਲੀ ਕਾਰਵਾਈ ਖ਼ਿਲਾਫ਼ ਲੜਨਗੇ। ਭਾਰਤ ਵਿੱਚ ਬੋਲਣ ਦੇ ਹੱਕ ਅਤੇ ਜਮਹੂਰੀਅਤ ਨੂੰ ਦੱਬਣ ਵਾਲੇ ਯਤਨਾਂ ਅੱਗੇ ਅਸੀਂ ਝੁਕਾਂਗੇ ਨਹੀਂ।’  ਸੂਚਨਾ ਤੇ ਪ੍ਰਸਾਰਨ ਮੰਤਰੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਰੌਇ ਦੇ ਘਰ ‘ਤੇ ਸੀਬੀਆਈ ਦੇ ਛਾਪੇ ਵਿੱਚ ਕੋਈ ਸਿਆਸੀ ਦਖ਼ਲ ਨਹੀਂ ਹੈ ਅਤੇ ਇਹ ਕਾਰਵਾਈ ਕਾਨੂੰਨ ਮੁਤਾਬਕ ਹੋਈ ਹੈ।