‘ਗੁਜਰਾਤ ਫਾਈਲਜ਼’ ਨੂੰ ਸਿੱਖ ’84 ਦੇ ਕਤਲੇਆਮ ਨਾਲ ਜੋੜ ਕੇ ਮਹਿਸੂਸ ਕਰਦੇ ਹਨ : ਰਾਣਾ ਅਯੂਬ
ਚੰਡੀਗੜ੍ਹ/ਬਿਊਰੋ ਨਿਊਜ਼ :
‘ਮੇਰੀ ਕਿਤਾਬ ‘ਗੁਜਰਾਤ ਫਾਈਲਜ਼’ ਪੜ੍ਹ ਕੇ ਉਥੇ ਵਾਪਰੀਆਂ ਘਟਨਾਵਾਂ ਨੂੰ ਸਿੱਖ 1984 ਦੇ ਕਤਲੇਆਮ ਨਾਲ ਜੋੜ ਕੇ ਮਹਿਸੂਸ ਕਰਦੇ ਹਨ।” ਇਹ ਕਹਿਣਾ ਹੈ ਪੱਤਰਕਾਰ ਤੇ ਲੇਖਕਾ ਰਾਣਾ ਅਯੂਬ ਦਾ। ਰਾਣਾ ਆਯੂਬ ਐਤਵਾਰ ਨੂੰ ਚੰਡੀਗੜ੍ਹ ਦੇ ਸਾਹਿਤਕ ਚਿੰਤਨ ਵਲੋਂ ‘ਗੁਜਰਾਤ ਫਾਈਲਜ਼’ ‘ਤੇ ਕਰਵਾਈ ਚਰਚਾ ਵਿਚ ਹਿੱਸਾ ਲੈਣ ਆਈ ਸੀ। ਇਹ ਰਾਣਾ ਆਯੂਬ ਦੀ ਦਲੇਰੀ ਹੈ, ਜਿਸ ਨੇ ਗੁਜਰਾਤ ਵਿਚ ਕਰੀਬ 8 ਮਹੀਨੇ ਆਪਣੀ ਪਛਾਣ ਬਦਲ ਕੇ ਗੁਪਤ ਢੰਗ ਨਾਲ ਉਥੇ ਵਾਪਰੇ 2002 ਦੇ ਦੰਗਿਆਂ ਦਾ ਸੱਚ, ਜਿਸ ਕਾਰਨ ਭਾਜਪਾ ਪ੍ਰਧਾਨ ਤੇ ਉਸ ਵੇਲੇ ਦੇ ਸੂਬਾਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਿੰਨ ਸਾਲ ਦੀ ਜੇਲ੍ਹ ਵੀ ਹੋਈ, ਫਰਜ਼ੀ ਮੁਕਾਬਲਿਆਂ ਦੀ ਦਾਸਤਾਨ ਇਸ ਕਿਤਾਬ ਰਾਹੀਂ ਜ਼ਾਹਰ ਕੀਤੀ ਹੈ। ਰਾਣਾ ਅਯੂਬ ਨੇ ਇਸ ਮੌਕੇ ਦੱਸਿਆ ਕਿ ਉਸ ਦੀ ਕਿਤਾਬ ਪੰਜਾਬੀ ਸਮੇਤ ਕਰੀਬ 18 ਭਾਸ਼ਾਵਾਂ ਵਿਚ ਅਨੁਵਾਦ ਹੋਈ ਹੈ। ਪੰਜਾਬੀ ਵਿਚ ਆਉਣ ਮਗਰੋਂ ਸਿੱਖ ਇਹ ਕਿਤਾਬ ਪੜ੍ਹ ਕੇ ਬੇਹੱਦ ਭਾਵੁਕ ਹੋਏ ਹਨ ਕਿਉਂਕਿ ਉਨ੍ਹਾਂ ਨੇ 1984 ਦੌਰਾਨ ਦੇਸ਼ ਭਰ ਵਿਚ ਵੱਡੇ ਪੱਧਰ ‘ਤੇ ਹੋਏ ਸਿੱਖ ਕਤਲੇਆਮ ਵਾਂਗ ਹੀ ਗੁਜਰਾਤ ਦੰਗਿਆਂ ਨੂੰ ਮਹਿਸੂਸ ਕੀਤਾ ਹੈ। ਰਾਣਾ ਅਯੂਬ ਨੂੰ ਆਪਣੇ ਕੰਮ ‘ਤੇ ਭਰੋਸਾ ਹੈ ਤੇ ਚਾਹੁੰਦੀ ਹੈ ਕਿ ਇਹ ਸੱਚ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ। ਲੋਕ ਸੱਤਾ ਦੇ ਖੂਨੀ ਪੰਜਿਆਂ ਦਾ ਸੱਚ ਸੋਚਣ-ਸਮਝਣ ਦੇ ਸਮਰਥ ਹੋਣ। ਉਸ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਕ ਬਜ਼ੁਰਗ ਔਰਤ ਉਸ ਦੇ ਗਲ ਲੱਗ ਕੇ ਰੋ ਪਈ ਕਿਉਂਕਿ ਉਸ ਨੂੰ ਕਿਤਾਬ ਪੜ੍ਹ ਕੇ ਸਿੱਖ ਕਤਲੇਆਮ ਦੌਰਾਨ ਆਪਣੇ ਖ਼ੁਦ ‘ਤੇ ਬੀਤੀ ਯਾਦ ਆ ਗਈ।
ਸਾਹਿਤ ਚਿੰਤਨ ਚੰਡੀਗੜ੍ਹ ਨੇ ਰਾਣਾ ਅਯੂਬ ਦੀ ਬੂਟਾ ਸਿੰਘ ਵਲੋਂ ਪੰਜਾਬੀ ਵਿਚ ਅਨੁਵਾਦਤ ਪੁਸਤਕ ‘ਗੁਜਰਾਤ ਫਾਈਲਾਂ’ਦੇ ਲੋਕ ਅਰਪਣ ਲਈ ਕਰਵਾਏ ਸਮਾਗਮ ਦੀ ਪ੍ਰਧਾਨਗੀ ਲੇਖਕ ਨਿਰਪਿੰਦਰ ਸਿੰਘ ਰਤਨ ਨੇ ਕੀਤੀ।
ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਿਖੇ ਸਾਹਿਤ ਚਿੰਤਨ ਚੰਡੀਗੜ੍ਹ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ ਦੀ ਅਗਵਾਈ ਹੇਠ ਕਰਵਾਈ ਗਏ ਇਸ ਸਮਾਗਮ ਵਿਚ ਬੁੱਧੀਜੀਵੀ ਲੇਖਕਾਂ ਤੇ ਸ਼ਾਇਰਾਂ ਨੇ ਭਰਵੀਂ ਸ਼ਿਰਕਤ ਕੀਤੀ। ਗੁਜਰਾਤ ਦੇ ਫਸਾਦਾਂ ਤੇ ਫਰਜ਼ੀ ਪੁਲੀਸ ਮੁਕਾਬਲਿਆਂ ਦਾ ਪਰਦਾਫਾਸ਼ ਕਰਦੀ ਇਸ ਪੁਸਤਕ ‘ਤੇ ਚਰਚਾ ਕਰਦਿਆਂ ਪ੍ਰੋ. ਮੋਨਿਕਾ ਕੁਮਾਰ ਨੇ ਕਿਹਾ ਕਿ ਭਾਰਤੀ ਲੋਕਤੰਤਰ
ਅੰਦਰ ਅਫਸਰਸ਼ਾਹੀ/ਪੁਲੀਸ ਦੀਆਂ ਨੈਤਿਕ ਕਦਰਾਂ ਕੀਮਤਾਂ ਵਿਚ ਬਹੁਤ ਨਿਘਾਰ ਆ ਗਿਆ ਹੈ। ਪ੍ਰੋ. ਹਰਕ੍ਰਿਸ਼ਨ ਮਹਿਤਾ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਜਾਤੀ ਪ੍ਰਥਾ ਕਾਰਨ ਧਰੁਵੀਕਰਨ ਸਾਡੇ ਸਮਾਜ ‘ਤੇ ਇੱਕ ਹੋਰ ਕਲੰਕ ਹੈ। ਇਸ ਮੌਕੇ ‘ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਸਿਰੀ ਰਾਮ ਅਰਸ਼ ਨੇ ਕਿਹਾ ਕਿ ਲੇਖਿਕਾ ਨੇ ਸੱਚ ਦੀਆਂ ਤੈਹਾਂ ਫਰੋਲੀਆਂ ਹਨ। ਪ੍ਰੋ. ਨਿਰਮਲ ਦੱਤ, ਅਭੈ ਸਿੰਘ, ਤਾਰਨ ਗੁਜਰਾਲ, ਦਿਲਜੀਤ ਸਿੰਘ ਸਰਾਂ ਤੇ ਮੇਘਰਾਜ ਮਿੱਤਰ ਨੇ ਵੀ ਪੁਸਤਕ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸ਼ਿਵਨਾਥ ਨੇ ਰਾਣਾ ਅਯੂਬ ਬਾਰੇ ਅਪਣੀ ਕਵਿਤਾ ਪੜ੍ਹੀ।
ਅਖ਼ੀਰ ਵਿੱਚ ਪੁਸਤਕ ਦੀ ਲੇਖਿਕਾ ਮਿਸ ਰਾਣਾ ਅਯੂਬ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਨਿਰਮਲ ਦੱਤ ਦੀ ਟਿਪਣੀ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਖੂਬਸੂਰਤ ਕੁੜੀਆਂ ਨਾਲ ਮਸਲੇ ਹੱਲ ਹੋਣੇ ਹੁੰਦੇ ਤਾਂ ਇਹ ਕਹਿਰ ਨਾ ਵਾਪਰਦੇ। ਉਨ੍ਹਾਂ ਅਜਿਹੀ ਬੇਸਿਰ ਪੈਰ ਸੋਚ ਵਾਲੇ ਟਿਪਣੀਕਾਰਾਂ ਦਾਂ ਮਾਨਸਿਕਤਾ ਬਾਰੇ ਖੇਦ ਪ੍ਰਗਟਾਉਂਦਿਆਂ ਕਿਹਾ ਕਿ ਅਸੀਂ ਬਾਹਰਲੇ ਲੋਕਾਂ ਨਾਲ ਤਾਂ ਲੜ ਸਕਦੇ ਹਨ ਪਰ ਸੰਕੀਰਨ ਸੋਚ ਵਾਲੇ ਆਪਣੇ ਬੰਦਿਆਂ ਨਾਲ ਲੜਨਾ ਬਹੁਤ ਮੁਸ਼ਕਲ ਹੈ।
ਸਮਾਰੋਹ ਦੇ ਪ੍ਰਧਾਨਗੀ ਭਾਸ਼ਣ ਵਿਚ ਨਰਪਿੰਦਰ ਸਿੰਘ ਰਤਨ ਨੇ ਕਿਹਾ ਕਿ ਲੋਕਤੰਤਰ ਵਿਚ ਫਾਸੀਵਾਦ ਵਰਗੇ ਵਰਤਾਰੇ ਅਚੰਭਾ ਨਹੀਂ ਹਨ। ਸਮਾਗਮ ਵਿਚ ਬੁੱਧੀਜੀਵੀ, ਲੇਖਕਾਂ, ਸ਼ਾਇਰਾਂ ਵਿਚ ਸਿੱਖ ਚਿੰਤਕ ਸ. ਅਜਮੇਰ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਚੰਚਲ ਮਨੋਹਰ ਸਿੰਘ, ਡਾ. ਮੇਘਾ ਸਿੰਘ, ਜਸਵੀਰ ਮੰਡ, ਡਾ. ਹਰਬੰਸ ਕੌਰ ਗਿੱਲ, ਪ੍ਰੋ. ਸਵਰਨਜੀਤ ਕੌਰ ਮਹਿਤਾ, ਪ੍ਰੋ. ਅਜਮੇਰ ਸਿੰਘ, ਪਰਦੇਵ ਸਿੰਘ ਉਪਲ, ਦੀਪਤੀ ਬਬੂਟਾ, ਪਰਮਿੰਦਰ ਗਿੱਲ ਤੋਂ ਇਲਾਵਾ ਡਾ. ਜਗਦੀਸ਼ ਚੰਦਰ, ਸੈਮੂਅਲ ਜੌਨ, ਪ੍ਰੋ. ਦਿਲਬਾਗ ਸਿੰਘ, ਬਲਜਿੰਦਰ ਕੌਰ, ਜੈਪਾਲ, ਭਜਨਬੀਰ ਸਿੰਘ, ਜਰਨੈਲ ਕ੍ਰਾਂਤੀ, ਮਿੰਨੀ ਸਰਕਾਰੀਆ, ਅਮਰਜੀਤ ਕੌਰ ਹਿਰਦੇ, ਡਾ. ਰਮਾ ਰਤਨ ਦੇ ਨਾਲ-ਨਾਲ ਡਾ. ਦਵਿੰਦਰ ਬੋਹਾ, ਦਵੀ ਦਵਿੰਦਰ ਕੌਰ, ਜਸਵੀਰ ਸਮਰ ਨੇ ਵੀ ਭਾਗ ਲਿਆ। ਸਮਾਗਮ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਵੱਲੋਂ ਨਿਭਾਈ ਗਈ।
ਅਖੌਤੀ ਗੁਜਰਾਤ ਮਾਡਲ ਦੇ ਝੰਡਾ ਬਰਦਾਰਾਂ ਮੋਦੀ-ਅਮਿਤ ਸ਼ਾਹ ਜੋੜੀ
ਦੇ ਅਸਲੀ ਕਿਰਦਾਰ ਨੂੰ ਉਜਾਗਰ ਕਰਦੀ ਦਲੇਰਾਨਾ ਲਿਖਤ
ਗੁਜਰਾਤ ਫਾਈਲਜ਼
ਭਾਰਤ ਦੀ ਨਰਿੰਦਰ ਮੋਦੀ ਸਰਕਾਰ ਜਦੋਂ ਆਪਣੇ ਦੋ ਸਾਲ ਪੂਰੇ ਕਰਨ ਦੇ ਜਸ਼ਨ ਇੰਡੀਆ ਗੇਟ ਉਪਰ ਮਨਾ ਰਹੀ ਸੀ, ਦਿੱਲੀ ਦੇ ਹੈਬੀਟੈਟ ਸੈਂਟਰ ਵਿਚ ਗੁਜਰਾਤ ਕਤਲੋਗ਼ਾਰਤ ਉਪਰ ‘ਤਹਿਲਕਾ’ ਦੀ ਸਾਬਕਾ ਪੱਤਰਕਾਰ ਰਾਣਾ ਅਯੂਬ ਦੀ ਕਿਤਾਬ ਰਿਲੀਜ਼ ਹੋ ਰਹੀ ਸੀ। ਵਿਕੇ ਹੋਏ ਭਾਰਤੀ ਮੀਡੀਆ ਲਈ ਇਹ ਕੋਈ ਖ਼ਬਰ ਨਹੀਂ ਬਣੀ। ਦਰਬਾਰੀ ਦਾ ਰੋਲ ਨਿਭਾ ਰਹੇ ਭਾਰਤੀ ਮੀਡੀਆ ਵਿਚ ਇੰਨੀ ਵੀ ਤਾਕਤ ਨਹੀਂ ਹੈ ਕਿ ਉਹ ਮੋਦੀ ਦੇ ਖ਼ਿਲਾਫ਼ ਕੁਝ ਲਿਖ-ਬੋਲ ਸਕੇ। ਉਹ ਵਿਰੋਧੀ ਧਿਰ ਦੇ ਖ਼ਿਲਾਫ਼ ਖ਼ੂਬ ਲਿਖ-ਬੋਲ ਸਕਦਾ ਹੈ, ਲੇਕਿਨ ਜਦੋਂ ਉਹੀ ਵਿਰੋਧੀ ਧਿਰ, ਸੱਤਾਧਾਰੀ ਧਿਰ ਹੋ ਜਾਵੇ ਤਾਂ ਉਹ ਉਸ ਦੇ ਅੱਗੇ ਹਥਿਆਰ ਸੁੱਟਣ ਵਿਚ ਹੀ ਭਲਾਈ ਸਮਝਦਾ ਹੈ। ਰਾਣਾ ਅਯੂਬ ਨੇ ਤਮਾਮ ਦਬਾਵਾਂ ਦੇ ਬਾਵਜੂਦ ਜਿਸ ਦਲੇਰੀ ਨਾਲ ਇਸ ਕਿਤਾਬ ਨੂੰ ਛਾਪਿਆ ਹੈ, ਉਸ ਦੀ ਦਾਦ ਦੇਣੀ ਬਣਦੀ ਹੈ।
ਆਪਣੇ ਮੀਡੀਆ ਅੰਕ ਲਈ ਜਦੋਂ ਮੈਂ ਅਰਨਬ ਗੋਸਵਾਮੀ ਨਾਲ ਇਕ ਵਾਰ ‘ਕਾਰਵਾਂ’ ਰਸਾਲੇ ਨੇ ਇੰਟਰਵਿਊ ਕਰਨ ਦਾ ਯਤਨ ਕੀਤਾ ਤਾਂ ਉਸ ਵਕਤ ਅਰਨਬ ਨੇ ਜੋ ਜਵਾਬ ਦਿੱਤਾ ਸੀ, ਉਹ ਅਜੇ ਤਕ ਚੇਤੇ ਹੈ- ਜਰਨਲਿਸਟਸ ਆਰ ਨਾਟ ਸਟੋਰੀਜ਼, ਯਾਨੀ ਪੱਤਰਕਾਰ ਖ਼ੁਦ ਖ਼ਬਰ ਨਹੀਂ ਹੁੰਦੇ। ਅਰਨਬ ਦੀ ਪੱਤਰਕਾਰੀ ਉਪਰ ਨਿਸ਼ਚੇ ਹੀ ਸਵਾਲ ਹੋ ਸਕਦੇ ਹਨ, ਲੇਕਿਨ ਐਸਾ ਸਵੈ-ਸੰਜਮ ਬੁਨਿਆਦੀ ਕਿਸਮ ਦੀ ਇਮਾਨਦਾਰੀ ਦੀ ਮੰਗ ਕਰਦਾ ਹੈ ਜਿਥੇ ਪੱਤਰਕਾਰ ਲਈ ਖ਼ਬਰ ਤੋਂ ਜ਼ਿਆਦਾ ਅਹਿਮ ਕੁਝ ਨਹੀਂ ਹੈ, ਆਪਣੀ ਜ਼ਿੰਦਗੀ ਵੀ ਨਹੀਂ। ਇਹ ਵੱਖਰੀ ਗੱਲ ਹੈ ਕਿ ਇੰਡੀਆ ਹੈਬੀਟੈਟ ਸੈਂਟਰ ਵਿਚ ਪੱਤਰਕਾਰ ਰਾਣਾ ਅਯੂਬ ਦੀ ਕਿਤਾਬ ‘ਗੁਜਰਾਤ ਫਾਈਲਜ਼’ ਦਾ ਰਿਲੀਜ਼ ਸਮਾਗਮ ਅਰਨਬ ਸਮੇਤ ਕਿਸੇ ਵੀ ਮੀਡੀਆ ਸੰਸਥਾ ਲਈ ਖ਼ਬਰ ਸੀ ਨਹੀਂ ਬਣਿਆ।
ਜਿਨ੍ਹਾਂ ਲਈ ਇਹ ਸਮਾਗਮ ਮਾਇਨੇ ਰੱਖਦਾ ਸੀ, ਉਹ ਉਥੇ ਮੌਜੂਦ ਸਨ; ਉਨ੍ਹਾਂ ਦੀ ਦਿਲਚਸਪੀ ਵੀ ਇਸ ਕਿਤਾਬ ਜਾਂ ਇਸ ਦੀ ਸਮੱਗਰੀ ਵਿਚ ਉਨੀ ਨਹੀਂ ਸੀ ਜਿੰਨੀ ਰਾਣਾ ਅਯੂਬ ਦੀ ‘ਰਚਨਾਕਾਰੀ’ ਜਾਂ ਸਿਰਜਣ ਪ੍ਰਕਿਰਿਆ ਵਿਚ ਸੀ। ਇਹ ਦੌਰ ਹੀ ਅਜਿਹਾ ਹੈ ਜਿਥੇ ਕੋਈ ਵੀ ਸਾਹਸੀ ਜਾਂ ਅਸਾਧਾਰਨ ਕਾਰਵਾਈ ਵਿਅਕਤੀ ਕੇਂਦਰਤ ਹੋ ਜਾਂਦੀ ਹੈ। ਨਰਿੰਦਰ ਮੋਦੀ ਧਾਰਨਾ ਦੇ ਪੱਧਰ ‘ਤੇ ਮੁਲਕ ਨੂੰ ਦੋ ਪਾਲਿਆਂ ਵਿਚ ਵੰਡਦਾ ਹੈ, ਬੇਸ਼ਕ ਇਹੀ ਕੰਮ ਅਰਨਬ ਵੀ ਕਰਦਾ ਹੈ ।
ਰਾਣਾ ਦੀ ਕਥਾ ਵਿਚ ਉਸ ਨੂੰ ਲਗਾਤਾਰ ਛਾਪਣ ਵਾਲੇ ਤਰੁਣ ਤੇਜਪਾਲ ਅਤੇ ਸ਼ੋਮਾ ਚੌਧਰੀ, ਉਸ ਨੂੰ ਛਾਪਣ ਤੋਂ ਨਾਂਹ ਕਰਨ ਵਾਲੇ 12 ਪ੍ਰਕਾਸ਼ਕ, ਉਸ ਦਾ ਸਟਿੰਗ ਪ੍ਰਸਾਰਤ ਕਰਨ ਤੋਂ ਨਾਂਹ ਕਰਨ ਵਾਲੀ ਹਰ ਮੀਡੀਆ ਸੰਸਥਾ, ਪ੍ਰੋਗਰਾਮ ਵਿਚ ਆਉਣ ਦਾ ਵਾਅਦਾ ਕਰ ਕੇ ਆਖ਼ਰੀ ਵਕਤ ਛੁੱਟੀ ਮਨਾਉਣ ਦਾ ਬਹਾਨਾ ਕਰਨ ਵਾਲੀਆਂ ਸ਼ਖਸੀਅਤਾਂ (ਅਤੇ ਸਬਾ ਨਕਵੀ ਦੇ ਸਵਾਲ ਉਪਰ ਟਾਲ-ਮਟੋਲ ਕਰਨ ਵਾਲੇ ਰਾਜਦੀਪ ਸਰਦੇਸਾਈ ਵੀ) ‘ਐਂਟੈਗੋਨਿਸਟ’ ਯਾਨੀ ਵਿਰੋਧੀ ਬਣ ਕੇ ਉਭਰਦੇ ਹਨ। ਦਰਅਸਲ, ਜਦੋਂ ਰਾਣਾ ਬੇਹੱਦ ਭਾਵੁਕ ਹੋਈ ਭਰੇ ਮਨ ਨਾਲ ਕਹਿੰਦੀ ਹੈ ਕਿ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਇਨ੍ਹਾਂ ਵਰ੍ਹਿਆਂ ਵਿਚ ਉਸ ਦਾ ਸਾਥ ਨਹੀਂ ਦਿੱਤਾ, ਤਾਂ ਇਹ ਕਹਿ ਕੇ ਉਹ ਨਾ ਕੇਵਲ ਪੱਤਰਕਾਰੀ ਦੀ, ਬਲਕਿ ਉਸ ਵਿਆਪਕ ਲਿਬਰਲ ਸਮਾਜ ਦੀ ਪਾਲਾਬੰਦੀ ਕਰ ਦਿੰਦੀ ਹੈ ਜਿਸ ਦੀ ਗੁਜਰਾਤ-2002 ਬਾਰੇ ਧਾਰਨਾ ਉਸ ਤੋਂ ਅਲੱਗ ਨਹੀਂ। ਜਦੋਂ ਵੀ ਕੋਈ ਪੱਤਰਕਾਰ ਖ਼ਬਰ ਬਣਦਾ ਹੈ, ਤਾਂ ਇਉਂ ਹੀ ਹੁੰਦਾ ਹੈ।
‘ਗੁਜਰਾਤ ਫਾਈਲਜ਼’ ਦੀ ਭੂਮਿਕਾ ਵਿਚ ਰਾਣਾ ਅਯੂਬ ਆਪਣੇ ਇਕ ਸਾਬਕਾ ਸੰਪਾਦਕ ਦਾ ਜ਼ਿਕਰ ਕਰਦੀ ਹੈ ਜਿਸ ਦੀ ਕਹੀ ਗੱਲ ਉਸ ਨੂੰ ਅਜੇ ਤਕ ਚੇਤੇ ਹੈ, ”ਇਕ ਚੰਗੇ ਪੱਤਰਕਾਰ ਨੂੰ ਸਟੋਰੀ ਤੋਂ ਖ਼ੁਦ ਨੂੰ ਨਿਰਲੇਪ ਰੱਖਣ ਦੀ ਕਲਾ ਸਿੱਖਣੀ ਚਾਹੀਦੀ ਹੈ ਅਤੇ ਵਿਹਾਰਕ ਹੋਣਾ ਚਾਹੀਦਾ ਹੈ।” ਉਹ ਕਹਿੰਦੀ ਹੈ ਕਿ ‘ਮੈਨੂੰ ਅਫ਼ਸੋਸ ਹੈ ਕਿ ਅੱਜ ਤਕ ਮੈਂ ਇਹ ਕਲਾ ਸਿੱਖ ਨਹੀਂ ਸਕੀ’ ਅਤੇ ਅਗਲੀ ਹੀ ਸਤਰ ਵਿਚ ਉਹ ਇਸ ਦਾ ਇਕ ਸਿਆਸੀ ਪਾਸਾਰ ਖੋਜ ਲੈਂਦੀ ਹੈ ਕਿ ‘ਅਕਸਰ ਇਸ ਬਹਾਨੇ ਨੂੰ ਲੈ ਕੇ ਕਾਰਪੋਰੇਟ ਅਤੇ ਸਿਆਸੀ ਤਾਕਤਾਂ ਦੀ ਸ਼ਹਿ ‘ਤੇ ਕਿਸੇ ਖ਼ਬਰ ਨੂੰ ਮਾਰਨ ਦਾ ਕੰਮ ਕੀਤਾ ਜਾਂਦਾ ਹੈ।’ ਜ਼ਾਹਰ ਹੈ, ਮਾਮਲਾ ਸਿੱਖ ਨਾ ਸਕਣ ਦਾ ਨਹੀਂ ਹੈ, ਬਲਕਿ ਆਪਣੇ ਸਾਬਕਾ ਸੰਪਾਦਕ ਦੇ ਕਥਨ ਨਾਲ ਇਸ ਦਾ ਸਿਧਾਂਤਕ ਮੱਤਭੇਦ ਹੈ। ਦਰਅਸਲ, ਇਹ ਅਜਿਹਾ ਆਤਮ-ਸੰਘਰਸ਼ ਹੈ ਜੋ ਬਹੁਤ ਪੁਰਾਣਾ ਹੈ। ਸੱਚ ਕਹਿਣ ਬਦਲੇ ਮਾਰ ਦਿੱਤੇ ਗਏ ਸੁਕਰਾਤ ਤੋਂ ਲੈ ਕੇ ਫਿਲਮ ‘ਵੇਟਿੰਗ’ ਤਕ ਫੈਲੇ ਹਜ਼ਾਰਾਂ ਰੂਹਾਂ ਦੇ ਮਨੁੱਖੀ ਇਤਿਹਾਸ ਵਿਚ ਬਦਲਾਓ ਦੇ ਕਿਸੇ ਵੀ ‘ਏਜੰਟ’ ਦਾ ਇਹ ਆਤਮ-ਸੰਘਰਸ਼ ਤੁਸੀਂ ਖ਼ੁਦ ਦੇਖ ਸਕਦੇ ਹੋ।
ਇਹ ਸੰਕਟ ਇਕੱਲੀ ਪੱਤਰਕਾਰੀ ਦਾ ਨਹੀਂ ਹੈ, ਇਹ ਸੰਕਟ ਸੱਚ ਕਹੇ ਜਾਣ ਦੇ ਵਜੂਦ ਸਮੋਇਆ ਹੋਇਆ ਹੈ। ਮਸਲਨ, ਅਨੂ ਮੈਨਨ ਦੀ ਫਿਲਮ ‘ਵੇਟਿੰਗ’ ਵਿਚ ਸੀਨੀਅਰ ਡਾਕਟਰ (ਰਜਤ ਕਪੂਰ) ਆਪਣੇ ਜੂਨੀਅਰ ਨੂੰ ਸਮਝਾਉਂਦਾ ਹੈ ਕਿ ”ਸਾਡਾ ਕੰਮ ਮਰੀਜ਼ ਦੇ ਦੁੱਖ ਵਿਚ ਸਹਿਭਾਗੀ ਬਣਨਾ ਨਹੀਂ ਹੈ।” ਫਿਰ ਉਹ ਉਸ ਨੂੰ ਦੱਸਦਾ ਹੈ ਕਿ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਸੱਚ ਕਿਵੇਂ ਦੱਸਿਆ ਜਾਵੇ- ਉਸ ਵਿਚ ਕਿੰਨਾ ਅਭਿਨੈ ਹੋਵੇ ਅਤੇ ਕਿੰਨਾ ਸੱਚ।
ਰਾਣਾ ਅਯੂਬ ਦੀ ‘ਗੁਜਰਾਤ ਫਾਈਲਜ਼’ ਦਰਅਸਲ ਸੱਚ ਕਹਿਣ ਅਤੇ ਸੱਚ ਨੂੰ ਇਸਤੇਮਾਲ ਕਰਨ ਦੇ ਸੰਘਰਸ਼ ਦੀ ਮਿਸਾਲ ਹੈ। ਬੁਨਿਆਦੀ ਸਵਾਲ ਅਜੇ ਵੀ ਬਾਕੀ ਹੈ ਕਿ ਸੱਚ ਕੀ ਹੈ? ਕੀ ਰਾਣਾ ਦੇ ਲਿਖੇ ਨੂੰ ਸੱਚ ਮੰਨ ਲਿਆ ਜਾਵੇ? ਇਸ ਦਾ ਜਵਾਬ ਸਾਨੂੰ ਇਸ ਕਿਤਾਬ ਦਾ ਮੁੱਖਬੰਦ ਲਿਖਣ ਵਾਲੇ ਜਸਟਿਸ ਕ੍ਰਿਸ਼ਨਾ ਦੇ ਉਸ ਵਾਕ ਵਿਚ ਮਿਲ ਸਕਦਾ ਹੈ, ”ਹੋ ਸਕਦਾ ਹੈ ਕਿ ਇਸ ਕਿਤਾਬ ਵਿਚ ਜੋ ਕਿਹਾ ਗਿਆ ਹੈ, ਉਸ ਨੂੰ ਤੁਸੀਂ ਵੈਲੀਡੇਟ ਕਰਨ ਦੀ ਹਾਲਤ ਵਿਚ ਨਾ ਹੋਵੋ, ਲੇਕਿਨ ਤੁਸੀਂ ਉਸ ਦਲੇਰੀ ਅਤੇ ਸ਼ਿੱਦਤ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕਦੇ ਜਿਸ ਦਾ ਮੁਜ਼ਾਹਰਾ ਇਸ ਲੇਖਿਕਾ ਨੇ ਉਸ ਚੀਜ਼ ਨੂੰ ਦੁਹਰਾਉਣ ਦੇ ਯਤਨ ਵਿਚ ਕੀਤਾ ਹੈ ਜਿਸ ਨੂੰ ਉਹ ਆਪ ਸੱਚ ਮੰਨਦੀ ਹੈ। ਲਗਾਤਾਰ ਵਧਦੀ ਹੋਈ ਬੇਈਮਾਨੀ, ਛਲ- ਕਪਟ ਅਤੇ ਸਿਆਸੀ ਹੱਥਕੰਡਿਆਂ ਦੇ ਦੌਰ ਵਿਚ ਖੋਜੀ ਪੱਤਰਕਾਰੀ ਦੇ ਰਾਣਾ ਦੇ ਇਸ ਯਤਨ ਨੂੰ ਅਤੇ ਉਸ ਨੂੰ ਸਲਾਮ, ਜਿਸ ਦੀ ਜ਼ਰੂਰਤ ਹੁਣ ਪਹਿਲਾਂ ਤੋਂ ਕਿਤੇ ਜ਼ਿਆਦਾ ਬਣ ਚੁੱਕੀ ਹੈ।” ਬੀਤੇ ਚੌਦਾਂ ਵਰ੍ਹਿਆਂ ਦੌਰਾਨ ਗੁਜਰਾਤ ਵਿਚ ਜੋ ਕੁਝ ਵੀ ਹੋਇਆ ਹੈ, ਉਸ ਦਾ ਸੱਚ ਇਕਤਰਫ਼ਾ ਨਹੀਂ ਹੈ। ਜੋ ਕੁਝ ਵੀ ਸਾਹਮਣੇ ਆ ਸਕਿਆ ਹੈ, ਉਹ ਸੱਚ ਦਾ ਨਿੱਕਾ ਜਿਹਾ ਅੰਸ਼ ਹੈ। ਇਸ ਸਿਲਸਿਲੇ ਵਿਚ ਰਾਣਾ ਅਯੂਬ ਦੇ ਸਟਿੰਗ ਅਤੇ ਉਸ ਉਪਰ ਆਧਾਰਤ ਉਸ ਦੀ ਖ਼ੁਦ ਹੀ ਛਪਵਾਈ ਇਹ ਕਿਤਾਬ ਅੰਤਮ ਸੱਚ ਕਰ ਕੇ ਨਹੀਂ, ਬਲਕਿ ਸੱਚ ਨੂੰ ਸਾਹਮਣੇ ਲਿਆਉਣ ਦੀ ਅਣਥੱਕ ਇਨਸਾਨੀ ਦਲੇਰੀ ਅਤੇ ਸ਼ਿੱਦਤ ਦੇ ਲਈ ਪੜ੍ਹੀ ਜਾਣੀ ਚਾਹੀਦੀ ਹੈ। ਅੱਜ ਦੇ ਦੌਰ ਵਿਚ ਅਜਿਹੀ ਦਲੇਰੀ ਦੁਰਲੱਭ ਹੈ। ਜਿਉਂਦੇ ਪ੍ਰਾਣੀ ਸਦਾ ਦਲੇਰੀ ਦੇ ਕਾਇਲ ਰਹੇ ਹਨ। ਜੋ ਸੱਤਾ ਦੇ ਖ਼ਿਲਾਫ਼ ਦਲੇਰੀ ਕਰਦਾ ਹੈ, ਉਹੀ ਤਾਕਤਵਰ ਹੁੰਦਾ ਹੈ ਅਤੇ ਸੱਤਾ ਦੇ ਸਾਹਮਣੇ ਪਾਵਰ ਸੈਂਟਰ ਰਚਦਾ ਹੈ। ਉਸ ਤੋਂ ਬਾਅਦ ਸਾਰਾ ਮਾਮਲਾ ਦੋ ਸੱਤਾ ਕੇਂਦਰਾਂ ਦਰਮਿਆਨ ਮਹਿਦੂਦ ਹੁੰਦਾ ਜਾਂਦਾ ਹੈ ਅਤੇ ਸੱਚ ਪਾਵਰ-ਡਿਸਕੋਰਸ, ਭਾਵ ਸੱਤਾ-ਪ੍ਰਵਚਨ ਵਿਚ ਤਬਦੀਲ ਹੋ ਜਾਂਦਾ ਹੈ। ਚੌਦਾਂ ਸਾਲ ਪਹਿਲਾਂ ਗੁਜਰਾਤ ਦਾ ਜੋ ਸੱਚ ਸੜਕਾਂ ਉਪਰ ਖਿਲਰਿਆ ਹੋਇਆ ਸੀ, ਉਹ ਨਿਆਂ ਦੀ ਛਾਨਣੀ ਵਿਚੋਂ ਦੀ ਹੁੰਦਾ ਹੋਇਆ ਦੋ ਸਾਲ ਪਹਿਲਾਂ ਅਚਾਨਕ ਸੱਤਾ- ਪ੍ਰਵਚਨ ਵਿਚ ਤਬਦੀਲ ਹੋ ਚੁੱਕਾ ਹੈ। ਅਜਿਹਾ ਪ੍ਰਵਚਨ ਮੋਦੀ ਬਨਾਮ ਕਨ੍ਹੱਈਆ ਜਾਂ ਅਮਿਤ ਸ਼ਾਹ ਬਨਾਮ ਰਾਣਾ ਵਰਗੀਆਂ ਕੈਟੇਗਰੀ ਹੀ ਪੈਦਾ ਕਰ ਸਕਦਾ ਹੈ। ਇਹ ਕਹਿ ਸਕਣਾ ਮੁਸ਼ਕਲ ਹੈ ਕਿ ਦੋ ਧਰੁਵਾਂ ਦਰਮਿਆਨ ਆਮ ਲੋਕ ਕਿਤੇ ਆਉਂਦੇ ਵੀ ਹਨ ਜਾਂ ਨਹੀਂ।
ਰਾਣਾ ਦਾ ਇਹ ਕਹਿਣਾ ਬਹੁਤ ਮਾਅਨੇ ਰੱਖਦਾ ਹੈ ਕਿ ਕਾਂਗਰਸ ਹੁਣ ਉਸ ਦੇ ਮੋਢੇ ਉਪਰ ਰੱਖ ਕੇ ਬੰਦੂਕ ਚਲਾਉਣ ਦੀ ਤਾਕ ਵਿਚ ਹੈ। ਕੌਣ ਕਿਸ ਦੇ ਮੋਢੇ ਉਪਰ ਬੰਦੂਕ ਰੱਖ ਕੇ ਚਲਾ ਰਿਹਾ ਹੈ, ਇਸ ਦਾ ਗੁਜਰਾਤ ਵਿਚ ਮਾਰੇ ਅਤੇ ਉਜਾੜੇ ਗਏ ਲੋਕਾਂ ਨਾਲ ਕੀ ਭੋਰਾ ਵੀ ਲੈਣਾ-ਦੇਣਾ ਹੈ। ਜਿਸ ਦੇ ਹੱਥ ਵਿਚ ਬੰਦੂਕ ਨਹੀਂ ਹੈ ਅਤੇ ਜਿਸ ਦੇ ਅੱਗੇ ਕੋਈ ਮੋਢਾ ਵੀ ਨਹੀਂ ਹੈ, ਚਾਹੇ ਉਹ ਆਮ ਲੋਕ ਹੋਣ ਜਾਂ ਰਾਣਾ ਦਾ ਵਿਰੋਧੀ ਸਮੁੱਚਾ ਪੱਤਰਕਾਰ ਭਾਈਚਾਰਾ, ਕੀ ਉਨ੍ਹਾਂ ਦੀ ਇਸ ਬਿਰਤਾਂਤ ਵਿਚ ਕੋਈ ਪ੍ਰਸੰਗਿਕਤਾ ਹੈ? ਇਨ੍ਹਾਂ ਸਵਾਲਾਂ ਦਰਮਿਆਨ ਚੰਗੀ ਗੱਲ ਬਸ ਇਹ ਹੈ ਕਿ ਰਾਣਾ ਨੂੰ ਆਪਣੇ ‘ਵਿਸ਼ੇਸ਼ ਅਧਿਕਾਰਾਂ ਵਾਲੇ ਰੁਤਬੇ’ ਦਾ ਜ਼ਰੂਰੀ ਅਹਿਸਾਸ ਹੈ। ਇਹ ਉਸ ਦੀ ਹਲੀਮੀ ਹੈ ਕਿ ਉਹ ਮੁਲਕ ਦੀਆਂ ਨੁਕਰਾਂ ਵਿਚ ਮਾਰੇ ਜਾ ਰਹੇ ਅਤੇ ਮਹਾਂਨਗਰਾਂ ਵਿਚ ਈ.ਐਮ.ਆਈ. (ਮਾਸਿਕ ਕਿਸ਼ਤਾਂ) ਦੇ ਬੋਝ ਹੇਠ ਪਿਸ ਰਹੇ ਪੱਤਰਕਾਰਾਂ ਬਾਬਤ ਘੱਟੋ-ਘੱਟ ਦਲੇਰ ਵਾਕ ਜ਼ਰੂਰ ਕਹਿੰਦੀ ਹੈ। ਕੂੜ ਦੇ ਖ਼ਿਲਾਫ਼ ਜੰਗ ਵਿਚ ਦਲੇਰੀ ਵਾਲੀ ਇਹ ਹਲੀਮੀ ਬਚੀ ਰਹੇ, ਤਾਂ ਬਿਹਤਰ ਹੈ।
(ਅਭਿਸ਼ੇਕ ਸ੍ਰੀਵਾਸਤਵ ਦੇ ਆਰਟੀਕਲ ਉਤੇ ਆਧਾਰਤ)
Comments (0)