ਘੁਬਾਇਆ ਪਰਿਵਾਰ ਦਾ ਚੌਲ ਘੁਟਾਲਾ, ਦੇਣਦਾਰੀ 8 ਕਰੋੜ ਤੋਂ ਵਧ ਕੇ 15 ਕਰੋੜ ਹੋਈ
ਫਿਰੋਜ਼ਪੁਰ/ਬਿਊਰੋ ਨਿਊਜ਼ :
ਪੰਜ ਸਾਲ ਪਹਿਲਾਂ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਸ਼ੈੱਲਰ ਵਿੱਚ ਹੋਇਆ ਚੌਲ ਘੁਟਾਲਾ ਅਜੇ ਤੱਕ ਪਰਿਵਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। 8 ਕਰੋੜ ਦੀ ਦੇਣਦਾਰੀ ਵਧ ਕੇ 15 ਕਰੋੜ ਤੱਕ ਪਹੁੰਚ ਗਈ ਹੈ। ਪਨਸਪ ਦੇ ਅਧਿਕਾਰੀ ਇਸ ਦੀ ਵਸੂਲੀ ਲਈ ਹਰ ਹੀਲਾ ਵਰਤ ਚੁੱਕੇ ਹਨ, ਪਰ ਵਸੂਲੀ ਨਹੀਂ ਕਰ ਸਕੇ। ਰਕਮ ਇੰਨੀ ਬਣ ਗਈ ਹੈ ਕਿ ਸ਼ੈੱਲਰ ਦੀ ਜਾਇਦਾਦ ਕੁਰਕ ਕਰਕੇ ਵੀ ਮਹਿਕਮੇ ਦੀ ਵਸੂਲੀ ਪੂਰੀ ਨਹੀਂ ਹੁੰਦੀ। ਥੱਕ ਹਾਰ ਕੇ ਮਹਿਕਮੇ ਨੇ ਹੁਣ ਸਥਾਨਕ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਹੈ।
ਜਲਾਲਾਬਾਦ ਦੇ ਟਿਵਾਣਾ ਰੋਡ ‘ਤੇ ਸਥਿਤ ਰਾਈਸ ਮਿੱਲ (ਐਸਆਰ ਇੰਡਸਟਰੀਜ਼) ਵਿੱਚ ਪਨਸਪ ਵਿਭਾਗ ਨੇ ਸਾਲ 201112 ਵਿੱਚ ਕਸਟਮ ਮਿਲਿੰਗ ਲਈ 174465 ਕੱਟੇ ਪੈਡੀ ਜਾਰੀ ਕੀਤੀ ਸੀ। ਰਾਈਸ ਮਿੱਲ ਵੱਲੋਂ 40912.04 ਕੁਇੰਟਲ ਚੌਲ ਦਾ ਭੁਗਤਾਨ ਜੂਨ 2012 ਤੱਕ ਕੀਤਾ ਜਾਣਾ ਸੀ। ਇਸ ਦਰਮਿਆਨ ਰਾਈਸ ਮਿੱਲ ਨੇ 4048.83 ਕੁਇੰਟਲ ਚੌਲ ਪਨਸਪ ਦੇ ਖਾਤੇ ਵਿੱਚ ਐਫਸੀਆਈ ਨੂੰ ਭੁਗਤਾ ਦਿੱਤਾ, ਪਰ ਬਾਕੀ ਰਹਿੰਦੇ ਮਾਲ ਦਾ ਭੁਗਤਾਨ ਨਹੀਂ ਕੀਤਾ। ਜਲਾਲਾਬਾਦ ਪਨਸਪ ਦੇ ਕੇਂਦਰ ਇੰਚਾਰਜ ਗੁਰਦੀਪ ਸਿੰਘ ਅਤੇ ਜਰਨੈਲ ਸਿੰਘ ਨੇ ਜਦ 15 ਮਈ 2012 ਨੂੰ ਮਾਲ ਦੀ ਚੈਕਿੰਗ ਕੀਤੀ ਗਈ ਤਾਂ ਇਸ ਘੁਟਾਲੇ ਦਾ ਪਰਦਾਫਾਸ਼ ਹੋਇਆ।
ਚੈਕਿੰਗ ਦੌਰਾਨ 141745 ਗੱਟੇ ਪੈਡੀ ਦੀ ਘਾਟ ਪਾਈ ਗਈ। ਵਿਭਾਗ ਦੀ ਸੂਚਨਾ ਮਗਰੋਂ ਪੰਜਾਬ ਸਰਕਾਰ ਵੱਲੋਂ ਦੋ ਵਾਰ ਮਿਲਿੰਗ ਦਾ ਸਮਾਂ ਵਧਾਉਣ ਦੇ ਬਾਵਜੂਦ ਨਿਗਮ ਦੇ ਚੌਲ ਦਾ ਭੁਗਤਾਨ ਅੱਜ ਤੱਕ ਨਹੀਂ ਕੀਤਾ ਗਿਆ। ਚੌਲ ਦੀ ਕੀਮਤ ਫਰਵਰੀ 2013 ਵਿੱਚ 8 ਕਰੋੜ 88 ਲੱਖ 4450 ਰੁਪਏ ਦੱਸੀ ਗਈ ਸੀ।
ਸ਼ਿਕਾਇਤਾਂ ਦੇ ਬਾਵਜੂਦ ਪੁਲੀਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਪਨਸਪ ਨੇ 2013 ਵਿਚ ਇਹ ਕੇਸ ਮਹਿਕਮੇ ਦੇ ਆਰਬਿਟਰੇਟਰ (ਜੱਜ) ਕੋਲ ਭੇਜ ਦਿੱਤਾ ਗਿਆ। ਆਰਬਿਟਰੇਟਰ ਨੇ ਮਹਿਕਮੇ ਦੇ ਹੱਕ ਵਿਚ ਫ਼ੈਸਲਾ ਸੁਣਾ ਦਿੱਤਾ ਹੈ। ਫ਼ੈਸਲੇ ਮੁਤਾਬਕ ਰਿਕਵਰੀ ਦੀ ਰਕਮ 15 ਕਰੋੜ ਤੇ ਨੇੜੇ ਪਹੁੰਚ ਗਈ ਹੈ। ਸ਼ੈੱਲਰ ਵਾਲੀ ਜ਼ਮੀਨ ਦੀ ਕੀਮਤ ਕਰੀਬ 4 ਕਰੋੜ ਰੁਪਏ ਮੰਨੀ ਜਾ ਰਹੀ ਹੈ ਜਿਸ ਨੂੰ ਕੁਰਕ ਕਰਕੇ ਵੀ ਮਹਿਕਮੇ ਦੀ ਵਸੂਲੀ ਪੂਰੀ ਨਹੀਂ ਹੁੰਦੀ।
ਪਨਸਪ ਦੇ ਮੌਜੂਦਾ ਜ਼ਿਲ੍ਹਾ ਮੈਨੇਜਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੁਲੀਸ ਨੇ ਆਰਬਿਟਰੇਟਰ ਦੇ ਫ਼ੈਸਲੇ ਨੂੰ ਆਧਾਰ ਮੰਨ ਕੇ ਕੋਰਟ ਵਿੱਚ ਜਾਣ ਦੀ ਸਲਾਹ ਦਿੱਤੀ ਹੈ। ਮਹਿਕਮੇ ਵੱਲੋਂ ਸਥਾਨਕ ਅਦਾਲਤ ਵਿੱਚ ਕੇਸ ਲਾ ਦਿੱਤਾ ਗਿਆ ਹੈ।
ਦੂਜੇ ਪਾਸੇ ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਸੀ ਕਿ ਖ਼ੁਰਦ-ਬੁਰਦ ਹੋਏ ਮਾਲ ਨਾਲ ਉਨ੍ਹਾਂ ਦੀ ਪਤਨੀ ਦਾ ਕੋਈ ਸਬੰਧ ਨਹੀਂ ਹੈ ਕਿਉਂਕਿ ਉਸ ਨੇ ਸ਼ੈਲਰ ਵਿੱਚੋਂ ਆਪਣਾ ਹਿੱਸਾ ਕੱਢ ਲਿਆ ਸੀ।
ਬਾਗ਼ੀ ਸੁਰਾਂ ਸ਼ਾਂਤ ਕਰਨ ਲਈ ਘੁਬਾਇਆ ਦੇ ਮੁੰਡੇ ਨੂੰ ਟਿਕਟ ਦੀ ਪੇਸ਼ਕਸ਼
ਚੰਡੀਗੜ੍ਹ/ਬਿਊਰੋ ਨਿਊਜ਼ :
ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪਰਿਵਾਰ ਵਿਚ ਬਾਗ਼ੀ ਸੁਰਾਂ ਨੂੰ ਸ਼ਾਂਤ ਕਰਨ ਲਈ ਅਕਾਲੀ ਦਲ ਨੇ ਜੋੜ-ਤੋੜ ਦੀ ਸਿਆਸਤ ਤੇਜ਼ ਕਰ ਦਿੱਤੀ ਹੈ। ਸੰਸਦ ਮੈਂਬਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਪਾਰਟੀ ਪ੍ਰਤੀ ਵਫ਼ਾਦਾਰੀ ਜ਼ਾਹਰ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਸ੍ਰੀ ਘੁਬਾਇਆ ਨੂੰ ਪਲੋਸਣ ਲਈ ਉਸ ਦੇ ਪੁੱਤਰ ਨੂੰ ਮਲੋਟ ਤੋਂ ਟਿਕਟ ਦੀ ਪੇਸ਼ਕਸ਼ ਕੀਤੀ ਗਈ ਹੈ। ਸ੍ਰੀ ਬਾਦਲ ਨਾਲ ਮੁਲਾਕਾਤ ਤੋਂ ਬਾਅਦ ਘੁਬਾਇਆ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਕਾਲਜ ‘ਤੇ ਵਿਜੀਲੈਂਸ ਛਾਪੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪਾਰਟੀ ਹਾਈ ਕਮਾਂਡ ਨੂੰ ਕਿਹਾ ਕਿ ਪੁੱਤਰ ਨੂੰ ਜਲਾਲਾਬਾਦ, ਫਾਜ਼ਿਲਕਾ ਜਾਂ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਸੀਟ ਦਿੱਤੀ ਜਾਵੇ। ਸੂਤਰਾਂ ਨੇ ਕਿਹਾ ਕਿ ਅਕਾਲੀ ਦਲ ਫਿਰੋਜ਼ਪੁਰ ਸ਼ਹਿਰੀ ਹਲਕਾ ਭਾਜਪਾ ਨਾਲ ਬਦਲਣ ਬਾਰੇ ਗੰਭੀਰਤਾ ਨਾਲ ਵਿਚਾਰਾਂ ਕਰ ਰਹੀ ਹੈ ਕਿਉਂਕਿ ਫਾਜ਼ਿਲਕਾ ਹਲਕਾ ਭਾਜਪਾ ਕੋਲ ਹੈ। ਜਲਾਲਾਬਾਦ ਤੋਂ ਸੁਖਬੀਰ ਬਾਦਲ ਚੋਣ ਲੜ ਸਕਦੇ ਹਨ ਅਤੇ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਉਮੀਦਵਾਰ ਐਲਾਨਿਆ ਜਾ ਚੁੱਕਿਆ ਹੈ।
Comments (0)