ਓਹਾਇਓ ਮੇਲੇ ਦੌਰਾਨ ਚੰਡੋਲ ਟੁੱਟਣ ਕਾਰਨ ਇਕ ਦੀ ਮੌਤ, 7 ਜ਼ਖ਼ਮੀ

ਓਹਾਇਓ ਮੇਲੇ ਦੌਰਾਨ ਚੰਡੋਲ ਟੁੱਟਣ ਕਾਰਨ ਇਕ ਦੀ ਮੌਤ, 7 ਜ਼ਖ਼ਮੀ

ਕੰਪਨੀ ਨੇ ਦੁਨੀਆ ਭਰ ‘ਚ ਆਪਣੇ ਚੰਡੋਲ ਬੰਦ ਕੀਤੇ
ਸ਼ਿਕਾਗੋ/ਬਿਊਰੋ ਨਿਊਜ਼ :
‘ਓਹਾਇਓ ਸਟੇਟ ਫੇਅਰ’ ਦੌਰਾਨ ਚੰਡੋਲ ਟੁੱਟਣ ਕਾਰਨ ਵਾਪਰੇ ਹਾਦਸੇ ਵਿਚ ਇਕ ਦੀ ਮੌਤ ਹੋ ਗਈ ਅਤੇ 7 ਜਣੇ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਚੰਡੋਲ ਦੀ ਡਚ ਨਿਰਮਾਤਾ ਕੰਪਨੀ ਨੇ ਦੁਨੀਆ ਭਰ ਵਿਚ ਆਪਣੇ ਇਸ ਤਰ•ਾਂ ਦੇ ਸਾਰੇ ਝੂਲਿਆਂ ਦਾ ਸੰਚਾਲਨ ਬੰਦ ਕਰਨ ਦਾ ਹੁਕਮ ਦਿੱਤਾ ਹੈ। ਕੰਪਨੀ ਕੇ.ਐਮ.ਜੀ ਨੇ ਇਸ ਗੱਲ ਦੀ ਪੁਸ਼ਟੀ ਦੀ ਕਿ ਕੋਲੰਬਸ ਵਿਚ ਮੇਲੇ ਦੌਰਾਨ ਬੁੱਧਵਾਰ ਸ਼ਾਮ ਨੂੰ ਫਾਇਰ ਬਾਲ ਨਾਂ ਦਾ ਯਾਤਰੀਆਂ ਨਾਲ ਭਰਿਆ ਝੂਲਾ ਘੁੰਮਦੇ-ਘੁੰਮਦੇ ਆਪਣੀ ਸਹਾਇਕ ਸ਼ਾਖਾ ਨਾਲੋਂ ਟੁੱਟ ਕੇ ਡਿੱਗ ਗਿਆ। ਘਟਨਾ ਤੋਂ ਬਾਅਦ ਕੰਪਨੀ ਨੇ ਆਪਣੇ ਸਾਰੇ ਸੰਚਾਲਕਾਂ ਨੂੰ ਆਫਟਰਬਰਨਰ ਜਾਂ ਐਫ.ਆਰ.ਬੀ24 ਨਾਮਕ ਮਾਡਲ ਦੇ ਸਾਰੇ ਝੂਲਿਆਂ ਦੇ ਸੰਚਾਲਨ ਉੱਤੇ ਤੁਰੰਤ ਰੋਕ ਲਗਾਉਣ ਦੀ ਅਪੀਲ ਕੀਤੀ। ਕੰਪਨੀ ਨੇ ਬਿਆਨ ਦਿੱਤਾ ਕਿ ਅਸੀਂ ਫਿਲਹਾਲ ਹਾਦਸੇ ਦੇ ਬਾਰੇ ਵਿਚ ਜਾਣਕਾਰੀ ਇਕੱਠੀ ਕਰ ਰਹੇ ਹਾਂ ਅਤੇ ਹਾਦਸੇ ਦੇ ਕਾਰਨਾਂ ਅਤੇ ਹਾਲਾਤਾਂ ਦੀ ਜਾਂਚ ਕਰ ਰਹੇ ਹਾਂ। ਓਹੀਓ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿਚ 18 ਸਾਲ ਦੇ ਟੇਲਰ ਜੈਰੇਲ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਉਮਰ 14-42 ਸਾਲ ਦੇ ਵਿਚਕਾਰ ਹੈ। ਕੁਝ ਮਲਬੇ ਵਿਚ ਫਸੇ ਸਨ ਜਦੋਂ ਕਿ ਕੁਝ ਟੁੱਟੇ ਹੋਏ ਝੂਟੇ ਵਿਚ ਫਸੇ ਸਨ। ਓਹੀਓ ਦੇ ਗਵਰਨਰ ਜਾਨ ਕੈਸਿਚ ਨੇ ਮੇਲੇ ਵਾਲੀ ਥਾਂ ਉੱਤੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਹਾਦਸੇ ਬਾਰੇ ਕਲਪਨਾ ਕਰ ਸਕਦਾ ਹਾਂ। ਇਹ ਦੁਖਦਾਇਕ ਸੁਪਨੇ ਵਾਂਗ ਹੈ। ਮੈਂ ਇਸ ਦੇ ਕਾਰਨਾਂ ਬਾਰੇ ਕੋਈ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦਾ ਕਿਉਂਕਿ ਅਸੀਂ ਇਸ ਦੀ ਪੂਰੀ ਜਾਂਚ ਕਰਨੀ ਹੈ। ਵੇਕਸਨਰ ਮੈਡੀਕਲ ਸੈਂਟਰ ਅਨੁਸਾਰ 2 ਲੋਕਾਂ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ ਜਦੋਂ ਕਿ ਕਈ ਆਪਰੇਸ਼ਨਾਂ ਦੇ ਬਾਅਦ ਵੀ ਇਕ ਵਿਅਕਤੀ ਦੀ ਹਾਲਤ ਜ਼ਿਆਦਾ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਝੂਲੇ ਦੀ ਇਸ ਹਫਤੇ ਜਾਂਚ ਕੀਤੀ ਗਈ ਸੀ। ਓਹੀਓ ਸੂਬਾ ਪੁਲੀਸ ਦੇ ਮੁਖੀ ਪਾਲ ਪ੍ਰਾਇਡ ਨੇ ਲੋਕਾਂ ਨੂੰ ਜਾਂਚ ਵਿਚ ਸਹਿਯੋਗ ਦੀ ਅਪੀਲ ਕੀਤੀ ਹੈ।