ਪੈਲਾਟਾਈਨ ਗੁਰਦੁਆਰਾ ਸਾਹਿਬ ‘ਚ 4 ਦਸੰਬਰ ਨੂੰ ਆਈ.ਸੀ.ਡੀ.ਆਈ. ਦਾ ਸਿਖਲਾਈ ਸੈਸ਼ਨ

ਪੈਲਾਟਾਈਨ ਗੁਰਦੁਆਰਾ ਸਾਹਿਬ ‘ਚ 4 ਦਸੰਬਰ ਨੂੰ ਆਈ.ਸੀ.ਡੀ.ਆਈ. ਦਾ ਸਿਖਲਾਈ ਸੈਸ਼ਨ

ਪੈਲਾਟਾਈਨ/ਬਿਊਰੋ ਨਿਊਜ਼ :
ਸਿੱਖ ਰਿਲੀਜੀਅਸ ਸੁਸਾਇਟੀ, ਪੈਲਾਟਾਈਨ ਇਲਿਨੋਇ ਨੇ ਗੁਰਦੁਆਰਾ ਸਾਹਿਬ ਵਿਖੇ ਇੰਟਰਫੇਥ ਕਮੇਟੀ ਫਾਰ ਡੀਟੇਨਡ ਇੰਮੀਗਰਾਂਟਸ (ਆਈ.ਸੀ.ਡੀ.ਆਈ.) ਦਾ ਸਵਾਗਤ ਕੀਤਾ ਸੀ ਅਤੇ ਉਨ੍ਹਾਂ ਨੂੰ ਬੂਥ ਬਣਾਉਣ ਲਈ ਗੈਲਰੀ ਦਿੱਤੀ ਸੀ। ਇਸ ਬੂਥ ਵਿਚ ਸੰਸਥਾ ਨੇ ਆਪਣੇ ਕਾਰਜਾਂ ਬਾਰੇ ਜਾਣਕਾਰੀ ਦਿੰਦੀ ਸਮੱਗਰੀ ਲਗਾਈ ਹੈ। ਸਿੱਖ ਰਿਲੀਜੀਅਸ ਸੁਸਾਇਟੀ ਇਨ੍ਹਾਂ ਦੇ ਕੰਮਾਂ ਵਿਚ ਮਦਦ ਲਈ ਆਪਣੇ ਵਲੰਟੀਅਰ ਵੀ ਭਰਤੀ ਕਰੇਗੀ। ਇਸੇ ਸਬੰਧ ਵਿਚ 4 ਦਸੰਬਰ ਨੂੰ ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਇਨ੍ਹਾਂ ਵਲੰਟੀਅਰਾਂ ਦਾ ਸਿਖਲਾਈ ਸੈਸ਼ਨ ਹੋਵੇਗਾ ਤਾਂ ਜੋ ਉਨ੍ਹਾਂ ਨੂੰ ਜੇਲ੍ਹਾਂ ਵਿਚ ਬੰਦ ਲੋਕਾਂ ਨੂੰ ਮਿਲਣ ਜਾਣ ਸਬੰਧੀ ਕਾਰਜਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਪ੍ਰੋਗਰਾਮ ਨੂੰ ਆਈ.ਸੀ.ਡੀ.ਆਈ. ਸਮੇਤ ਵੱਡੇ ਪੱਧਰ ‘ਤੇ ਇੰਮੀਗਰਾਂਟਸ ਅਧਿਕਾਰਾਂ ਦੀਆਂ ਸੰਸਥਾਵਾਂ ਸਪਾਂਸਰ ਕਰ ਰਹੀਆਂ ਹਨ। ਇਸ ਸਬੰਧੀ ਪਹਿਲੀ ਦਸੰਬਰ, ਵੀਰਵਾਰ ਨੂੰ ਦੁਪਹਿਰ 1 : 00 ਵਜੇ ਤੋਂ ਸ਼ਾਮ 5 : 00 ਵਜੇ ਤੱਕ Chicago Temple United Methodist Church, 77 W. Washington Blvd, Chicago IL ਵਿਖੇ ਵਿਜਿਲ ਹੋਵੇਗੀ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਤੋਂ ਸ਼ਿਕਾਗੋ ਅਤੇ ਇਸ ਦੇ ਆਲੇ-ਦੁਆਲੇ ਕੈਦਖ਼ਾਨਿਆਂ ਵਿਚ ਵੱਖਰੇ ਵੱਖਰੇ ਮੁਲਕਾਂ ਦੇ ਗੈਰ ਕਾਨੂੰਨੀ ਢੰਗ ਨਾਲ ਆਏ ਪਰਵਾਸੀ ਹਨ। ਭਾਰਤ ਤੋਂ ਵੀ ਕਈ ਨੌਜਵਾਨ ਅਤੇ ਬੱਚੇ ਇਨ੍ਹਾਂ ਜੇਲ੍ਹਾਂ ਵਿਚ ਹਨ ਤੇ ਕਈ ਸਿੱਖ ਨੌਜਵਾਨ ਵੀ ਇਨ੍ਹਾਂ ਵਿਚ ਸ਼ਾਮਲ ਹਨ। ਇਨ੍ਹਾਂ ਵਿਚੋਂ ਕਈ ਉਹ ਹਨ, ਜਿਨ੍ਹਾਂ ਨਾਲ ਭਾਰਤ ਵਿਚਲੇ ਏਜੰਟਾਂ ਨੇ ਧੋਖਾਧੜੀ ਕੀਤੀ ਹੈ ਤੇ ਕਈਆਂ ਨੇ ਸਿਆਸੀ ਸ਼ਰਨ ਲਈ ਸੀ।
ਪਿਛਲੇ ਦਿਨੀਂ 25 ਗੈਰ-ਸਿੱਖਾਂ ਦਾ ਵਲੰਟੀਅਰ ਜਥਾ, ਜਿਹੜਾ ਇਨ੍ਹਾਂ ਕੈਦੀਆਂ ਨਾਲ ਮੁਲਾਕਾਤ ਕਰਦਾ ਰਹਿੰਦਾ ਹੈ, ਨੂੰ ਗੁਰਦੁਆਰੇ ਲਿਆਂਦਾ ਗਿਆ ਤੇ ਜਿਥੇ ਉਨ੍ਹਾਂ ਦੀਆਂ ਵਿਦਿਅਕ ਕਲਾਸਾਂ ਲਾਈਆਂ ਗਈਆਂ। ਉਨ੍ਹਾਂ ਨੂੰ ਸਿੱਖਾਂ ਬਾਰੇ ਅਤੇ ਉਨ੍ਹਾਂ ਦੇ ਅਕੀਦੇ, ਵਿਰਸੇ, ਤਿਉਹਾਰਾਂ, ਜਸ਼ਨਾਂ ਤੇ ਛੁੱਟੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਨਾਲ ਸਿੱਖ ਕੈਦੀਆਂ ਨੂੰ ਬੋਲਣ ਵਿਚ ਵੀ ਕਾਫ਼ੀ ਮਦਦ ਮਿਲਦੀ ਹੈ, ਜੋ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਜਾਣਦੇ।