ਪੰਜਾਬ ‘ਚ ਆਟਾ-ਦਾਲ ਸਕੀਮ ‘ਚ 4 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼

ਪੰਜਾਬ ‘ਚ ਆਟਾ-ਦਾਲ ਸਕੀਮ ‘ਚ 4 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਕੀਤੀ ਆਪਣੀ ਤਰ੍ਹਾਂ ਦੀ ਪਹਿਲੀ ਜਾਂਚ ਵਿੱਚ ਆਟਾ-ਦਾਲ ਸਕੀਮ ਅਧੀਨ ਸਬਸਿਡੀ ਵਾਲੀ ਕਣਕ ਦੀ ਵੰਡ ਵਿੱਚ ਚਾਰ ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਕਮਿਸ਼ਨ ਨੇ ਪਾਇਆ ਕਿ ਸਿਰਫ਼ ਗਿਆਰਾਂ ਮਹੀਨਿਆਂ ਵਿੱਚ 18 ਹਜ਼ਾਰ ਕੁਇੰਟਲ ਕਣਕ ਦਾ ਘਪਲਾ ਹੋਇਆ। ਇਹ ਕਣਕ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਸ਼ਹਿਰ ਅਤੇ 61 ਪਿੰਡਾਂ ਦੇ ਛੋਟੇ ਜਿਹੇ ਇਲਾਕੇ ਲਈ ਸੀ। ਅਧਿਕਾਰੀਆਂ ਨੇ ਕਿਹਾ ਕਿ ਵਾਰ ਵਾਰ ਸ਼ਿਕਾਇਤਾਂ ਮਿਲਣ ਮਗਰੋਂ ਕਮਿਸ਼ਨ ਨੇ ਜੰਡਿਆਲਾ ਗੁਰੂ ਵਿੱਚ  ਦਸੰਬਰ 2014 ਤੋਂ ਸਤੰਬਰ 2015 ਵਿੱਚ ਕਣਕ ਦੀ ਵੰਡ ਦੇ ਆਡਿਟ ਲਈ ਪਿਛਲੇ ਸਾਲ ਦਸੰਬਰ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਤੇ ਅਧਿਕਾਰੀਆਂ ਦੀ 17 ਮੈਂਬਰੀ ਟੀਮ ਤਾਇਨਾਤ ਕੀਤੀ ਸੀ। ਜਾਂਚ ਰਿਪੋਰਟ ਵਿੱਚ ਕਿਹਾ ਗਿਆ ਕਿ ਜਿਹੜੇ ਲਾਭਪਾਤਰੀਆਂ ਦੇ ਨੀਲੇ ਕਾਰਡ ਆਧਾਰ ਨੰਬਰ ਨਾਲ ਜੁੜੇ ਹੋਏ ਨਹੀਂ ਸਨ, ਉਨ੍ਹਾਂ ਨੂੰ ਅਸਲ ਵਿੱਚ ਕਣਕ ਵੰਡੀ ਹੀ ਨਹੀਂ ਗਈ, ਜਦੋਂ ਕਿ ਵਿਕਰੀ ਰਜਿਸਟਰਾਂ ਵਿੱਚ ਅਜਿਹੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਦਰਸਾਈ ਗਈ ਸੀ।
ਸਕੂਲੀ ਕਾਪੀਆਂ ‘ਤੇ ਕਣਕ ਵੰਡੀ :
ਜਾਂਚ ਦੌਰਾਨ ਪਤਾ ਚੱਲਿਆ ਕਿ ਪਿੰਡ ਝੀਤਾ ਚੇਤ ਸਿੰਘ ਵਿੱਚ ਕਣਕ ਦੀ ਵੰਡ ਲਈ ਇੰਦਰਾਜ ਦਰਜ ਕਰਨ ਲਈ ਸਕੂਲੀ ਕਾਪੀਆਂ ਨੂੰ ਹੀ ਨੀਲੇ ਕਾਰਡਾਂ ਦੇ ਤੌਰ ਉਤੇ ਵਰਤਿਆ ਗਿਆ। ਲਾਭਪਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਰਾਸ਼ਨ ਕਾਰਡ ਪੁਰਾਣੇ ਡਿੱਪੂ ਹੋਲਡਰ ਕੋਲ ਸਨ, ਜਿਸ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ। ਇਸ ਮਗਰੋਂ ਕਾਰਡ ਲੱਭੇ ਨਹੀਂ। ਨਵੇਂ ਕਾਰਡ ਜਾਰੀ ਕਰਨ ਦੀ ਥਾਂ ਖੁਰਾਕ ਤੇ ਸਪਲਾਈ ਇੰਸਪੈਕਟਰ ਨੇ ਸਕੂਲੀ ਕਾਪੀ ਉਤੇ ਹੀ ਇੰਦਰਾਜ ਦਰਜ ਕਰਨੇ ਸ਼ੁਰੂ ਕਰ ਦਿੱਤੇ।