ਮਾਨ ਸਿੰਘ ਖ਼ਾਲਸਾ ‘ਤੇ ਨਸਲੀ ਹਮਲੇ ਦੇ ਦੋ ਦੋਸ਼ੀਆਂ ਨੂੰ 3-3 ਸਾਲ ਦੀ ਕੈਦ

ਮਾਨ ਸਿੰਘ ਖ਼ਾਲਸਾ ‘ਤੇ ਨਸਲੀ ਹਮਲੇ ਦੇ ਦੋ ਦੋਸ਼ੀਆਂ ਨੂੰ 3-3 ਸਾਲ ਦੀ ਕੈਦ

ਰਿਚਮੰਡ/ਬਿਊਰੋ ਨਿਊਜ਼ :
ਇਕ ਅਮਰੀਕੀ ਅਦਾਲਤ ਨੇ ਦੋ ਜਣਿਆਂ ਨੂੰ ਨਸਲੀ ਅਪਰਾਧ ਦੇ ਦੋਸ਼ ਹੇਠ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਕੈਲੇਫੋਰਨੀਆ ਵਿੱਚ ਪਿਛਲੇ ਸਾਲ ਇਕ ਸਿੱਖ-ਅਮਰੀਕੀ ਉਤੇ ਹਮਲਾ ਕੀਤਾ ਸੀ।
ਚੇਜ਼ ਲਿਟਲ ਅਤੇ ਕੋਲਟਨ ਲੇਬਲੈਂਕ ਨੂੰ ਨਸਲੀ ਅਪਰਾਧ ਅਤੇ ਗੰਭੀਰ ਹਮਲੇ ਦਾ ਦੋਸ਼ੀ ਪਾਇਆ ਗਿਆ। ਮਾਨ ਸਿੰਘ ਖ਼ਾਲਸਾ ਉਤੇ ਹਮਲੇ ਦੇ ਦੋਸ਼ ਹੇਠ ਦੋਵਾਂ ਨੂੰ ਕੈਲੇਫੋਰਨੀਆ ਦੀ ਜੇਲ੍ਹ ਵਿੱਚ ਤਿੰਨ ਸਾਲ ਦੀ ਸਜ਼ਾ ਭੁਗਤਣੀ ਪਵੇਗੀ। ਉਸ ਉਤੇ ਪਿਛਲੇ ਸਾਲ ਸਤੰਬਰ ਵਿੱਚ ਕੈਲੇਫੋਰਨੀਆ ਦੇ ਰਿਚਮੰਡ ਬੇਅ ਇਲਾਕੇ ਵਿੱਚ ਉਦੋਂ ਹਮਲਾ ਕੀਤਾ ਗਿਆ ਸੀ, ਜਦੋਂ ਉਹ ਇਕ ਚੌਰਾਹੇ ਉਤੇ ਰੁਕਿਆ ਹੋਇਆ ਸੀ ਤਾਂ ਹਮਲਾਵਰ ਆਪਣੇ ਟਰੱਕ ਵਿੱਚੋਂ ਬਾਹਰ ਆਏ ਅਤੇ ਉਸ ਦੇ ਚਿਹਰੇ ‘ਤੇ ਕਈ ਮੁੱਕੇ ਮਾਰੇ। ਇਸ ਮਗਰੋਂ ਖ਼ਾਲਸਾ ਦੀ ਦਸਤਾਰ ਉਤਾਰ ਦਿੱਤੀ ਗਈ ਅਤੇ ਇਕ ਚਾਕੂ ਨਾਲ ਉਸ ਦੇ ਕੇਸ ਕਤਲ ਕਰ ਦਿੱਤੇ ਗਏ।
ਅਦਾਲਤ ਵਿੱਚ ਆਪਣੇ ਬਿਆਨ ਦੌਰਾਨ ਹਮਲਾਵਰਾਂ ਨੂੰ ਪਛਾਣਨ ਵਾਲੇ ਸ੍ਰੀ ਖ਼ਾਲਸਾ ਨੇ ਕਿਹਾ ਕਿ ”ਇਹ ਹਮਲਾ ਨਸਲੀ ਸੀ ਕਿਉਂਕਿ ਇਸ ਨਾਲ ਮੇਰੇ ਸਨਮਾਨ ਅਤੇ ਮੇਰੇ ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ।” ‘ਦਿ ਸਿੱਖ ਕੁਲੀਸ਼ਨ’ ਨਾਂ ਦੀ ਜਥੇਬੰਦੀ ਵੱਲੋਂ ਜਾਰੀ ਬਿਆਨ ਮੁਤਾਬਕ ਉਸ ਨੇ ਕਿਹਾ, ”ਮੈਂ ਹਾਲੇ ਵੀ ਤੁਹਾਨੂੰ ਆਪਣੇ ਭਰਾ ਮੰਨਦਾ ਹਾਂ ਅਤੇ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਤੇ ਮੇਰੇ ਭਾਈਚਾਰੇ ਬਾਰੇ ਜਾਣੋਗੇ ਅਤੇ ਇਕ ਦਿਨ ਮੈਨੂੰ ਆਪਣਾ ਭਰਾ ਮੰਨੋਗੇ।”
ਕੋਂਟਰਾ ਕੋਸਟਾ ਕਾਉਂਟੀ ਦੇ ਉਪ ਜ਼ਿਲ੍ਹਾ ਅਟਾਰਨੀ ਸਿਮੋਨ ਓ ਕੋਨੇਲ ਨੇ ਕਿਹਾ, ”ਮਾਨ ਸਿੰਘ ਖ਼ਾਲਸਾ ਉਤੇ ਧਰਮ ਤੇ ਪਛਾਣ ਦੇ ਆਧਾਰ ਉਤੇ ਕੀਤਾ ਹਮਲਾ ਸਾਡੇ ਸਾਰਿਆਂ ਉਤੇ ਹਮਲਾ ਹੈ। ਇਕ ਭਾਈਚਾਰੇ ਵਜੋਂ ਸਾਨੂੰ ਹਾਲਾਤ ਨੂੰ ਜ਼ਰੂਰ ਬਿਹਤਰ ਕਰਨਾ ਪਵੇਗਾ ਅਤੇ ਮੈਨੂੰ ਉਮੀਦ ਹੈ ਕਿ ਇਸ ਸਜ਼ਾ ਤੋਂ ਬਾਅਦ ਅਸੀਂ ਇਸ ਦਿਸ਼ਾ ਵਿੱਚ ਹੋਰ ਅੱਗੇ ਵਧਾਂਗੇ।”