ਹਰਪ੍ਰੀਤ ਤੇਜ਼ਾਬ ਕਾਂਡ : ਦੋ ਮੁੱਖ ਦੋਸ਼ੀਆਂ ਨੂੰ 25-25 ਸਾਲ ਦੀ ਕੈਦ

ਹਰਪ੍ਰੀਤ ਤੇਜ਼ਾਬ ਕਾਂਡ  : ਦੋ ਮੁੱਖ ਦੋਸ਼ੀਆਂ ਨੂੰ 25-25 ਸਾਲ ਦੀ ਕੈਦ

ਬਾਕੀ ਚਾਰ ਦੋਸ਼ੀਆਂ ਨੂੰ ਉਮਰ ਕੈਦ
ਲੁਧਿਆਣਾ/ਬਿਊਰੋ ਨਿਊਜ਼ :
ਸਥਾਨਕ ਸਰਾਭਾ ਨਗਰ ਵਿਚ ਦਸੰਬਰ 2013 ਵਿਚ ਵਿਆਹ ਲਈ ਬਿਊਟੀ ਪਾਰਲਰ ‘ਤੇ ਤਿਆਰ ਹੋਣ ਆਈ ਲੜਕੀ ‘ਤੇ ਤੇਜਾਬ ਸੁੱਟ ਕੇ ਉਸ ਦੀ ਹੱਤਿਆ ਕਰਨ ਦੇ ਮਾਮਲੇ ਦਾ ਨਿਪਟਾਰਾ ਕਰਦਿਆਂ ਅਦਾਲਤ ਵੱਲੋਂ 6 ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਦੋ ਮੁੱਖ ਦੋਸ਼ੀਆਂ ਨੂੰ 25-25 ਸਾਲ ਦੀ ਕੈਦ ਕੱਟਣੀ ਹੋਵੇਗੀ। ਬਾਕੀ ਦੇ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕ ਦੋਸ਼ੀ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਗਿਆ ਹੈ। ਹਮਲੇ ਦੇ 20 ਦਿਨ ਬਾਅਦ ਹਰਪ੍ਰੀਤ ਦੀ ਮੌਤ ਹੋ ਗਈ ਸੀ। ਉਮਰ ਕੈਦ ਦੀ ਸਜ਼ਾ ਸੁਣਾਈ, ਜਦਕਿ ਦੋਸ਼ੀਆਂ ਨੂੰ ਸਜ਼ਾ ਦੇ ਨਾਲ 9 ਲੱਖ 60 ਹਜ਼ਾਰ ਰੁਪਏ ਜੁਰਮਾਨਾ ਵੀ ਅਦਾ ਕਰਨਾ ਹੋਵੇਗਾ। ਜਾਣਕਾਰੀ ਅਨੁਸਾਰ 7 ਦਸੰਬਰ 2013 ਨੂੰ ਸਰਾਭਾ ਨਗਰ ਮਾਰਕੀਟ ਵਿਚ ਲੈਕਮੇ ਬਿਊਟੀ ਪਾਰਲਰ ਵਿਚ ਕੁਝ ਨੌਜਵਾਨਾਂ ਨੇ ਵਿਆਹ ਵਾਲੇ ਦਿਨ ਤਿਆਰ ਹੋਣ ਆਈ ਲਾੜੀ ਹਰਪ੍ਰੀਤ ਕੌਰ ਵਾਸੀ ਬਰਨਾਲਾ ‘ਤੇ ਤੇਜਾਬ ਸੁੱਟ ਦਿੱਤਾ ਸੀ। ਇਸ ਘਟਨਾ ਵਿਚ ਹਰਪ੍ਰੀਤ ਕੌਰ ਗੰਭੀਰ ਜ਼ਖਮੀ ਹੋ ਗਈ ਸੀ। ਗੰਭੀਰ ਹਾਲਾਤ ਵਿਚ ਕੁਝ ਦਿਨ ਹਰਪ੍ਰੀਤ ਕੌਰ ਦਾ ਇਲਾਜ ਦਿਆਨੰਦ ਹਸਪਤਾਲ ਵਿਚ ਕੀਤਾ ਗਿਆ, ਪਰ ਬਾਅਦ ਵਿਚ ਹਰਪ੍ਰੀਤ ਕੌਰ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਗਿਆ, ਜਿਥੇ 22 ਦਿਨ ਬਾਅਦ ਉਹ ਦਮ ਤੋੜ ਗਈ।
ਪੁਲੀਸ ਅਨੁਸਾਰ ਹਰਪ੍ਰੀਤ ਕੌਰ ਦੀ ਮੰਗਣੀ ਕੋਲਕਾਤਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਲ ਹੋਈ ਸੀ, ਪਰ ਇਸ ਰਿਸ਼ਤੇ ਤੋਂ ਹਰਪ੍ਰੀਤ ਸਿੰਘ ਦੀ ਸਾਬਕਾ ਭਾਬੀ ਅੰਮ੍ਰਿਤਪਾਲ ਕੌਰ ਖੁਸ਼ ਨਹੀਂ ਸੀ। ਸਾਲ 2012 ਵਿਚ ਅੰਮ੍ਰਿਤਪਾਲ ਕੌਰ ਦਾ ਹਰਪ੍ਰੀਤ ਸਿੰਘ ਦੇ ਭਰਾ ਨਾਲ ਤਲਾਕ ਹੋ ਗਿਆ ਸੀ ਪਰ ਉਸ ਦੀ ਹਰਪ੍ਰੀਤ ਸਿੰਘ ਪਰਿਵਾਰ ਨਾਲ ਰੰਜਿਸ਼ ਸੀ। ਹਾਲਾਂਕਿ ਅੰਮ੍ਰਿਤਪਾਲ ਕੌਰ ਦਾ ਵਿਆਹ ਦੁਬਾਰਾ ਲੰਡਨ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਹੋ ਗਿਆ ਸੀ ਪਰ ਉਹ ਲੰਡਨ ਨਹੀਂ ਗਈ ਅਤੇ ਪਟਿਆਲਾ ਵਿਚ ਹੀ ਰਹਿਣ ਲੱਗ ਪਈ। ਇਸ ਦੌਰਾਨ ਉਸ ਦੇ ਸਬੰਧ ਪਟਿਆਲਾ ਦੇ ਰਹਿਣ ਵਾਲੇ ਪਰਵਿੰਦਰ ਸਿੰਘ ਨਾਲ ਹੋ ਗਏ। ਅੰਮ੍ਰਿਤਪਾਲ ਕੌਰ ਕਿਸੇ ਵੀ ਹਾਲਾਤ ਵਿਚ ਇਹ ਵਿਆਹ ਨਹੀਂ ਹੋਣ ਦੇਣਾ ਚਾਹੁੰਦੀ ਸੀ, ਜਿਸ ‘ਤੇ ਉਸ ਨੇ ਆਪਣੇ ਪ੍ਰੇਮੀ ਪਰਵਿੰਦਰ ਸਿੰਘ ਨਾਲ ਮਿਲ ਕੇ ਹਰਪ੍ਰੀਤ ਕੌਰ ‘ਤੇ ਤੇਜਾਬ ਸੁੱਟਣ ਦੀ ਯੋਜਨਾ ਬਣਾਈ ਸੀ ਤਾਂ ਜੋ ਉਸ ਦਾ ਵਿਆਹ ਹਰਪ੍ਰੀਤ ਸਿੰਘ ਨਾਲ ਨਾ ਹੋ ਸਕੇ। ਪੁਲੀਸ ਵੱਲੋਂ ਇਸ ਮਾਮਲੇ ਵਿਚ ਅੰਮ੍ਰਿਤਪਾਲ ਕੌਰ, ਪਰਵਿੰਦਰ ਸਿੰਘ, ਪਰਵਿੰਦਰ ਸਿੰਘ ਦੇ ਚਚੇਰੇ ਭਰਾ ਸੰਨੀਪ੍ਰੀਤ, ਜਸਪ੍ਰੀਤ ਵਾਸੀ ਅਮਲੋਹ, ਗੁਰਸੇਵਕ ਸਿੰਘ ਵਾਸੀ ਪਟਿਆਲਾ, ਰਕੇਸ਼ ਕੁਮਾਰ ਵਾਸੀ ਫਤਿਹਗੜ੍ਹ ਸਾਹਿਬ ਅਤੇ ਅਸ਼ਵਨੀ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਇਨ੍ਹਾਂ ਸਾਰਿਆਂ ਖਿਲਾਫ਼ ਕੇਸ ਦਰਜ ਕੀਤਾ ਸੀ। ਜੱਜ ਸ੍ਰੀ ਸੰਦੀਪ ਸਿੰਗਲਾ ਵੱਲੋਂ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਉਪਰੋਕਤ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਦਕਿ ਸੱਤਵੇਂ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਗਿਆ। ਅਦਾਲਤ ਵੱਲੋਂ 6 ਦੋਸ਼ੀਆਂ ਨੂੰ 9 ਲੱਖ 60 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ, ਜਿਨ੍ਹਾਂ ਵਿਚ 6 ਲੱਖ ਰੁਪਏ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਦੇਣ ਬਾਰੇ ਕਿਹਾ ਗਿਆ ਹੈ, ਜਦਕਿ ਬਿਊਟੀ ਪਾਰਲਰ ‘ਤੇ ਕੰਮ ਕਰਨ ਵਾਲੀਆਂ ਲੜਕੀਆਂ ਅਮਰਜੀਤ ਕੌਰ ਨੂੰ 1 ਲੱਖ ਰੁਪਏ, ਗੀਤਾ ਨੂੰ 50 ਹਜ਼ਾਰ ਰੁਪਏ ਦੇਣ ਦੇ ਹੁਕਮ ਦਿੱਤੇ ਗਏ ਹਨ। ਇਹ ਲੜਕੀਆਂ ਦੋਸ਼ੀਆਂ ਵੱਲੋਂ ਤੇਜ਼ਾਬ ਸੁੱਟੇ ਜਾਣ ਸਮੇਂ ਜ਼ਖ਼ਮੀ ਹੋ ਗਈਆਂ ਸਨ, ਕਿਉਂਕਿ ਘਟਨਾ ਸਮੇਂ ਹਰਪ੍ਰੀਤ ਕੌਰ ਦੇ ਨੇੜੇ ਹੀ ਖੜ੍ਹੀਆਂ ਸਨ ਤੇ ਉਸਨੂੰ ਤਿਆਰ ਕਰ ਰਹੀਆਂ ਸਨ। ਜੱਜ ਵੱਲੋਂ ਸੁਣਾਏ ਇਸ ਫ਼ੈਸਲੇ ਵਿਚ ਅੰਮ੍ਰਿਤਪਾਲ ਕੌਰ ਅਤੇ ਉਸ ਦੇ ਪ੍ਰੇਮੀ ਪਰਵਿੰਦਰ ਸਿੰਘ ਬਾਰੇ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ। ਜਿਸ ਤਹਿਤ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਦੇ ਰੂਪ ਵਿਚ 25 ਸਾਲ ਜੇਲ੍ਹ ਵਿਚ ਰਹਿਣਾ ਪਵੇਗਾ। ਇਸ ਮਾਮਲੇ ਵਿਚ ਮੁੰਬਈ ਦੇ ਡਾਕਟਰ ਦੀ ਗਵਾਹੀ ਅਦਾਲਤ ਵਿਚ ਦਰਜ ਕਰਵਾਉਣ ਲਈ ਪੁਲੀਸ ਨੂੰ ਜੱਦੋ-ਜਹਿਦ ਦਾ ਸਾਹਮਣਾ ਕਰਨਾ ਪਿਆ ਪਰ ਸੀ। ਆਈ. ਏ. ਇੰਚਾਰਜ ਇੰਸਪੈਕਟਰ ਹਰਪਾਲ ਸਿੰਘ ਦੇ ਯਤਨਾਂ ਸਦਕਾ ਵੀਡੀਓ ਕਾਨਫਰੰਸਿੰਗ ਰਾਹੀਂ ਹਰਪ੍ਰੀਤ ਕੌਰ ਦਾ ਇਲਾਜ ਕਰਨ ਵਾਲੇ ਡਾਕਟਰ ਦੀ ਗਵਾਹੀ ਹੋ ਸਕੀ, ਡਾਕਟਰ ਦੀ ਗਵਾਹੀ ਤੋਂ ਬਾਅਦ ਹੀ ਅਦਾਲਤ ਵੱਲੋਂ ਇਸ ਮਾਮਲੇ ਦੇ ਨਿਪਟਾਰੇ ਵਿਚ ਤੇਜ਼ੀ ਲਿਆਂਦੀ ਗਈ।