ਸੈਕਰਾਮੈਂਟੋ ‘ਚ ਕਰਵਾਏ ਇੰਟਰਨੈਸ਼ਨਲ ਕਬੱਡੀ ਕੱਪ ‘ਚ ਬੇ ਏਰੀਆ ਸਪੋਰਟਸ ਕਲੱਬ ਨੇ ਸੈਂਟਰਲ ਵੈਲੀ ਨੂੰ ਹਰਾ ਕੇ ਬਾਜ਼ੀ ਮਾਰੀ, ਅੰਡਰ 21 ਮੁਕਾਬਲੇ ‘ਚ ਸੈਕਰਾਮੈਂਟੋ ਜੇਤੂ

ਸੈਕਰਾਮੈਂਟੋ ‘ਚ ਕਰਵਾਏ ਇੰਟਰਨੈਸ਼ਨਲ ਕਬੱਡੀ ਕੱਪ ‘ਚ ਬੇ ਏਰੀਆ ਸਪੋਰਟਸ ਕਲੱਬ ਨੇ ਸੈਂਟਰਲ ਵੈਲੀ ਨੂੰ ਹਰਾ ਕੇ ਬਾਜ਼ੀ ਮਾਰੀ, ਅੰਡਰ 21 ਮੁਕਾਬਲੇ ‘ਚ ਸੈਕਰਾਮੈਂਟੋ ਜੇਤੂ

‘ਬੈਸਟ ਰੇਡਰ’ ਦਾ ਖਿਤਾਬ ਮੰਨਾ ਲਾਲ ਪੁਰੀਆ ਤੇ ‘ਬੈਸਟ ਜਾਫੀ’ ਦਾ ਖਿਤਾਬ ਸੰਦੀਪ ਨੰਗਲ ਅੰਸੀਆਂ ਨੂੰ ਦਿੱਤਾ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਵੱਲੋਂ ਕਰਵਾਏ ਗਏ ਇੰਟਰਨੈਸ਼ਨਲ ਕਬੱਡੀ ਕੱਪ ਵਿਚ ਐਤਕਾ ਜਿਥੇ ਸਾਨ੍ਹਾਂ ਦੇ ਭੇੜ ਦੇਖਣ ਨੂੰ ਮਿਲੇ ਉਥੇ ਕੀਤੇ ਗਏ ਸਚੁੱਜੇ ਪ੍ਰਬੰਧਾਂ ਕਰਕੇ ਵਿਸ਼ਵ ਵਿਚ ਕਰਵਾਏ ਜਾਂਦੇ ਕਬੱਡੀ ਕੱਪਾਂ ਵਿਚ ਇਹ ਇੰਟਰਨੈਸ਼ਨਲ ਕਬੱਡੀ ਕੱਪ ਆਪਣਾ ਨਾਂ ਸੁਕਰਵਾ ਗਿਆ।
ਸੈਕਰਾਮੈਂਟੋ ਵਿਚ ਕਰਵਾਏ ਇਸ ਇੰਟਰਨੈਸ਼ਨਲ ਕਬੱਡੀ ਕੱਪ ਵਿਚ ਵੱਖ ਵੱਖ ਖਿੱਤਿਆਂ ਚੋਂ ਚੋਟੀ ਦੀਆਂ ਕਬੱਡੀ ਟੀਮਾਂ ਨੇ ਸ਼ਮੂਲੀਅਤ ਕੀਤੀ ਅਤੇ ਮੁਕਾਬਲੇ ਬੜੇ ਦਿਲਚਸਪ ਰਹੇ। ਪਰ ਆਖਿਰ ‘ਚ ਬੇ ਏਰੀਆ ਸਪੋਰਟਸ ਕਲੱਬ ਦੀ ਟੀਮ ਬਾਜ਼ੀ ਮਾਰਦਿਆਂ ਸੈਂਟਰਲ ਵੈਲੀ ਸਪੋਰਟਸ ਕਲੱਬ ਮੋਡੈਸਟੋ ਨੂੰ ਹਰਾ ਕੇ ਪਹਿਲੇ ਸਥਾਨ ਉਤੇ ਰਹੀ । ਇਹ ਟਰਾਫ਼ੀ ਦੇ ਨਾਲ ਨਾਲ 14 ਹਜ਼ਾਰ ਡਾਲਰ ਦਾ ਨਗਦ ਇਨਾਮ ਜਿੱਤਣ ਦੀ ਹੱਕਦਾਰ ਬਣੀ।
ਦੂਜਾ ਇਨਾਮ 3 ਹਜ਼ਾਰ ਡਾਲਰ ਸੈਂਟਰਲ ਵੈਲੀ ਨੂੰ ਮਿਲਿਆ। ਤੀਜਾ ਇਨਾਮ 12 ਹਜ਼ਾਰ ਡਾਲਰ ਅਤੇ ਚੌਥਾ ਇਨਾਮ 11 ਹਜ਼ਾਰ ਡਾਲਰ ਦਾ ਦਿੱਤਾ ਗਿਆ।
ਮੁਕਾਬਲਿਆਂ ਦੇ ‘ਚ ਬੈਸਟ ਰੇਡਰ ਦਾ ਖਿਤਾਬ ਮੰਨਾ ਲਾਲ ਪੁਰੀਆ ਤੇ ਬੈਸਟ ਜਾਫੀ ਦਾ ਖਿਤਾਬ ਸੰਦੀਪ ਨੰਗਲ ਅੰਸੀਆਂ ਨੂੰ ਦਿੱਤਾ ਗਿਆ।
ਇਸ ਇੰਟਰਨੈਸ਼ਨਲ ਕਬੱਡੀ ਕੱਪ ਦੌਰਾਨ ਅੰਡਰ 21 ਨੌਜ਼ੁਆਨਾਂ ਦੀ ਕਬੱਡੀ ਲਈ ਪਹਿਲਾ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਨੇ ਯੂਬਾ ਸਿਟੀ ਸਪੋਰਟਸ ਕਲੱਬ ਨੂੰ ਹਰਾ ਕੇ ਹਾਸਲ ਕੀਤਾ। ਇਸ ਦੌਰਾਨ ਪਹਿਲਾਂ ਇਨਾਮ 21 ਸੌ ਡਾਲਰ ਦੂਜਾ ਇਨਾਮ 15 ਸੌ ਡਾਲਰ ਤੀਜਾ ਇਨਾਮ 1 ਹਜ਼ਾਰ ਡਾਲਰ ਤੇ ਚੌਥਾ ਇਨਾਮ ਵੀ ਇਕ ਹਜ਼ਾਰ ਡਾਲਰ ਦਾ ਦਿੱਤਾ ਗਿਆ। ਇਸ ਟੂਰਨਾਮੈਂਟ ਵਿਚ ਰਾਜ ਬਰਾੜ ਵੱਲੋਂ ਸਥਾਨਕ ਟੀਮ ਨੂੰ 51 ਸੌ ਡਾਲਰ ਦਾ ਇਨਾਮ ਦਿੱਤਾ ਗਿਆ। ਦਵਿੰਦਰ ਸਿੰਘ ਝਾਵਰ ਵੱਲੋਂ ਅੰਡਰ 21 ਟੀਮ ਨੂੰ ਇਨਾਮ ਦਿੱਤਾ ਗਿਆ। ਬਾਕੀ ਵੱਡੇ ਇਨਾਮਾਂ ਵਿਚ ਚੜ੍ਹਦਾ ਪੰਜਾਬ ਰੋਜਵਿਲ, ਹਰਜਿੰਦਰ ਬੋਲੀਨਾ, ਜਸਵੀਰ ਸੋਹਲ, ਪੰਮਾ ਅਟਵਾਲ, ਅੰਮ੍ਰਿਤਪਾਲ ਟਿਵਾਣਾ, ਬਲਜਿੰਦਰ ਕਲੇਰ, ਲਖਵੀਰ ਔਜਲਾ, ਅਵਤਾਰ ਅਟਵਾਲ, ਚਰਨ ਬਡਵਾਲ, ਸਰਦਾਮ ਕਲੋਟੀਆ, ਸਰਬਜੀਤ ਬੋਲੀਨਾ, ਅਮਰੀਕ ਸਿੰਘ ਅਟਵਾਲ, ਸੁਖਵਿੰਦਰ ਅਟਵਾਲ ਤੇ ਤੇਜਿੰਦਰ ਸਿੰਘ ਰਾਣਾ ਵੱਲੋਂ ਦਿੱਤੇ ਗਏ। ਇਨ੍ਹਾਂ ਮੈਚਾਂ ਨੂੰ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ਼ ਯੂ ਐਸ ਏ ਵੱਲੋਂ ਬਣਾਏ ਨਿਯਮਾਂ ਮੁਤਾਬਕ ਹੀ ਖਿਡਾਇਆ ਗਿਆ।
ਗੁਰਦੁਆਰਾ ਬਰਾਡਸ਼ਾਅ ਰੋਡ ਸਥਿਤ ਗੁਰਦੁਆਰਾ ਸਾਹਿਬ ਦੀਆਂ ਗਰਾਉਂਡਾ ਵਿਚ ਕਰਵਾਏ ਇਸ ਕਬੱਡੀ ਕੱਪ ਦੌਰਾਨ ਸਾਰਾ ਦਿਨ ਹਜ਼ਾਰਾਂ ਦੀ ਤਦਾਦ ਵਿਚ ਪਹੁੰਚੇ ਦਰਸ਼ਕਾਂ ਨੂੰ ਮੁਫ਼ਤ ਲੰਗਰ, ਚਾਹ ਤੇ ਪਾਣੀ ਮੁਹੱਈਆ ਕਰਵਾਇਆ ਗਿਆ। ਮੁੱਖ ਪ੍ਰਬੰਧਕਾਂ ‘ਚ ਧੀਰਾ ਨਿੱਝਰ, ਜੌਹਲ ਸਿੰਘ ਗਿੱਲ, ਹੈਪੀ ਬਰਿਆਨਾ, ਬਿੱਟੂ ਰੰਧਾਵਾ, ਹੈਰੀ ਸੰਘਾ, ਪਰਗਟ ਸਿੰਘ ਸੰਧੂ, ਗੁਰਮੀਤ ਵੜੈਚ, ਜੱਸੀ ਸੰਘਾ, ਨਰਿੰਦਰ ਥਾਂਦੀ, ਲਾਡੀ ਗਿੱਲ, ਮਨਜੀਤ ਨਿੱਝਰ, ਪੰਮਾ ਲਿੱਧੜ, ਗੋਲਡੀ ਲਾਲੀ, ਤਰਲੋਚਨ ਅਟਵਾਲ, ਬਲਜੀਤ ਬਾਸੀ, ਤੀਰਥ ਗਾਖਲ, ਸੁੱਖੀ ਵਿਰਕ, ਬਲਵੰਤ ਵਿਰਕ, ਬਿੱਟੂ ਰਾਏ ਤੇ ਤੇਜਿੰਦਰ ਮਾਨ ਵਲੋਂ ਸਾਰੀਆਂ  ਟੀਮਾਂ ਲਈ ਉਚੇਚੇ ਪ੍ਰਬੰਧ ਕੀਤੇ ਗਏ ਸਨ।
ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ਼ ਯੂ ਐਸ ਏ ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ ਵੱਲੋਂ ਇਨਾਮ ਤਕਸੀਮ ਕੀਤੇ ਗਏ.
ਇਸ ਮੌਕੇ ਸਟੇਜ ਤੋਂ ਪੰਜਾਬੀ ਸਟੇਜਾਂ ਦੀ ਮਲਿਕਾ ਵਜੋਂ ਜਾਣੀ ਜਾਂਦੀ ਬੀਬੀ ਆਸ਼ਾ ਸ਼ਰਮਾ ਵੱਲੋਂ ਸਾਰਾ ਦਿਨ ਬਹੁਤ ਹੀ ਭਾਵਪੂਰਤ ਢੰਗ, ਕਾਵਿਕ ਅੰਦਾਜ਼ ਅਤੇ ਠਰੰਮੇ ਨਾਲ ਕੁਮੈਂਟਰੀ ਕੀਤੀ ਗਈ . ਖੇਡ ਦੇ ਮੈਦਾਨ ‘ਚ ਮੱਖਣ ਅਲੀ, ਇਕਬਾਲ ਗਿੱਲ, ਕਾਲਾ ਨਸ਼ੀਨ, ਸੁਰਜੀਤ ਕਕਰਾਲੀ, ਰੰਡਿਆਲਾ ਵੱਲੋਂ ਖਿਡਾਰੀਆਂ ਲਈ ਟੋਟਕਿਆਂ ਨੂੰ ਵਰਤ ਕੇ ਮਾਹੌਲ ਨੂੰ ਰੌਚਕ ਬਣਾਈ ਰੱਖਿਆ।
ਇਸਤੋਂ ਇਲਾਵਾ ਸਿੱਖ ਅਤੇ ਅਮਰੀਕਨ ਭਾਈਚਾਰੇ ਦੀਆਂ ਉੱਘੀਆਂ ਸ਼ਖਸੀਅਤਾਂ ਪਾਲ ਸਹੋਤਾ, ਸੁਰਿੰਦਰ ਨਿੱਝਰ, ਅਮਰਜੀਤ ਨਿੱਝਰ, ਸ਼ੈਰਫ ਸਕਾਟ, ਵਾਇਸ ਮੇਅਰ ਐਲਕ ਗਰੋਵ, ਬਲਕਾਰ ਸਿੰਘ ਲਿੱਧੜ, ਟੈਕਸਾਸ, ਔਰੀਗਨ ਤੋਂ ਰਜਿੰਦਰ ਸਿੰਘ, ਤੇਜਿੰਦਰ ਪਾਲ ਸਿੰਘ ਬੱਬਲ ਸੋਨਾ ਅਟਵਾਲ, ਜਸਵੰਤ ਸਿੰਘ ਸਰਾਣਾ, ਪਿੰਦੀ ਸੰਧੂ, ਲਾਡਾ ਕਾਹਲੋਂ, ਅਜੈਬ ਸਿੰਘ ਕਲੇਰਾ ਇੰਡੀਆ, ਮਦਨ ਗੋਪਾਲ ਕੋਚ ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਹੋਰਨਾਂ ਨੇ ਵਿਸ਼ੇਸ਼ ਤੌਰ ਤੇ ਇਸ ਇੰਟਰਨੈਸ਼ਨਲ ਕਬੱਡੀ ਕੱਪ ਵਿਚ ਸ਼ਾਮਿਲ ਹੋਣ ਲਈ ਦੂਰ ਨੇੜਿਉਂ ਸ਼ਮੂਲੀਅਤ ਕੀਤੀ।