‘ਦਿ ਬਲੈਕ ਪ੍ਰਿੰਸ’ ਦੀ ਕਾਨਜ਼ ਫ਼ਿਲਮ ਫੈਸਟੀਵਲ ਮੌਕੇ ਵਿਸ਼ੇਸ਼ ਸਕਰੀਨਿੰਗ 20 ਮਈ ਨੂੰ

‘ਦਿ ਬਲੈਕ ਪ੍ਰਿੰਸ’ ਦੀ ਕਾਨਜ਼ ਫ਼ਿਲਮ ਫੈਸਟੀਵਲ ਮੌਕੇ ਵਿਸ਼ੇਸ਼ ਸਕਰੀਨਿੰਗ 20 ਮਈ ਨੂੰ

ਨਵੀਂ ਦਿੱਲੀ/ਬਿਊਰੋ ਨਿਊਜ਼ :
ਇਸ ਵਰ੍ਹੇ 70ਵੇਂ ਕਾਨਜ਼ ਫ਼ਿਲਮ ਉਤਸਵ ਦੌਰਾਨ ਭਾਵੇਂ ਕੋਈ ਵੀ ਭਾਰਤੀ ਫੀਚਰ ਫ਼ਿਲਮ ਨਹੀਂ ਦਿਖਾਈ ਜਾ ਰਹੀ ਪਰ ਕਈ ਕੌਮਾਂਤਰੀ ਐਵਾਰਡ ਜੇਤੂ ਫ਼ਿਲਮ ‘ਦਿ ਬਲੈਕ ਪ੍ਰਿੰਸ’ 20 ਮਈ ਵਿਸ਼ੇਸ਼ ਤੌਰ ‘ਤੇ ਦਿਖਾਈ ਜਾ ਰਹੀ ਹੈ। ਇਹ ਇਤਿਹਾਸਕ ਡਰਾਮਾ ਪੰਜਾਬ ਰਿਆਸਤ ਦੇ ਆਖ਼ਰੀ ਵਾਰਿਸ ਮਹਾਰਾਜਾ ਦਲੀਪ ਸਿੰਘ, ਜਿਨ੍ਹਾਂ ਨੂੰ ‘ਦੀ ਬਲੈਕ ਪ੍ਰਿੰਸ’ ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਅਸਲ ਜ਼ਿੰਦਗੀ ‘ਤੇ ਆਧਾਰਤ ਹੈ।
ਇਹ ਫ਼ਿਲਮ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਪਹਿਲੀ ਵਾਰ ਅਦਾਕਾਰੀ ਵਿਚ ਪੈਰ ਰੱਖਦਿਆਂ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਇਆ ਹੈ। ਭਾਰਤੀ ਪਵੇਲੀਅਨ ‘ਤੇ ਟਰੇਲਰ ਦਿਖਾਏ ਜਾਣ ਤੋਂ ਪਹਿਲਾਂ ਸਤਿੰਦਰ ਸਰਤਾਜ ਮੀਡੀਆ ਨੂੰ ਸੰਬੋਧਨ ਕਰਨਗੇ।
ਬਰਿਲਸਟਿਨ ਐਂਟਰਟੇਨਮੈਂਟ ਪਾਰਟਨਰਜ਼ ਵਲੋਂ ਨਿਰਮਤ ਇਸ ਫ਼ਿਲਮ ਦੇ ਡਾਇਰੈਕਟਰ ਕਵੀ ਰਾਜ਼ ਹਨ, ਜਿਨ੍ਹਾਂ ਨੇ ਪੂਰੀ ਲਗਨ ਤੇ ਮਿਹਨਤ ਨਾਲ ਇਸ ਵਿਚਲੇ ਭਾਵਨਾਤਮਕ ਰੂਪਾਂ ਨੂੰ ਛੋਹਿਆ ਹੈ। ਗਾਇਕ ਅਤੇ ਕਵੀ ਸਤਿੰਦਰ ਸਰਤਾਜ ਨੇ ਮਹਾਰਾਜ ਦਲੀਪ ਸਿੰਘ ਦਾ ਕਿਰਦਾਰ ਬਾਖ਼ੂਬੀ ਨਿਭਾਉਂਦਿਆਂ ਆਪਣੇ ਫ਼ਿਲਮੀ ਸਫ਼ਰ ਦੀ ਬਿਹਤਰੀਨ ਸ਼ੁਰੂਆਤ ਕੀਤੀ ਹੈ। ਇਸ ਵਿਚ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਦਾ ਰੋਲ ਬਾਲੀਵੁੱਡ ਦੀ ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਨਿਭਾਇਆ ਹੈ ਜਦਕਿ ਜੈਸਨ ਫਲੇਮਿੰਗ, ਅਮਾਂਡਾ ਰੂਟ, ਕੀਥ ਡਫੀ, ਡੈਵਿਡ ਐਸੈਕਸ, ਕੈਨੇਡੀਅਨ  ਅਦਾਕਾਰ ਰੂਪ ਮੈਗੋਨ ਤੇ ਸੋਫ਼ੀਆ ਸਟੀਵਨਜ਼ ਨੇ ਆਪਣੇ ਆਪਣੇ ਕਿਰਦਾਰ ਬਾਖ਼ੂਬੀ ਨਿਭਾਏ ਹਨ।
ਵਰਲਡ ਵਾਈਡ ਰਿਲੀਜ਼ ਤੋਂ ਪਹਿਲਾਂ ‘ਦੀ ਬਲੈਕ ਪ੍ਰਿੰਸ’ ਨੇ ‘ਬੈਸਟ ਡਰਾਮਾ ਫੀਚਰ (ਲਾਸ ਏਂਜਲਸ ਫ਼ਿਲਮ ਐਵਾਰਡਜ਼), ਸੈਪਸ਼ਲ ਜਿਊਰੀ ਰੈਮੀ ਐਵਾਰਡ (50 ਵਾਂ ਸਾਲਾਨਾ ਵਰਲਡ ਫੈਸਟ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਹਿਊਜ਼ਟਨ), ਸਤਿੰਦਰ ਸਰਤਾਜ ਲਈ ਬੈਸਟ ਮੇਲ ਡੈਬਿਊ ਐਵਾਰਡ (ਲੰਡਨ ਇੰਡੀਪੈਂਡੈਂਟ ਫ਼ਿਲਮ ਫੈਸਟੀਵਲ) ਸਮੇਤ ਕਈ ਐਵਾਰਡ ਜਿੱਤੇ ਹਨ। ਵੱਖ ਵੱਖ ਸ਼ਹਿਰਾਂ ਵਿਚ ਹੋਏ ਫ਼ਿਲਮ ਫੈਸਟੀਵਲਾਂ ਦੌਰਾਨ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਅਮਰੀਕਾ, ਲੰਡਨ ਤੇ ਭਾਰਤ ਤੋਂ ਇਲਾਵਾ ਜਰਮਨ, ਸਿੰਗਾਪੁਰ, ਕੀਨੀਆ ਤੇ ਯੂ.ਏ.ਈ. ਨੇ ‘ਦੀ ਬਲੈਕ ਪ੍ਰਿੰਸ’ ਵਿਚ ਦਿਲਚਸਪੀ ਦਿਖਾਈ ਹੈ।