ਤਪਾ ਮੰਡੀ ਦੇ ਠਾਕੁਰਦੁਆਰੇ ‘ਤੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ, 2 ਹਲਾਕ, 6 ਜ਼ਖ਼ਮੀ

ਤਪਾ ਮੰਡੀ ਦੇ ਠਾਕੁਰਦੁਆਰੇ ‘ਤੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ, 2 ਹਲਾਕ, 6 ਜ਼ਖ਼ਮੀ

ਕੈਪਸ਼ਨ-ਡੇਰੇ ਦੇ ਕਬਜ਼ੇ ਤੋਂ ਹੋਈ ਲੜਾਈ ਮਗਰੋਂ ਥਾਣੇ ਅੱਗੇ ਇਕੱਠੇ ਹੋਏ ਲੋਕ।
ਤਪਾ ਮੰਡੀ/ਬਿਊਰੋ ਨਿਊਜ਼ :
ਡੇਰਾ ਮਹੰਤ ਪਰਮਾਨੰਦ ਵਜੋਂ ਜਾਣੇ ਜਾਂਦੇ ਤਪਾ ਦੇ ਪਿੰਡ ਵਿਚਲੇ ਠਾਕੁਰਦੁਆਰੇ ਉਤੇ ਕਬਜ਼ੇ ਲਈ ਗੋਲੀ ਚੱਲਣ ਕਾਰਨ ਦੋ ਜਣੇ ਮਾਰੇ ਗਏ ਅਤੇ ਅੱਧੀ ਦਰਜਨ ਤੇ ਕਰੀਬ ਜ਼ਖ਼ਮੀ ਹੋ ਗਏ।
ਇਸ ਠਾਕੁਰਦੁਆਰੇ ਦੇ ਮਹੰਤ ਪਰਮਾਨੰਦ ਬ੍ਰਹਮਚਾਰੀ ਸਨ। ਉਨ੍ਹਾਂ ਆਪਣੇ ਭਾਣਜੇ ਹਰਦੇਵ ਦਾਸ ਨੂੰ ਸੇਵਾ-ਸੰਭਾਲ ਲਈ ਆਪਣੇ ਪਾਸ ਰੱਖਿਆ ਹੋਇਆ ਸੀ। ਮਹੰਤ ਪਰਮਾਨੰਦ ਦਾ ਕੋਈ ਹੋਰ ਸਕਾ ਭਰਾ ਵੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਆਪਣੇ ਭਾਣਜੇ ਦੇ ਮੁੰਡੇ ਗੋਪਾਲ ਦਾਸ ਨੂੰ ਆਪਣਾ ਗੱਦੀ ਨਸ਼ੀਨ ਥਾਪ ਦਿੱਤਾ ਸੀ। ਮਹੰਤ ਪਰਮਾਨੰਦ ਦੇ ਦੇਹਾਂਤ ਮਗਰੋਂ ਸ਼ਰੀਕੇ ਵਿਚੋਂ ਲਗਦੇ ਉਨ੍ਹਾਂ ਦੇ ਭਤੀਜੇ ਰਮੇਸ਼ਵਰ ਦਾਸ ਨੇ ਵੀ ਡੇਰੇ ‘ਤੇ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਾਲ 2007 ਵਿੱਚ ਰਮੇਸ਼ਵਰ ਦਾਸ ਆਪਣਾ ਸਿਆਸੀ ਪ੍ਰਭਾਵ ਵਰਤ ਕੇ ਡੇਰੇ ‘ਤੇ ਕਾਬਜ਼ ਹੋ ਗਿਆ। ਹੁਣ 30 ਮਾਰਚ 2017 ਨੂੰ ਸੀਜੇਐਮ ਬਰਨਾਲਾ ਦੀ ਅਦਾਲਤ ਵਿੱਚੋਂ ਗੋਪਾਲ ਦਾਸ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ।
ਇਸ ਫੈਸਲੇ ਦੇ ਮੱਦੇਨਜ਼ਰ ਮਹੰਤ ਗੋਪਾਲ ਦਾਸ ਦੇ ਭਰਾ ਲਕਸ਼ਮੀ ਨਾਰਾਇਣ ਦਾਸ ਆਪਣੇ ਕੁਝ ਸਮਰਥਕਾਂ ਨਾਲ ਡੇਰੇ ਦੇ ਮੰਦਰ ਵਿੱਚ ਆਰਤੀ ਕਰਨ ਗਏ ਤਾਂ ਮਹੰਤ ਰਮੇਸ਼ਵਰ ਦਾਸ ਦੇ ਭਤੀਜੇ ਭੁਵਨੇਸ਼ਵਰ ਦਾਸ ਅਤੇ ਉਸ ਦੇ ਚਚੇਰੇ ਭਰਾ ਹੇਮੰਤ ਦਾਸ ਉਰਫ਼ ਮਾਧੋ ਦਾਸ ਨੇ ਲਕਸ਼ਮੀ ਨਾਰਾਇਣ, ਗੁਲਾਬ ਦਾਸ ਅਤੇ ਰਾਮ ਦਿਆਲ ਉਤੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਲਕਸ਼ਮੀ ਨਾਰਾਇਣ ਅਤੇ ਗੁਲਾਬ ਦਾਸ ਦੀ ਮੌਕੇ ਉਤੇ ਮੌਤ ਹੋ ਗਈ ਅਤੇ ਰਾਮ ਦਿਆਲ ਗੰਭੀਰ ਜ਼ਖ਼ਮੀ ਹੋ ਗਿਆ। ਦੋਵੇਂ ਧਿਰਾਂ ਨੇ ਇਕ ਦੂਜੇ ‘ਤੇ ਇੱਟਾਂ ਰੋੜੇ ਵੀ ਵਰ੍ਹਾਏ। ਇਸ ਘਟਨਾ ਵਿੱਚ ਅੱਧੀ ਦਰਜਨ ਤੋਂ ਵੱਧ ਵਿਅਕਤੀ ਗੰਭੀਰ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚ ਰਘਵੀਰ ਦਾਸ, ਹੇਮੰਤ ਦਾਸ ਮਾਧੋ, ਮਹਿੰਗਾ ਰਾਮ, ਰਾਮ ਦਿਆਲ ਅਤੇ ਰਘੂਨੰਦਨ ਲਾਲ ਨੰਦੀ ਸ਼ਾਮਲ ਹਨ।
ਘਟਨਾ ਦਾ ਪਤਾ ਲੱਗਦੇ ਹੀ ਡੀਆਈਜੀ ਸੁਖਚੈਨ ਸਿੰਘ ਗਿੱਲ, ਜ਼ਿਲ੍ਹਾ ਪੁਲੀਸ ਮੁਖੀ ਬਲਤੇਜ ਸਿੰਘ ਰਾਠੌਰ ਸਮੇਤ ਹੋਰ ਅਧਿਕਾਰੀ ਮੌਕੇ ਉਤੇ ਪੁੱਜੇ। ਪੁਲੀਸ ਨੇ ਮਹੰਤ ਰਮੇਸ਼ਵਰ ਦਾਸ, ਰਘੂਨੰਦਨ ਲਾਲ, ਰਮੇਸ਼ ਕੁਮਾਰ, ਹੇਮੰਤ ਕੁਮਾਰ ਉਰਫ਼ ਮਾਧੋ, ਭੁਵਨੇਸ਼ਵਰ ਦਾਸ ਉਰਫ਼ ਸੁਦਾਮਾ, ਦਿਆਲ ਦਾਸ ਮਹੰਤ, ਵਰਿੰਦਰ ਕੁਮਾਰ ਅਤੇ ਕਪਿਲ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਧਿਰ ਨੇ ਮੌਜੂਦਾ ਥਾਣਾ ਮੁਖੀ ਸੰਜੀਵ ਸਿੰਗਲਾ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਦੱਸਦਿਆਂ ਕਾਰਵਾਈ ਦੀ ਮੰਗ ਕੀਤੀ। ਐਸਐਚਓ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਲਾਈਨ ਹਾਜ਼ਰ ਕਰ ਦਿੱਤਾ ਗਿਆ। ਡੇਰੇ ‘ਤੇ ਮਹੰਤ ਗੋਪਾਲ ਦਾਸ ਦਾ ਕਬਜ਼ਾ ਹੋ ਗਿਆ ਹੈ।