ਵੰਡ ਦੇ ਗੁੱਝੇ ਭੇਤ ਖੋਲ੍ਹੇਗੀ ਗੁਰਿੰਦਰ ਚੱਢਾ ਦੀ ਫ਼ਿਲਮ ‘ਪਾਰਟੀਸ਼ਨ 1947’

ਵੰਡ ਦੇ ਗੁੱਝੇ ਭੇਤ ਖੋਲ੍ਹੇਗੀ ਗੁਰਿੰਦਰ ਚੱਢਾ ਦੀ ਫ਼ਿਲਮ ‘ਪਾਰਟੀਸ਼ਨ 1947’

ਕੈਪਸ਼ਨ-ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀਆਂ ਨਿਰਦੇਸ਼ਕ ਗੁਰਿੰਦਰ ਚੱਢਾ ਤੇ ਅਦਾਕਾਰਾ ਹੁਮਾ ਕੁਰੈਸ਼ੀ (ਖੱਬੇ)।
ਅੰਮ੍ਰਿਤਸਰ/ਬਿਊਰੋ ਨਿਊਜ਼ :
ਆਜ਼ਾਦੀ ਦਿਹਾੜੇ ਮੌਕੇ 18 ਅਗਸਤ ਨੂੰ ਰਿਲੀਜ਼ ਹੋ ਰਹੀ ਫਿਲਮ ‘ਪਾਰਟੀਸ਼ਨ 1947’ ਦੇਸ਼ ਵੰਡ ਪਿਛਲੇ ਕਈ ਭੇਤਾਂ ਨੂੰ ਉਜਾਗਰ ਕਰੇਗੀ। ਇਹ ਖ਼ੁਲਾਸਾ ਫਿਲਮ ਦੀ ਨਿਰਮਾਤਾ ਤੇ ਨਿਰਦੇਸ਼ਕ ਗੁਰਿੰਦਰ ਚੱਢਾ  ਨੇ ਕੀਤਾ ਹੈ। ਉਹ ਇੱਥੇ ਹੁਮਾ ਕੁਰੈਸ਼ੀ ਸਮੇਤ ਫਿਲਮ ਦੇ ਕਲਾਕਾਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ।
ਦੇਸ਼ ਵੰਡ ਦੀ ਤ੍ਰਾਸਦੀ ਨੂੰ ਦਰਸਾਉਂਦੇ ਪਾਰਟੀਸ਼ਨ ਮਿਊਜ਼ੀਅਮ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਿੰਦਰ ਚੱਢਾ ਨੇ ਦੱਸਿਆ ਕਿ ਇਹ ਫਿਲਮ ਖ਼ੁਲਾਸਾ ਕਰੇਗੀ ਕਿ ਕਿਵੇਂ ਕੁਝ ਕੌਮਾਂਤਰੀ ਤਾਕਤਾਂ ਨੇ ਭਾਰਤ ਦੀ ਵੰਡ ਕਰਾਈ ਸੀ। ਗੁਰਿੰਦਰ ਚੱਢਾ ਨੇ ਕਿਹਾ ਕਿ ਉਨ੍ਹਾਂ ਦਾ ਆਪਣਾ ਪਰਿਵਾਰ ਵੀ ਵੰਡ ਦਾ ਸ਼ਿਕਾਰ ਬਣਿਆ ਸੀ, ਇਸੇ ਲਈ ਉਨ੍ਹਾਂ ਇਹ ਫ਼ਿਲਮ ਤਿਆਰ ਕੀਤੀ ਹੈ। ਉਨ੍ਹਾਂ ਦੀ ਦਾਦੀ ਜੇਹਲਮ ਦੇ ਇਲਾਕੇ ਨਾਲ ਸਬੰਧਤ ਸੀ। ਵੰਡ ਵੇਲੇ ਜਦੋਂ ਉਨ੍ਹਾਂ ਦਾ ਪਰਿਵਾਰ ਘਰ-ਬਾਰ ਛੱਡ ਕੇ ਭਾਰਤ ਆਇਆ ਤਾਂ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਉਹ ਆਪਣੇ ਬਜ਼ੁਰਗਾਂ ਦਾ ਘਰ ਲੱਭਣ ਪਾਕਿਸਤਾਨ ਦੇ ਉਸ ਇਲਾਕੇ ਵਿੱਚ ਗਈ ਸੀ ਪਰ ਕੁਝ ਪਤਾ ਨਹੀਂ ਲੱਗਿਆ।
ਉਦੋਂ ਹੀ ਮਨ ਵਿੱਚ ਵਲਵਲਾ ਪੈਦਾ ਹੋ ਗਿਆ ਕਿ ਇਸ ਵਿਸ਼ੇ ‘ਤੇ ਫਿਲਮ ਬਣਾਈ ਜਾਵੇ ਤਾਂ ਜੋ ਵੰਡ ਦਾ ਸੰਤਾਪ ਭੋਗਣ ਵਾਲੇ ਲੋਕਾਂ ਦੀ ਪੀੜ ਬਿਆਨ ਕੀਤੀ ਜਾ ਸਕੇ। ਫਿਲਮ ਵਿੱਚ ਹੁਮਾ ਕੁਰੈਸ਼ੀ ਇਕ ਮੁਸਲਿਮ ਕੁੜੀ ਆਲੀਆ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਹਿੰਦੂ ਲੜਕੇ ਜੀਤ (ਮਨੀਸ਼) ਨੂੰ ਪਿਆਰ ਕਰਦੀ ਹੈ। ਉਹ ਵਾਇਸਰਾਏ ਦੇ ਘਰ ਵਿੱਚ ਕੰਮ ਕਰਦੀ ਹੈ ਅਤੇ ਆਖ਼ਰੀ ਵਾਇਸਰਾਏ ਲਾਰਡ ਮਾਊਂਟਬੈਟਨ ਦੀ ਦੋਭਾਸ਼ੀਆ  ਹੈ। ਫਿਲਮ ਵਿੱਚ ਅੰਗਰੇਜ਼ਾਂ ਦੇ 300 ਸਾਲ ਦੇ ਰਾਜ ਦਾ ਅੰਤ ਦਿਖਾਇਆ ਗਿਆ ਹੈ, ਜਿਸ ਦੇ ਸਿੱਟੇ ਵਜੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੁੰਦੀ ਹੈ।