ਸਿੱਖੀ ਦੀ ਪਛਾਣ : ਨਿਊਯਾਰਕ ‘ਚ ਹਰ ਸਾਲ 19 ਅਕਤੂਬਰ ਨੂੰ ਵਾਰਿਸ ਆਹਲੂਵਾਲੀਆ ਦਿਵਸ ਹੋਵੇਗਾ

ਸਿੱਖੀ ਦੀ ਪਛਾਣ : ਨਿਊਯਾਰਕ ‘ਚ ਹਰ ਸਾਲ 19 ਅਕਤੂਬਰ ਨੂੰ ਵਾਰਿਸ ਆਹਲੂਵਾਲੀਆ ਦਿਵਸ ਹੋਵੇਗਾ

ਨਿਊਯਾਰਕ/ਬਿਊਰੋ ਨਿਊਜ਼ :
ਨਿਊਯਾਰਕ ਸਿਟੀ ਨੇ 19 ਅਕਤੂਬਰ 2016 ਨੂੰ ਵਾਰਿਸ ਆਹਲੂਵਾਲੀਆ ਦਿਵਸ ਐਲਾਨਿਆ ਹੈ। ਉੱਘੇ ਸਿੱਖ-ਅਮਰੀਕੀ ਅਦਾਕਾਰ ਅਤੇ ਡਿਜ਼ਾਈਨਰ ਵਾਰਿਸ ਆਹਲੂਵਾਲੀਆ ਵੱਲੋਂ ਸਿੱਖੀ ਦੀ ਸ਼ਨਾਖ਼ਤ ਲਈ ਕੀਤੇ ਜਾ ਰਹੇ ਪ੍ਰਚਾਰ-ਪ੍ਰਸਾਰ ਦੇ ਯਤਨਾਂ ਨੂੰ ਮਾਨਤਾ ਦਿੰਦਿਆਂ ਇਹ ਐਲਾਨ ਕੀਤਾ ਗਿਆ ਹੈ।
ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੀ ਬਲਾਸੀਓ ਨੇ ਆਪਣੀ ਸਰਕਾਰੀ ਰਿਹਾਇਸ਼ ਗਰੇਸੀ ਮੈਨਸ਼ਨ ਵਿਚ ਦੀਵਾਲੀ ਦਾ ਤਿਉਹਾਰ ਮਨਾਏ ਜਾਣ ਮੌਕੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਆਹਲੂਵਾਲੀਆ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ 19 ਅਕਤੂਬਰ ਨੂੰ ਵਾਰਿਸ ਆਹਲੂਵਾਲੀਆ ਦੇ ਰੂਪ ਵਿਚ ਮਨਾਇਆ ਜਾਵੇਗਾ। ਫ਼ੈਸ਼ਨ ਡਿਜ਼ਾਈਨਰ, ਲੇਖਕ, ਅਦਾਕਾਰ ਅਤੇ ਮਾਡਲ ਵਜੋਂ ਵਾਰਿਸ ਆਹਲੂਵਾਲੀਆ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਡੀ ਬਲਾਸੀਓ ਨੇ ਕਿਹਾ ਕਿ ਸਿੱਖ ਵਜੋਂ ਉਹ ਦਸਤਾਰ ਬੰਨ੍ਹ ਕੇ ਵਿਚਰਦੇ ਹਨ ਅਤੇ ਸ਼ਹਿਰ ਦੇ ਨਾਲ-ਨਾਲ ਦੇਸ਼ ਵਿਚ ਸਿੱਖੀ ਪ੍ਰਤੀ ਅਗਿਆਨਤਾ ਨੂੰ ਦੂਰ ਕਰਦੇ ਹਨ। ਉਹ ਆਪਣੇ ਧਰਮ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਹਿਣਸ਼ੀਲਤਾ ਦਾ ਸੁਨੇਹਾ ਵੀ ਦਿੰਦੇ ਹਨ। ਕਰੀਬ 300-400 ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਸਿੱਖਾਂ ਨੂੰ ਉਚੇਚੇ ਤੌਰ ‘ਤੇ ਵਧਾਈ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਭਾਈਚਾਰੇ ਜਾਂ ਵਿਅਕਤੀ ‘ਤੇ ਧਰਮ ਦੇ ਨਾਮ ਉਪਰ ਹਮਲਾ ਹੁੰਦਾ ਹੈ ਤਾਂ ਇਹ ਸਾਡੇ ਸਾਰਿਆਂ ‘ਤੇ ਹਮਲਾ ਮੰਨਿਆ ਜਾਏਗਾ। ਵਾਰਿਸ ਨੇ ਕਿਹਾ ਕਿ 9/11 ਦੇ ਹਮਲੇ ਬਾਅਦ ਉਹ ਭਾਰਤ ਤੋਂ ਇਥੇ ਪੁੱਜਾ ਸੀ ਅਤੇ ਆਉਂਦਿਆਂ ਹੀ ਉਸ ਨੂੰ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਪਰ ਹੁਣ ਮਾਣ ਮਿਲਣਾ ਬਹੁਤ ਵੱਡੀ ਗੱਲ ਹੈ।
ਯਾਦ ਰਹੇ ਕਿ ਵਾਰਿਸ ਅਮਰੀਕਾ ਦਾ ਪਹਿਲਾ ਡਿਜ਼ਾਈਨਰ ਤੇ ਕਲਾਕਾਰ ਹੈ। ਵਾਰਿਸ ਨੂੰ ਪਛਾਣ ਕੁਝ ਸਾਲ ਪਹਿਲਾਂ ਉਦੋਂ ਮਿਲੀ ਸੀ ਜਦੋਂ ਦੁਨੀਆ ਦੀ ਮੰਨੀ-ਪ੍ਰਮੰਨੀ ਕੰਪਨੀ ਗੈਪ ਨੇ ਉਸ ਨੂੰ ਆਪਣਾ ਮਾਡਲ ਲਿਆ ਸੀ।