ਰਾਮ ਨਾਥ ਕੋਵਿੰਦ ਬਣੇ ਮੁਲਕ ਦੇ 14ਵੇਂ ਰਾਸ਼ਟਰਪਤੀ

ਰਾਮ ਨਾਥ ਕੋਵਿੰਦ ਬਣੇ ਮੁਲਕ ਦੇ 14ਵੇਂ ਰਾਸ਼ਟਰਪਤੀ

ਕੈਪਸ਼ਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿਚ ਦੇਸ਼ ਦੇ 14ਵੇਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮੁਬਾਰਕਬਾਦ ਦਿੰਦੇ ਹੋਏ।
ਨਵੀਂ ਦਿੱਲੀ/ਬਿਊਰੋ ਨਿਊਜ਼ :
ਵਕੀਲ ਤੋਂ ਸਿਆਸਤਦਾਨ ਬਣੇ ਭਾਜਪਾ ਆਗੂ ਰਾਮ ਨਾਥ ਕੋਵਿੰਦ ਦੇਸ਼ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ। ਪਰ ਉਨ੍ਹਾਂ ਨੂੰ ਸਿਰਫ਼ 65.65% ਵੋਟ ਹੀ ਮਿਲੇ। ਇਹ 44 ਸਾਲ ਵਿਚ ਕਿਸੇ ਰਾਸ਼ਟਰਪਤੀ ਨੂੰ ਮਿਲਿਆ ਸਭ ਤੋਂ ਘੱਟ ਵੋਟ ਸ਼ੇਅਰ ਹੈ। ਇਸ ਤੋਂ ਪਹਿਲਾਂ 1974 ਵਿਚ ਕਾਂਗਰਸ ਦੇ ਫਖਰੂਦੀਨ ਅਲੀ ਅਹਿਮਦ ਨੂੰ 56.23% ਵੋਟ ਮਿਲੇ ਸਨ। ਹਾਕਮ ਐਨਡੀਏ ਦੇ ਉਮੀਦਵਾਰ ਸ੍ਰੀ ਕੋਵਿੰਦ (71) ਸਿੱਧੇ ਤੌਰ ‘ਤੇ ਭਾਜਪਾ ਨਾਲ ਸਬੰਧਤ ਪਹਿਲੇ ਰਾਸ਼ਟਰਪਤੀ ਤੇ ਦੇਸ਼ ਦਾ ਪ੍ਰਥਮ ਨਾਗਰਿਕ ਬਣਨ ਵਾਲੇ ਦੂਜੇ ਦਲਿਤ ਆਗੂ ਹਨ। ਉਨ੍ਹਾਂ ਵਿਰੋਧੀ ਧਿਰ ਦੀ ਉਮੀਦਵਾਰ ਤੇ ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਨੂੰ ਵੱਡੇ ਫ਼ਰਕ ਨਾਲ ਹਰਾਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਚੋਣ ਮੰਡਲ ਦੀ ਮਿਲੀ ‘ਵਿਆਪਕ’ ਹਮਾਇਤ ਉਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ, ”ਸ੍ਰੀ ਰਾਮ ਨਾਥ ਕੋਵਿੰਦ ਜੀ ਨੂੰ ਭਾਰਤ ਦਾ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ! ਫਲਦਾਈ ਤੇ ਪ੍ਰੇਰਣਾਦਾਈ ਕਾਰਜਕਾਲ ਲਈ ਸ਼ੁਭ ਕਾਮਨਾਵਾਂ।”
ਰਿਟਰਨਿੰਗ ਅਫ਼ਸਰ ਅਨੂਪ ਮਿਸ਼ਰਾ ਨੇ ਨਤੀਜੇ ਦਾ ਐਲਾਨ ਕਰਦਿਆਂ ਕਿਹਾ ਕਿ ਸ੍ਰੀ ਕੋਵਿੰਦ ਨੂੰ ਕੁੱਲ ਮਿਲਾ ਕੇ 2930 ਕਾਨੂੰਨਸਾਜ਼ਾਂ (ਸੰਸਦ ਮੈਂਬਰਾਂ ਤੇ ਵਿਧਾਇਕਾਂ) ਨੇ ਵੋਟਾਂ ਪਾਈਆਂ, ਜਿਨ੍ਹਾਂ ਦੀ ਕੀਮਤ 702044 ਬਣਦੀ ਹੈ। ਬੀਬੀ ਕੁਮਾਰ ਨੂੰ 367314 ਕੀਮਤ ਵਾਲੀਆਂ 1844 ਵੋਟਾਂ ਮਿਲੀਆਂ। ਉਂਜ ਸ੍ਰੀ ਕੋਵਿੰਦ ਦੀ ਜਿੱਤ ਦਾ ਫ਼ਰਕ ਭਾਜਪਾ ਦੇ ਦਾਅਵਿਆਂ ਤੱਕ ਨਹੀਂ ਪੁੱਜ ਸਕਿਆ, ਜਿਸ ਨੇ ਸ੍ਰੀ ਕੋਵਿੰਦ ਨੂੰ 70 ਫ਼ੀਸਦੀ ਵੋਟਾਂ ਪੈਣ ਦੀ ਪੇਸ਼ੀਨਗੋਈ ਕੀਤੀ ਸੀ।
ਆਪਣੀ ਜਿੱਤ ਦੇ ਐਲਾਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ, ”ਮੈਂ ਕਦੇ ਰਾਸ਼ਟਰਪਤੀ ਬਣਨ ਬਾਰੇ ਨਹੀਂ ਸੋਚਿਆ ਸੀ। ਮੇਰੀ ਜਿੱਤ ਉਨ੍ਹਾਂ ਲੋਕਾਂ ਲਈ ਸੁਨੇਹਾ ਹੈ ਜੋ ਆਪਣੇ ਫ਼ਰਜ਼ ਦਿਆਨਤਦਾਰੀ ਨਾਲ ਨਿਭਾਉਂਦੇ ਹਨ। ਰਾਸ਼ਟਰਪਤੀ ਵਜੋਂ ਮੇਰੀ ਚੋਣ ਭਾਰਤੀ ਲੋਕਤੰਤਰ ਦੀ ਮਹਾਨਤਾ ਦਾ ਸਬੂਤ ਹੈ।” ਉਨ੍ਹਾਂ ਕਿਹਾ, ”ਮੈਂ ਭਾਵੁਕ ਮਹਿਸੂਸ ਕਰ ਰਿਹਾ ਹਾਂ।”
ਰਾਸ਼ਟਰਪਤੀ ਬਣਨ ਵਾਲੇ ਸ੍ਰੀ ਕੋਵਿੰਦ ਪਹਿਲੇ ਭਾਜਪਾ ਮੈਂਬਰ ਹਨ। ਉਹ ਅਹੁਦੇ ਦੀ ਪੰਜ ਸਾਲਾ ਮਿਆਦ ਲਈ 25 ਜੁਲਾਈ ਨੂੰ ਸਹੁੰ ਚੁੱਕਣਗੇ। ਰਾਸ਼ਟਰਪਤੀ ਭਵਨ ਵਿੱਚ ਪੁੱਜਣ ਵਾਲੇ ਉਹ ਦੂਜੇ ਦਲਿਤ ਆਗੂ ਹਨ। ਸ੍ਰੀ ਕੇ.ਆਰ. ਨਰਾਇਣਨ ਪਹਿਲੇ ਦਲਿਤ ਰਾਸ਼ਟਰਪਤੀ ਸਨ।
ਚੋਣ ਦਾ ਐਲਾਨ ਹੁੰਦਿਆਂ ਹੀ ਸ੍ਰੀ ਕੋਵਿੰਦ ਦੇ ਜੱਦੀ ਪਿੰਡ ਕਲਿਆਣਪੁਰ, ਜ਼ਿਲ੍ਹਾ ਕਾਨਪੁਰ ਦੇਹਾਤ, ਯੂਪੀ ਵਿੱਚ ਮੇਲੇ ਵਰਗਾ ਮਾਹੌਲ ਬਣ ਗਿਆ ਦੇ ਲੋਕ ਆਤਿਸ਼ਬਾਜ਼ੀ ਚਲਾਉਂਦੇ ਹੋਏ ਖ਼ੁਸ਼ੀ ਵਿੱਚ ਝੂਮਣ ਲੱਗ ਪਏ। ਸ੍ਰੀ ਕੋਵਿੰਦ ਦੀ ਜਿੱਤ ਵਿੱਚ ਉਨ੍ਹਾਂ ਦੇ ਜੱਦੀ ਸੂਬੇ ਯੂਪੀ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਦਾ ਵੀ ਅਹਿਮ ਹਿੱਸਾ ਹੈ। ਉਂਜ ਯੂਪੀ ਦੀ ਜਿੱਤ ਤੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੇ ਹਾਕਮ ਐਨਡੀਏ ਦੀਆਂ ਵੋਟਾਂ ਬਹੁਮਤ ਤੋਂ ਘਟ ਰਹੀਆਂ ਸਨ। ਇਸ ਕਾਰਨ ਜਿੱਤ ਲਈ ਉਨ੍ਹਾਂ ਨੂੰ ਗ਼ੈਰ ਐਨਡੀਏ ਪਾਰਟੀਆਂ ਜਿਵੇਂ ਤਿਲੰਗਾਨਾ ਦੀ ਟੀਆਰਐਸ, ਤਾਮਿਲ ਨਾਡੂ ਦੀ ਅੰਨਾਡੀਐਮਕੇ ਦੇ ਧੜਿਆਂ ਤੇ ਡੀਐਮਕੇ, ਬਿਹਾਰ ਦੇ ਜਨਤਾ ਦਲ (ਯੂ) ਤੇ ਉੜੀਸਾ ਦੇ ਬੀਜੂ ਜਨਤਾ ਦਲ ਦਾ ਸਹਾਰਾ ਲੈਣਾ ਪਿਆ।
ਉਂਜ ਭਾਜਪਾ ਨੇ ਇਕ ਦਲਿਤ ਨੂੰ ਉਮੀਦਵਾਰ ਬਣਾ ਕੇ ਬੜੀ ਸਿਰੇ ਦੀ ਚਾਲ ਚੱਲੀ ਸੀ। ਇਸ ਨਾਲ ਪਾਰਟੀ ਨੇ ਨਾ ਸਿਰਫ਼ ਦਲਿਤ ਤੇ ਪਛੜੇ ਵਰਗਾਂ ਵਿੱਚ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਸਗੋਂ ਵੱਖ-ਵੱਖ ਪਾਰਟੀਆਂ ਲਈ ਵੀ ਵਿਰੋਧ ਵਿੱਚ ਖੜ੍ਹਾ ਹੋਣਾ ਮੁਸ਼ਕਲ ਬਣਾ ਦਿੱਤਾ। ਇਸੇ ਕਾਰਨ ਵਿਰੋਧੀ ਧਿਰ ਨੂੰ ਵੀ ਬੀਬੀ ਕੁਮਾਰ ਦੇ ਰੂਪ ਵਿੱਚ ਇਕ ਦਲਿਤ ਨੂੰ ਉਮੀਦਵਾਰ ਬਣਾਉਣਾ ਪਿਆ। ਬੀਬੀ ਕੁਮਾਰ ਨੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਵਿਧਾਨ ਦੀ ਪਾਲਣਾ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੇ ਸਿਰ ਹੈ। ਸ੍ਰੀ ਮੋਦੀ ਨੇ ਵੀ ਵਧੀਆ ਚੋਣ ਮੁਹਿੰਮ ਲਈ ਬੀਬੀ ਕੁਮਾਰ ਨੂੰ ਮੁਬਾਰਕਬਾਦ ਦਿੱਤੀ। ਸ੍ਰੀ ਕੋਵਿੰਦ ਨੂੰ ਵਧਾਈ ਦੇਣ ਵਾਲਿਆਂ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਤੇ ਵੱਖ-ਵੱਖ ਮੁੱਖ ਮੰਤਰੀ ਤੇ ਹੋਰ ਆਗੂ ਸ਼ਾਮਲ ਹਨ। ਬੀਬੀ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਨੇ ਸੰਵਿਧਾਨ ਅਤੇ ਜਮਹੂਰੀ ਰੀਤਾਂ ਦੇ ਰਾਖੇ ਵਜੋਂ ਅਹਿਮ ਜ਼ਿੰਮੇਵਰੀ ਨਿਭਾਉਣੀ ਹੁੰਦੀ ਹੈ।
ਕੋਵਿੰਦ ਨੂੰ ਕਰਾਸ ਵੋਟਿੰਗ ਦਾ ਲਾਭ
ਅਹਿਮਦਾਬਾਦ : ਰਾਸ਼ਟਰਪਤੀ ਚੋਣ ਲਈ ਇਥੇ ਪਈਆਂ ਵੋਟਾਂ ਵਿੱਚ ਵਿਰੋਧੀ ਕਾਂਗਰਸ ਦੇ ਅੱਠ ਵਿਧਾਇਕਾਂ ਨੇ ਐਨਡੀਏ ਦੇ ਜੇਤੂ ਰਹੇ ਉਮੀਦਵਾਰ ਰਾਮ ਨਾਥ ਕੋਵਿੰਦ ਨੂੰ ਵੋਟਾਂ ਪਾਈਆਂ। ਨਤੀਜਿਆਂ ਮੁਤਾਬਕ ਸ੍ਰੀ ਕੋਵਿੰਦ ਨੂੰ 132 ਵਿਧਾਇਕਾਂ ਨੇ ਵੋਟ ਪਾਈ ਤੇ ਯੂਪੀਏ ਉਮੀਦਵਾਰ ਮੀਰਾ ਕੁਮਾਰ ਨੂੰ 49 ਵੋਟਾਂ ਮਿਲੀਆਂ। ਵਿਧਾਨ ਸਭਾ ਦੇ ਕੁੱਲ 182 ਮੈਂਬਰਾਂ ਵਿਚੋਂ ਕਾਂਗਰਸ ਦੇ 57, ਭਾਜਪਾ ਦੇ 121, ਐਨਸੀਪੀ ਦੇ ਦੋ ਅਤੇ ਜੇਡੀ(ਯੂ) ਅਤੇ ਗੁਜਰਾਤ ਪਰਿਵਰਤਨ ਪਾਰਟੀ ਦਾ ਇਕ-ਇਕ ਵਿਧਾਇਕ ਹੈ।
ਸਭ ਵੱਧ ਹੁੰਗਾਰਾ ਯੂਪੀ ਵਿਚੋਂ  :
ਨਵੀਂ ਦਿੱਲੀ: ਰਾਸ਼ਟਰਪਤੀ ਲਈ ਭਾਜਪਾ ਉਮੀਦਵਾਰ ਰਾਮ ਨਾਥ ਕੋਵਿੰਦ ਨੂੰ ਸਭ ਤੋਂ ਵੱਧ ਵੋਟਾਂ ਉੱਤਰ ਪ੍ਰਦੇਸ਼ ਤੋਂ ਪਈਆਂ ਜਦਕਿ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਹੇਠਲੇ ਪੱਛਮੀ ਬੰਗਾਲ ਵਿਚ ਕਾਂਗਰਸ ਉਮੀਦਵਾਰ ਮੀਰਾ ਕੁਮਾਰ ਸਭ ਤੋਂ ਵੱਧ ਵੋਟਾਂ ਲੈਣ ‘ਚ ਕਾਮਯਾਬ ਰਹੀ। ਅੰਕੜਿਆਂ ਅਨੁਸਾਰ ਨਾਗਾਲੈਂਡ ਵਿਚ ਕੋਵਿੰਦ ਨੇ 56 ਵੋਟਾਂ ਹਾਸਲ ਕੀਤੀਆਂ ਜਦਕਿ ਮੀਰਾ ਕੁਮਾਰ ਨੂੰ ਸਿਰਫ਼ ਇੱਕ ਵੋਟ ਮਿਲੀ ਹੈ। ਯੂਪੀ ਵਿਚੋਂ ਸ੍ਰੀ ਕੋਵਿੰਦ ਨੂੰ 335 ਤੇ ਮੀਰਾ ਕੁਮਾਰ ਨੂੰ 65 ਵੋਟਾਂ ਮਿਲੀਆਂ। ਟੀਡੀਪੀ-ਭਾਜਪਾ ਦੀ ਸਾਂਝੀ ਅਗਵਾਈ ਵਾਲੇ ਆਂਧਰਾ ਪ੍ਰਦੇਸ਼ ਵਿਚੋਂ ਸਾਰੀਆਂ 171 ਵੋਟਾਂ ਸ੍ਰੀ ਕੋਵਿੰਦ ਦੇ ਨਾਂ ਰਹੀਆਂ। ਮਹਾਰਾਸ਼ਟਰ ਦੀਆਂ 285 ਵਿਚੋਂ 208 ਵੋਟਾਂ ਸ੍ਰੀ ਕੋਵਿੰਦ ਨੂੰ ਪਈਆਂ। ਬਿਹਾਰ ਤੋਂ ਸ੍ਰੀ ਕੋਵਿੰਦ ਨੂੰ 130 ਤੇ ਮੀਰਾ ਕੁਮਾਰ ਨੂੰ 109 ਵੋਟਾਂ ਮਿਲੀਆਂ। ਪੱਛਮੀ ਬੰਗਾਲ ‘ਚ ਮੀਰਾ ਨੂੰ 273 ਜਦਕਿ ਕੋਵਿੰਦ ਨੂੰ 11 ਅਤੇ ਕੇਰਲ ਵਿਚ 139 ਵਿਚੋਂ 138 ਵੋਟਾਂ ਮੀਰਾ ਕੁਮਾਰ ਨੂੰ ਮਿਲੀਆਂ।
ਬਾਦਲਾਂ ਨੇ ਦਿੱਤੀ ਵਧਾਈ :
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਮ ਨਾਥ ਕੋਵਿੰਦ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਚੁਣੇ ਜਾਣ ਉੱਤੇ ਵਧਾਈ ਦਿੱਤੀ ਹੈ। ਉਨ੍ਹਾਂ ਇੱਕ ਕਿਸਾਨ ਦੇ ਪੁੱਤਰ ਨੂੰ ਰਾਸ਼ਟਰਪਤੀ ਭਵਨ ਵਾਸਤੇ ਨਾਮਜ਼ਦ ਕਰਨ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਬਾਦਲਾਂ ਨੇ ਕਿਹਾ ਕਿ ਸ੍ਰੀ ਕੋਵਿੰਦ ਦੀ ਜਿੱਤ ਉਨ੍ਹਾਂ ਸਾਰੀਆਂ ਤਰਕਸੰਗਤ ਤਾਕਤਾਂ ਦੀ ਜਿੱਤ ਹੈ, ਜਿਹੜੀਆਂ ਦੇਸ਼ ਨੂੰ ਤਰੱਕੀ ਦੇ ਰਾਹਾਂ ਉੱਤੇ ਲੈ ਕੇ ਜਾਣਾ ਚਾਹੁੰਦੀਆਂ ਹਨ।