ਦਲ ਖ਼ਾਲਸਾ ਦੀ ਚਿਤਾਵਨੀ- 11 ਮਾਰਚ ਤੱਕ ਆਪਣੇ ਅਹੁਦੇ ਛੱਡਣ ਤਖ਼ਤਾਂ ਦੇ ਜਥੇਦਾਰ

ਦਲ ਖ਼ਾਲਸਾ ਦੀ ਚਿਤਾਵਨੀ- 11 ਮਾਰਚ ਤੱਕ ਆਪਣੇ ਅਹੁਦੇ ਛੱਡਣ ਤਖ਼ਤਾਂ ਦੇ ਜਥੇਦਾਰ

ਅੰਮ੍ਰਿਤਸਰ/ਬਿਊਰੋ ਨਿਊਜ਼ :
ਡੇਰਾ ਸਿਰਸਾ ਸਬੰਧੀ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਚੁੱਪ ਵੱਟਣ ਖ਼ਿਲਾਫ਼ ਦਲ ਖ਼ਾਲਸਾ ਨੇ ਆਖਿਆ ਕਿ ਇਨ੍ਹਾਂ ਜਥੇਦਾਰਾਂ ਨੂੰ 11 ਮਾਰਚ ਤੱਕ ਆਪਣੇ ਅਹੁਦੇ ਖ਼ੁਦ ਛੱਡ ਦੇਣੇ ਚਾਹੀਦੇ ਹਨ, ਨਹੀਂ ਤਾਂ ਇਨ੍ਹਾਂ ਨੂੰ ਸੰਗਤ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।
ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਦੇ ਉਸ ਬਿਆਨ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਡੇਰਾ ਸਿਰਸਾ ਖ਼ਿਲਾਫ਼ ਜਾਰੀ ਹੋਇਆ ਹੁਕਮਨਾਮਾ ਬਰਕਰਾਰ ਹੈ ਅਤੇ ਵੋਟਾਂ ਲੈਣ ਲਈ ਡੇਰੇ ਗਏ ਅਕਾਲੀ ਉਮੀਦਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਸਬੰਧੀ ਕਿਹਾ ਕਿ ਸਿੱਖ ਸੰਗਤ ਵੱਲੋਂ ਰੱਦ ਕੀਤੇ ਜਾ ਚੁੱਕੇ ਜਥੇਦਾਰਾਂ ਨੂੰ ਹੁਣ ਆਪਣੇ ਅਹੁਦੇ ਛੱਡ ਦੇਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਉਮੀਦਵਾਰਾਂ ਵੱਲੋਂ ਹੁਕਮਨਾਮੇ ਦੀ ਉਲੰਘਣਾ ਕਰਨ ਦੇ 72 ਘੰਟਿਆਂ ਤੱਕ ਜਥੇਦਾਰ ਚੁੱਪ ਰਹੇ ਅਤੇ ਜਿਵੇਂ ਹੀ ਵੋਟਾਂ ਪੈਣ ਦਾ ਸਮਾਂ ਖ਼ਤਮ ਹੋਇਆ, ਜਥੇਦਾਰਾਂ ਨੇ ਬਿਆਨ ਜਾਰੀ ਕਰ ਦਿੱਤਾ।
ਉਨ੍ਹਾਂ ਦੋਸ਼ ਲਾਇਆ ਕਿ ਦੋਸ਼ੀਆਂ ਖ਼ਿਲਾਫ਼ ਜਾਂਚ ਅਤੇ ਕਾਰਵਾਈ ਕਰਨ ਦੀ ਬਿਆਨਬਾਜ਼ੀ ਧੋਖੇ ਤੋਂ ਵੱਧ ਕੁਝ ਨਹੀਂ।  ਦਲ ਖ਼ਾਲਸਾ ਦੇ ਆਗੂ ਨੇ ਕਿਹਾ ਕਿ ਜਥੇਦਾਰ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀ ਸਰਕਾਰੀ ਸੁਰੱਖਿਆ ਕਾਰਨ ਹੀ ਸੰਗਤ ਦੇ ਰੋਹ ਤੋਂ ਬਚੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸੱਤਾ ਤੋਂ ਬਾਹਰ ਹੋਣ ‘ਤੇ, ਜੇ ਇਨ੍ਹਾਂ ਜਥੇਦਾਰਾਂ ਨੇ 11 ਮਾਰਚ ਤੱਕ ਖ਼ੁਦ ਅਹੁਦੇ ਨਹੀਂ ਛੱਡੇ ਤਾਂ ਇਨ੍ਹਾਂ ਨੂੰ ਸੰਗਤ ਦੇ ਰੋਹ ਅਤੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ। ਉਨ੍ਹਾਂ ਨੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਢਾਹ ਲਾਉਣ ਦਾ ‘ਦੋਸ਼ੀ’ ਆਖਿਆ। ਉਨ੍ਹਾਂ ਕਿਹਾ ਕਿ ਜਥੇਦਾਰ ਅਤੇ ਅਕਾਲੀ ਆਗੂ ਆਪਣੀ ਸਾਖ਼ ਗੁਆ ਚੁੱਕੇ ਹਨ।